Delhi Air Pollution: ਦੀਵਾਲੀ ਤੋਂ ਕੁਝ ਪਹਿਲਾਂ ਹੀ ਰਾਸ਼ਟਰੀ ਰਾਜਧਾਨੀ ਦਿੱਲੀ ਦੀ ਹਾਬੋ-ਹਵਾ ਪਲੀਤ ਹੋ ਚੁੱਕੀ ਹੈ। ਰਾਜਧਾਨੀ ਦੀ ਹਵਾ ਹੋਰ ਵੀ ਗੰਧਲੀ ਹੋ ਗਈ। ਹਵਾ ਗੁਣਵੱਤਾ ਸੂਚਕ ਅੰਕ ਲਗਾਤਾਰ 300 ਤੋਂ ਉਪਰ ਹੈ, ਜੋ ਕਿ ਬਹੁਤ ਮਾੜਾ ਪੱਧਰ ਹੈ। ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


COMMERCIAL BREAK
SCROLL TO CONTINUE READING

ਵੀਰਵਾਰ ਸਵੇਰੇ ਦਿੱਲੀ ਦੇ ਆਨੰਦ ਵਿਹਾਰ ਖੇਤਰ ਵਿੱਚ AQI ਪੱਧਰ 352 ਦਰਜ ਕੀਤਾ ਗਿਆ। ਹੋਰ ਖੇਤਰਾਂ ਵਿੱਚ ਵੀ ਸਥਿਤੀ ਖਰਾਬ ਹੈ। ਜਿੱਥੇ AQI 200 ਤੋਂ ਉੱਪਰ ਹੈ। ਦਿੱਲੀ ਵਿੱਚ ਹਰ ਸਾਲ ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਹਵਾ ਪ੍ਰਦੂਸ਼ਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਫਿਲਹਾਲ ਦਿੱਲੀ 'ਚ ਗ੍ਰੈਪ-2 ਦੇ ਨਿਯਮ ਲਾਗੂ ਹਨ। ਪਰ ਫਿਰ ਵੀ ਪ੍ਰਦੂਸ਼ਣ ਘੱਟ ਨਹੀਂ ਹੋ ਰਿਹਾ। ਸੁਪਰੀਮ ਕੋਰਟ ਨੇ ਵੀ ਚਿੰਤਾ ਪ੍ਰਗਟਾਈ ਹੈ।


ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਮੁਤਾਬਕ ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) ਬੁੱਧਵਾਰ ਨੂੰ 364 ਦਰਜ ਕੀਤਾ ਗਿਆ ਸੀ, ਜੋ ਕਿ ਬਹੁਤ ਮਾੜੀ ਸ਼੍ਰੇਣੀ ਵਿੱਚ ਹੈ ਅਤੇ ਮੰਗਲਵਾਰ ਨਾਲੋਂ 37 ਸੂਚਕਾਂਕ ਵੱਧ ਹੈ। ਇਸ ਸੀਜ਼ਨ 'ਚ 23 ਅਕਤੂਬਰ ਸਭ ਤੋਂ ਪ੍ਰਦੂਸ਼ਿਤ ਦਿਨ ਸੀ।


ਇਸ ਦੇ ਨਾਲ ਹੀ ਵਿਵੇਕ ਵਿਹਾਰ, ਆਈਟੀਓ, ਦਵਾਰਕਾ ਸਮੇਤ 11 ਖੇਤਰਾਂ ਵਿੱਚ ਏਕਿਊਆਈ 500 ਤੱਕ ਪਹੁੰਚ ਗਿਆ, ਜੋ ਕਿ ਬਹੁਤ ਗੰਭੀਰ ਸ਼੍ਰੇਣੀ ਹੈ। ਡੀਟੀਯੂ ਅਤੇ ਦਿਲਸ਼ਾਦ ਗਾਰਡਨ ਵਿੱਚ ਹਵਾ ਬਹੁਤ ਖ਼ਰਾਬ ਸੀ ਅਤੇ ਪੰਜਾਬੀ ਬਾਗ ਵਿੱਚ ਹਵਾ ਖ਼ਰਾਬ ਸ਼੍ਰੇਣੀ ਵਿੱਚ ਸੀ। ਸੀਪੀਸੀਬੀ ਨੇ ਭਵਿੱਖਬਾਣੀ ਕੀਤੀ ਹੈ ਕਿ ਸ਼ਨਿੱਚਰਵਾਰ ਤੱਕ ਦਿੱਲੀ ਦੇ ਲੋਕਾਂ ਨੂੰ ਬੇਹੱਦ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈਣਾ ਪਵੇਗਾ।


 



 


ਇੰਡੀਅਨ ਇੰਸਟੀਚਿਊਟ ਆਫ ਟ੍ਰੋਪਿਕਲ ਮੈਟਰੋਲੋਜੀ (ਆਈਆਈਟੀਐਮ) ਦੇ ਅਨੁਸਾਰ, ਬੁੱਧਵਾਰ ਨੂੰ ਉੱਤਰੀ ਭਾਰਤ ਵਿੱਚ ਪਰਾਲੀ ਸਾੜਨ ਦੀਆਂ 600 ਤੋਂ ਵੱਧ ਘਟਨਾਵਾਂ ਦਰਜ ਕੀਤੀਆਂ ਗਈਆਂ। ਅਜਿਹੇ 'ਚ ਦਿੱਲੀ ਦੇ ਪ੍ਰਦੂਸ਼ਣ 'ਚ ਪਰਾਲੀ ਦੇ ਧੂੰਏਂ ਦਾ ਹਿੱਸਾ 11.16 ਫੀਸਦੀ ਸੀ। ਡਿਸੀਜ਼ਨ ਸਪੋਰਟ ਸਿਸਟਮ (ਡੀ.ਐੱਸ.ਐੱਸ.) ਦੇ ਅੰਕੜਿਆਂ ਅਨੁਸਾਰ ਪ੍ਰਦੂਸ਼ਣ 'ਚ ਕੂੜੇ ਨੂੰ ਖੁੱਲ੍ਹੇ 'ਚ ਸਾੜਨ ਨਾਲ ਪੈਦਾ ਹੋਣ ਵਾਲੇ ਧੂੰਏਂ ਦਾ ਹਿੱਸਾ 1.267 ਫੀਸਦੀ ਸੀ, ਜਦਕਿ ਆਵਾਜਾਈ ਕਾਰਨ ਹੋਣ ਵਾਲੇ ਪ੍ਰਦੂਸ਼ਣ 'ਚ ਹਿੱਸਾ 13.555 ਫੀਸਦੀ ਸੀ।


ਅਗਲੇ ਕੁਝ ਦਿਨਾਂ ਤੱਕ ਹਵਾ ਜ਼ਹਿਰੀਲੀ ਬਣੀ ਰਹੇਗੀ


ਏਅਰ ਕੁਆਲਿਟੀ ਅਰਲੀ ਵਾਰਨਿੰਗ ਸਿਸਟਮ ਦੇ ਮੁਤਾਬਕ ਅਗਲੇ ਦੋ ਦਿਨਾਂ ਦੌਰਾਨ ਜ਼ਿਆਦਾਤਰ ਸਮੇਂ 'ਚ ਹਵਾ ਦੀ ਰਫਤਾਰ 10 ਕਿਲੋਮੀਟਰ ਪ੍ਰਤੀ ਘੰਟਾ ਤੋਂ ਘੱਟ ਰਹੇਗੀ। ਹਵਾ ਦੀ ਦਿਸ਼ਾ ਵੀ ਉੱਤਰ-ਪੱਛਮੀ ਹੋ ਸਕਦੀ ਹੈ। ਇਸ ਕਾਰਨ ਪ੍ਰਦੂਸ਼ਿਤ ਕਣ ਵਾਯੂਮੰਡਲ ਵਿੱਚ ਜ਼ਿਆਦਾ ਸਮੇਂ ਤੱਕ ਬਣੇ ਰਹਿਣਗੇ। ਇਸ ਲਈ, ਅਗਲੇ ਦੋ ਦਿਨਾਂ ਦੌਰਾਨ ਦਿੱਲੀ ਦਾ AQI "ਬਹੁਤ ਖਰਾਬ" ਤੋਂ "ਗੰਭੀਰ" ਸ਼੍ਰੇਣੀ ਵਿੱਚ ਰਹਿਣ ਦੀ ਉਮੀਦ ਹੈ।