Amritsar News: ਪਠਾਨਕੋਟ ਦੀ ਲੀਚੀ ਪਹਿਲੀ ਵਾਰ ਲੰਦਨ ਨਿਰਯਾਤ ਹੋਈ
Amritsar News: ਲੀਚੀ ਦੀ ਪੈਕਿੰਗ ਬਹੁਤ ਛੋਟੀ ਰੱਖੀ ਗਈ ਹੈ ਤਾਂ ਜੋ ਇਸ ਦੀ ਸੈਲਫ ਲਾਈਫ ਠੀਕ ਰਹੇ। ਅੱਜ ਪਹਿਲੀ ਖੇਪ ਵਿੱਚ ਡੇਢ ਕਿਲੋ ਦੀ ਪੈਕਿੰਗ ਲੰਦਨ ਭੇਜੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੱਧ ਤੋਂ ਵੱਧ ਲੀਚੀ ਦਾ ਮੰਡੀਕਰਨ ਵਿਦੇਸ਼ਾਂ ਦੀਆਂ ਮੰਡੀਆਂ ਵਿੱਚ ਕੀਤਾ ਜਾਵੇਗਾ।
Amritsar News(Bharat Sharma): ਪੰਜਾਬ ਸਰਕਾਰ ਦੇ ਯਤਨਾਂ ਨਾਲ ਪਹਿਲੀ ਵਾਰ ਪੰਜਾਬ ਵਿੱਚ ਪੈਦਾ ਹੁੰਦੀ ਲੀਚੀ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਦੇਸ਼ ਤੋਂ ਬਾਹਰ ਮੰਡੀ ਵਿੱਚ ਭੇਜਿਆ ਗਿਆ। ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਜਿਨਾਂ ਨੇ ਪਿਛਲੇ ਹਫਤੇ ਹੀ ਸੁਜਾਨਪੁਰ ਲੀਚੀ ਅਸਟੇਟ ਵਿੱਚ ਬਾਗਬਾਨਾਂ ਨੂੰ ਪੰਜਾਬ ਦੇ ਇਸ ਸਵਾਦਿਸ਼ਟ ਫਲ ਲੀਚੀ ਨੂੰ ਦੇਸ਼ ਤੋਂ ਬਾਹਰ ਭੇਜਣ ਲਈ ਉਤਸ਼ਾਹਿਤ ਕੀਤਾ ਸੀ। ਅੱਜ ਐਗਰੀਕਲਚਰ ਐਂਡ ਪ੍ਰੋਸੈਸਡ ਫੂਡ ਪ੍ਰੋਡਕਟ ਐਕਸਪੋਰਟ ਡਿਵੈਲਪਮੈਂਟ ਅਥਾਰਟੀ ਦੇ ਸਹਿਯੋਗ ਨਾਲ ਪਠਾਨਕੋਟ ਦੀ ਲੀਚੀ ਨੂੰ ਹਵਾਈ ਜਹਾਜ ਰਸਤੇ ਲੰਦਨ ਲਈ ਭੇਜਿਆ ਗਿਆ।
ਇਸ ਮੌਕੇ ਬਾਗਬਾਨੀ ਵਿਭਾਗ ਦੇ ਡਾਇਰੈਕਟਰ ਸ਼ੈਲਿੰਦਰ ਕੌਰ ਉਚੇਚੇ ਤੌਰ 'ਤੇ ਪੁੱਜੇ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਆਪਣੇ ਬਾਗਬਾਨਾਂ ਦੀ ਆਮਦਨ ਵਧਾਉਣ ਲਈ ਯਤਨਸ਼ੀਲ ਹੈ ਅਤੇ ਬਾਗਬਾਨੀ ਮੰਤਰੀ ਜੌੜਾ ਮਾਜਰਾ ਦੀ ਪਹਿਲ ਕਦਮੀ ਸਦਕਾ ਅੱਜ ਇਹ ਸੰਭਵ ਹੋਇਆ ਹੈ ਕਿ ਪਠਾਨਕੋਟ ਜਿਲੇ ਦੇ ਪਿੰਡ ਮੁਰਾਦਪੁਰ ਵਾਸੀ ਅਗਾਂਹਵਧੂ ਬਾਗਬਾਨ ਰਕੇਸ਼ ਡਡਵਾਲ ਦੇ ਫਾਰਮ ਵਿੱਚੋਂ ਪੈਦਾ ਹੋਈ ਲੀਚੀ ਲੰਦਨ ਭੇਜੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਲੀਚੀ ਦੀ ਪੈਕਿੰਗ ਬਹੁਤ ਛੋਟੀ ਰੱਖੀ ਗਈ ਹੈ ਤਾਂ ਜੋ ਇਸ ਦੀ ਸੈਲਫ ਲਾਈਫ ਠੀਕ ਰਹੇ। ਉਹਨਾਂ ਦੱਸਿਆ ਕਿ ਅੱਜ ਪਹਿਲੀ ਖੇਪ ਵਿੱਚ ਡੇਢ ਕਿਲੋ ਦੀ ਪੈਕਿੰਗ ਲੰਦਨ ਭੇਜੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੱਧ ਤੋਂ ਵੱਧ ਲੀਚੀ ਦਾ ਮੰਡੀਕਰਨ ਵਿਦੇਸ਼ਾਂ ਦੀਆਂ ਮੰਡੀਆਂ ਵਿੱਚ ਕੀਤਾ ਜਾਵੇਗਾ ਤਾਂ ਜੋ ਕਿਸਾਨ ਆਪਣੀ ਫਸਲ ਦਾ ਵਾਧੂ ਮੁੱਲ ਵੱਟ ਸਕੇ। ਉਹਨਾਂ ਦੱਸਿਆ ਕਿ ਪਠਾਨਕੋਟ ਵਿੱਚ ਲੀਚੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਲੀਚੀ ਸਟੇਟ ਕਾਇਮ ਕੀਤੀ ਗਈ ਹੈ ਜਿਸ ਦੇ ਨੋਡਲ ਅਫਸਰ ਕੰਮ ਬਾਗਬਾਨੀ ਵਿਕਾਸ ਅਫਸਰ ਸ੍ਰੀ ਜਤਿੰਦਰ ਕੁਮਾਰ ਲਗਾਤਾਰ ਕਿਸਾਨਾਂ ਨਾਲ ਰਾਬਤਾ ਰੱਖ ਰਹੇ ਹਨ।
ਇਸ ਮੌਕੇ ਸਹਾਇਕ ਡਾਇਰੈਕਟਰ ਬਾਗਬਾਨੀ ਜਸਪਾਲ ਸਿੰਘ ਨੇ ਦੱਸਿਆ ਕਿ ਅਪੇਡਾ ਕਿਸਾਨਾਂ ਨੂੰ ਉਤਪਾਦਾਂ ਦਾ ਵੱਧ ਮੁੱਲ ਦਿਵਾਉਣ ਲਈ ਵਿਦੇਸ਼ੀ ਮੰਡੀਆਂ ਵਿੱਚ ਮੰਡੀਕਰਨ ਕਰਨ ਲਈ ਸਹਿਯੋਗ ਕਰ ਰਿਹਾ ਹੈ ਅਤੇ ਆਸ ਹੈ ਕਿ ਇਸ ਦੇ ਭਵਿੱਖ ਵਿੱਚ ਚੰਗੇ ਨਤੀਜੇ ਸਾਹਮਣੇ ਆਉਣਗੇ। ਉਹਨਾਂ ਕਿਹਾ ਕਿ ਜੇਕਰ ਲੀਚੀ ਦਾ ਤਜਰਬਾ ਸਫਲ ਰਿਹਾ ਤਾਂ ਵਿਭਾਗ ਪੰਜਾਬ ਵਿੱਚ ਪੈਦਾ ਹੁੰਦੇ ਹੋਰ ਵੀ ਫਲਾਂ ਦੀ ਵਿਦੇਸ਼ਾਂ ਵਿੱਚ ਮੰਡੀਕਰਨ ਕਰੇਗਾ।