Russian Wagner Group Rebellion: ਰੂਸ `ਚ ਫੌਜੀ ਵੈਗਨਰ ਗਰੁੱਪ ਨੇ ਨਵਾਂ ਰਾਸ਼ਟਰਪਤੀ ਲਗਾਉਣ ਦੀ ਦਿੱਤੀ ਧਮਕੀ
Russian Wagner Group: ਰੂਸ ਵਿੱਚ ਗ੍ਰਹਿ ਯੁੱਧ ਵਰਗੇ ਹਾਲਾਤ ਬਣ ਰਹੇ ਹਨ। ਦਰਅਸਲ ਫੌਜ ਦੇ ਵੈਗਨਰ ਗਰੁੱਪ ਨੇ ਰੂਸ ਦੇ ਰੱਖਿਆ ਮੰਤਰਾਲੇ ਵਿਰੁੱਧ ਬਗਾਵਤ ਕਰ ਦਿੱਤੀ ਹੈ।
Russian Wagner Group: ਯੂਕ੍ਰੇਨ ਜੰਗ ਵਿੱਚ ਫਸੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ ਰੂਸ ਦੇ ਵੈਗਨਰ ਗਰੁੱਪ ਦੇ ਮੁਖੀ ਯੇਵਗੇਨੀ ਪ੍ਰਿਗੋਜਿਨ ਨੇ ਰੂਸੀ ਰੱਖਿਆ ਮੰਤਰਾਲੇ ਖਿਲਾਫ਼ ਬਗ਼ਾਵਤ ਕੀਤੀ ਹੈ। ਇਸ ਨਾਲ ਹੀ ਪ੍ਰਿਗੋਜਿਨ ਦੇ ਵਿਦਰੋਹ ਤੋਂ ਬਾਅਦ ਰੂਸੀ ਰੱਖਿਆ ਮੰਤਰਾਲੇ ਨੇ ਵੀ ਤੁਰੰਤ ਜਵਾਬ ਦਿੱਤਾ ਹੈ ਅਤੇ ਪ੍ਰਿਗੋਜਿਨ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਪ੍ਰਿਗੋਜ਼ਿਨ ਨੂੰ ਹਥਿਆਰਬੰਦ ਬਗਾਵਤ ਲਈ 20 ਸਾਲ ਤੱਕ ਦੀ ਕੈਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਰੂਸ ਦੀ ਸੰਘੀ ਸੁਰੱਖਿਆ ਸੇਵਾ (ਐਫਐਸਬੀ) ਦੀ ਰਾਸ਼ਟਰੀ ਅੱਤਵਾਦ ਵਿਰੋਧੀ ਕਮੇਟੀ ਨੇ ਵੈਗਨਰ ਸਮੂਹ ਦੇ ਮੁਖੀ 'ਤੇ ਹਥਿਆਰਬੰਦ ਵਿਦਰੋਹ ਦਾ ਦੋਸ਼ ਲਗਾਇਆ ਹੈ। ਫੈਡਰਲ ਸੁਰੱਖਿਆ ਸੇਵਾ ਵੈਗਨਰ ਦੀਆਂ ਫੌਜਾਂ ਨੂੰ ਪ੍ਰਿਗੋਜਿਨ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰਨ ਦੀ ਅਪੀਲ ਕਰਦੀ ਹੈ। ਐਫਐਸਬੀ ਨੇ ਪ੍ਰਿਗੋਜਿਨ ਦੇ ਵਿਦਰੋਹ ਨੂੰ ਰੂਸੀ ਫੌਜ ਦੀ ਪਿੱਠ ਵਿੱਚ ਛੁਰਾ ਮਾਰਨ ਵਜੋਂ ਦੱਸਿਆ ਹੈ। ਰਾਸ਼ਟਰਪਤੀ ਪੁਤਿਨ ਨੂੰ ਵੀ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਸਾਰੇ ਜ਼ਰੂਰੀ ਕਦਮ ਚੁੱਕੇ ਗਏ ਹਨ। ਵੈਗਨਰ ਗਰੁੱਪ ਨੇ ਪੁਤਿਨ ਖਿਲਾਫ਼ ਵਿਦਰੋਹ ਵਿੱਢ ਦਿੱਤਾ ਹੈ ਤੇ ਉਹ ਦਾਅਵੇ ਕਰ ਰਹੇ ਹਨ ਕਿ ਜਲਦ ਹੀ ਨਵਾਂ ਰਾਸ਼ਟਰਪਤੀ ਨਿਯੁਕਤ ਕੀਤਾ ਜਾਵੇਗਾ।
ਰੂਸ 'ਚ ਚੱਲ ਰਹੀ ਜੰਗ ਵਿਚਾਲੇ ਵੈਗਨਰ ਗਰੁੱਪ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਖਿਲਾਫ ਤਖਤਾਪਲਟ ਦਾ ਐਲਾਨ ਕੀਤਾ ਹੈ। ਵੈਗਨਰ ਗਰੁੱਪ ਦੇ ਲੜਾਕਿਆਂ ਦੀ ਵੱਡੀ ਗਿਣਤੀ ਮਾਸਕੋ ਵੱਲ ਵਧ ਰਹੀ ਹੈ। ਉਨ੍ਹਾਂ ਨੂੰ ਰੋਕਣ ਲਈ ਰੂਸੀ ਫੌਜ ਨੇ ਰਸਤੇ 'ਚ ਭਾਰੀ ਬੈਰੀਕੇਡ ਵੀ ਲਗਾ ਦਿੱਤੇ ਹਨ। ਰੂਸੀ ਸ਼ਹਿਰ ਰੋਸਟੋਵ ਵਿੱਚ ਰੂਸੀ ਫੌਜ ਅਤੇ ਵੈਗਨਰ ਗਰੁੱਪ ਵਿਚਾਲੇ ਭਿਆਨਕ ਲੜਾਈ ਦੀਆਂ ਖਬਰਾਂ ਵੀ ਹਨ।
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਰਾਸ਼ਟਰ ਨੂੰ ਸੰਬੋਧਨ ਤੋਂ ਬਾਅਦ ਵੈਗਨਰ ਸਮੂਹ ਨੇ ਕਿਹਾ, "ਜਲਦੀ ਹੀ ਸਾਡੇ ਕੋਲ ਇੱਕ ਨਵਾਂ ਰਾਸ਼ਟਰਪਤੀ ਹੋਵੇਗਾ।" ਆਪਣੇ ਸੰਬੋਧਨ ਵਿੱਚ ਪੁਤਿਨ ਨੇ ਹਥਿਆਰਬੰਦ ਵਿਦਰੋਹ ਵਿੱਚ ਸ਼ਾਮਲ ਲੋਕਾਂ ਨੂੰ ਸਖ਼ਤ ਜਵਾਬ ਦੇਣ ਅਤੇ ਸਜ਼ਾ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਕਿਹਾ ਕਿ “ਸਾਡੀ ਏਕਤਾ ਨੂੰ ਤੋੜਨ ਵਾਲੀ ਕੋਈ ਵੀ ਕਾਰਵਾਈ ਸਾਡੇ ਦੇਸ਼ ਅਤੇ ਸਾਡੇ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਨ ਵਾਂਗ ਹੈ।”
ਵੈਗਨਰ ਗਰੁੱਪ ਦੇ ਮੁਖੀ ਯੇਵਗੇਨੀ ਪ੍ਰਿਗੋਜਿਨ ਦੀਆਂ ਧਮਕੀਆਂ ਤੋਂ ਬਾਅਦ ਰੂਸ ਦੇ ਫ਼ੌਜੀ ਹੈੱਡਕੁਆਰਟਰ ਦੀ ਪੁਖਤਾ ਸੁਰੱਖਿਆ ਕਰ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰੂਸੀ ਸੋਸ਼ਲ ਮੀਡੀਆ 'ਤੇ ਅਜਿਹੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਦਿਖਾਇਆ ਗਿਆ ਹੈ ਕਿ ਡੌਨ 'ਤੇ ਰੂਸ ਦੇ ਫੌਜੀ ਹੈੱਡਕੁਆਰਟਰ ਰੋਸਟੋਵ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਹੈੱਡਕੁਆਰਟਰ ਦੇ ਆਲੇ-ਦੁਆਲੇ ਬਖਤਰਬੰਦ ਗੱਡੀਆਂ ਅਤੇ ਹਥਿਆਰਬੰਦ ਸਿਪਾਹੀਆਂ ਨੂੰ ਤਾਇਨਾਤ ਕੀਤਾ ਗਿਆ ਹੈ।
ਕਿਉਂ ਕੀਤੀ ਪ੍ਰਿਗੋਜਿਨ ਨੇ ਬਗ਼ਾਵਤ
ਯੂਕ੍ਰੇਨ ਯੁੱਧ ਦੌਰਾਨ ਯੇਵਗੇਨੀ ਪ੍ਰਿਗੋਜਿਨ ਦੇ ਕਿਰਾਏ ਵਾਲਾ ਫੌਜੀਆਂ ਦਾ ਵੈਗਨਰ ਗਰੁੱਪ ਫਰੰਟ ਲਾਈਨ 'ਤੇ ਲੜ ਰਿਹਾ। ਪਿਛਲੇ ਦਿਨੀਂ ਵੀ, ਪ੍ਰਿਗੋਜਿਨ ਨੇ ਰੂਸੀ ਰੱਖਿਆ ਮੰਤਰਾਲੇ 'ਤੇ ਆਪਣੇ ਸੈਨਿਕਾਂ ਨੂੰ ਲੋੜੀਂਦੇ ਹਥਿਆਰ ਅਤੇ ਸਾਧਨ ਮੁਹੱਈਆ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕਈ ਵੀਡੀਓ ਸ਼ੇਅਰ ਕੀਤੇ ਸਨ। ਪ੍ਰਿਗੋਜ਼ਿਨ ਨੇ ਰੂਸੀ ਰੱਖਿਆ ਲੀਡਰਸ਼ਿਪ ਦੀ ਯੋਗਤਾ 'ਤੇ ਖੁੱਲ੍ਹ ਕੇ ਸਵਾਲ ਕੀਤੇ ਅਤੇ ਆਲੋਚਨਾ ਕੀਤੀ। ਹੁਣ ਪ੍ਰਿਗੋਜਿਨ ਨੇ ਦੋਸ਼ ਲਗਾਇਆ ਹੈ ਕਿ ਰੂਸੀ ਰੱਖਿਆ ਮੰਤਰੀ ਦੇ ਆਦੇਸ਼ 'ਤੇ ਉਨ੍ਹਾਂ ਦੇ ਸੈਨਿਕਾਂ ਦੇ ਕਾਫਲੇ 'ਤੇ ਜੰਗੀ ਜਹਾਜ਼ਾਂ ਨੇ ਹਮਲਾ ਕੀਤਾ ਸੀ। ਇਸ ਦੇ ਨਾਲ ਹੀ ਵੈਗਨਰ ਗਰੁੱਪ ਦੇ ਕੈਂਪਾਂ ਨੂੰ ਵੀ ਰਾਕੇਟ ਨਾਲ ਨਿਸ਼ਾਨਾ ਬਣਾਇਆ ਗਿਆ।
ਪ੍ਰਿਗੋਜ਼ਿਨ ਦਾ ਦੋਸ਼ ਹੈ ਕਿ ਇਨ੍ਹਾਂ ਹਮਲਿਆਂ ਵਿਚ ਉਸ ਦੇ ਕਈ ਸੈਨਿਕ ਮਾਰੇ ਗਏ ਹਨ। ਵੈਗਨਰ ਗਰੁੱਪ ਦੇ ਮੁਖੀ ਨੇ ਇਹ ਵੀ ਕਿਹਾ ਹੈ ਕਿ ਰੂਸੀ ਰੱਖਿਆ ਮੰਤਰੀ ਸਰਗੇਈ ਸੋਈਗੂ ਰੂਸੀ ਫੌਜੀ ਜਨਰਲਾਂ ਨਾਲ ਮਿਲ ਕੇ ਵੈਗਨਰ ਗਰੁੱਪ ਨੂੰ ਤਬਾਹ ਕਰਨਾ ਚਾਹੁੰਦੇ ਹਨ। ਪ੍ਰਿਗੋਜਿਨ ਨੇ ਕਿਹਾ ਕਿ 'ਅਸੀਂ ਅੱਗੇ ਵਧ ਰਹੇ ਹਾਂ ਅਤੇ ਅੰਤ ਤੱਕ ਜਾਵਾਂਗੇ ਅਤੇ ਸਾਡੇ ਰਾਹ ਵਿਚ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਤਬਾਹ ਕਰ ਦੇਵਾਂਗੇ।'
ਇਹ ਵੀ ਪੜ੍ਹੋ : Punjab Weather Update: ਪੰਜਾਬ 'ਚ ਅੱਜ ਮੀਂਹ ਦੀ ਸੰਭਾਵਨਾ! IMD ਵੱਲੋਂ ਯੈਲੋ ਅਲਰਟ ਜਾਰੀ