Jalandhar Encounter: ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਰਾਈਟ ਹੈਂਡ ਕਹੇ ਜਾਂਦੇ ਗੈਂਗਸਟਰ ਕਨੂੰ ਗੁੱਜਰ ਨੂੰ ਜਲੰਧਰ ਪੁਲਿਸ ਨੇ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਪਾਰਟੀ ਦੀ ਜਵਾਬੀ ਗੋਲੀਬਾਰੀ 'ਚ ਕਨੂੰ ਗੁੱਜਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਸ ਸੂਤਰਾਂ ਮੁਤਾਬਕ ਗੈਂਗਸਟਰ ਕਤਲ, ਜ਼ਬਰੀ ਵਸੂਲੀ ਅਤੇ ਧੌਂਸਬਾਜ਼ੀ ਸਮੇਤ ਘਿਨਾਉਣੇ ਹੋਰ ਅਪਰਾਧਾਂ ਦੇ ਕਈ ਮਾਮਲਿਆਂ ਵਿਚ ਲੋੜੀਂਦਾ ਸੀ।


COMMERCIAL BREAK
SCROLL TO CONTINUE READING

ਮੁੱਠਭੇੜ ਦੌਰਾਨ ਦੋਵਾਂ ਪਾਸਿਆਂ ਕੁੱਲ 9 ਗੋਲੀਆਂ ਚਲਾਈਆਂ ਗਈਆਂ। ਪੁਲਸ ਨੂੰ ਮੌਕੇ ਤੋਂ 2 ਹਥਿਆਰ ਵੀ ਬਰਾਮਦ ਹੋਏ ਹਨ। ਇਹ ਵੀ ਪਤਾ ਲੱਗਾ ਹੈ ਕਿ ਗੈਂਗਸਟਰ ਕਨੂੰ ਗੁੱਜਰ ਦੀ ਪੁਲਿਸ ਪਿਛਲੇ ਲੰਮੇ ਸਮੇਂ ਤੋਂ ਭਾਲ ਕਰ ਰਹੀ ਸੀ।


ਇਹ ਜਾਣਕਾਰੀ ਦਿੰਦਿਆਂ  ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ  ਗਿਰਫ਼ਤਾਰ ਮੁਲਜ਼ਮ ਕੰਨੂੰ ਗੁੱਜਰ, ਜੋ ਕਿ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਅਹਿਮ ਕਾਰਕੁੰਨ  ਹੈ, ਨੂੰ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਮੰਗਲਵਾਰ ਨੂੰ ਗੜ੍ਹਸ਼ੰਕਰ ਦੇ ਰਾਮਪੁਰ ਬਿਲਰਾਂ ਤੋਂ ਗਿਰਫ਼ਤਾਰ ਕੀਤਾ ਹੈ।


ਇਹ ਕਾਰਵਾਈ, ਜੱਗੂ ਭਗਵਾਨਪੁਰੀਆ ਗੈਂਗ ਦੇ ਇੱਕ ਹੋਰ ਮੈਂਬਰ ਨਵੀਨ ਉਰਫ ਕਾਕਾ ਦੀੰ ਲਾਜਪਤ ਨਗਰ ਵਿਖੇ, 27 ਅਗਸਤ ਨੂੰ , ਸੰਖੇਪ ਮੁੱਠਭੇੜ ਉਪਰੰਤ ਹੋਈ ਗ੍ਰਿਫਤਾਰੀ ਤੋਂ ਥੋੜ੍ਹਾ ਸਮੇਂ ਬਾਅਦ ਅਮਲ ਵਿਚ ਲਿਆਂਦੀ ਗਈ ਹੈ।  ਗੌਰਤਲਬ ਹੈ ਕਿ ਗਿਰਫ਼ਤਾਰੀ ਦੌਰਾਨ ਕਾਕਾ ਦੇ ਕਬਜ਼ੇ ਚੋਂ ਇੱਕ ਪਿਸਤੌਲ ਅਤੇ 1 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਸੀ।


ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਕੰਨੂੰ ਗੁੱਜਰ ਦੇ ਖੁਲਾਸੇ ਤੋਂ ਬਾਅਦ, ਜਲੰਧਰ ਕਮਿਸ਼ਨਰੇਟ ਦੀ ਪੁਲਿਸ ਟੀਮ ਵੱਲੋਂ ਮੁਲਜ਼ਮ ਨੂੰ ਜਲੰਧਰ ਦੇ ਹੈਮਿਲਟਨ ਟਾਵਰ ਦੇ ਪਿਛਲੇ ਪਾਸੇ ਸਥਿਤ ਉਸ ਸੁੰਨਸਾਨ ਜਗ੍ਹਾ ’ਤੇ ਲਿਜਾਇਆ ਗਿਆ, ਜਿੱਥੇ ਉਸ ਨੇ ਹਥਿਆਰ ਅਤੇ ਗੋਲੀ -ਸਿੱਕਾ ਲੁਕਾਉਣ ਦਾ ਦਾਅਵਾ ਕੀਤਾ ਸੀ।


ਉਹਨਾਂ ਨੇ ਦੱਸਿਆ, ‘‘ ਦੱਸੇ ਸਥਾਨ ’ਤੇ ਪੁੱਜਣ ’ਤੇ, ਗੈਂਗਸਟਰ ਨੇ ਪਿਸਤੌਲ, ਜੋ ਕਿ ਮੌਕੇ ਤੋਂ ਬਰਾਮਦ ਹੋਈ ਹੈ, ਦੀ ਵਰਤੋਂ ਕਰਦਿਆਂ ਗੋਲੀ ਚਲਾ ਕੇ ਪੁਲਿਸ ਹਿਰਾਸਤ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਪੁਲਿਸ ਟੀਮ ਨੇ ਉਸ ਨੂੰ ਰੋਕਣ ਲਈ ਜਵਾਬੀ ਗੋਲੀਬਾਰੀ ਕੀਤੀ।’’  ਇਸ  ਮੁਠਭੇੜ ’ਚ  ਦੋਸ਼ੀ ਦੇ ਗੋਲੀ ਵੱਜੀ ਤੇ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ।  ਫਿਲਹਾਲ ਉਕਤ ਮੁਲਜ਼ਮ ਜ਼ੇਰੇ-ਇਲਾਜ  ਹੈ।


ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਜਲੰਧਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਮੌਕੇ ਤੋ ਕੁੱਲ ਅੱਠ ਪਿਸਤੌਲ ਜਿੰਨ੍ਹਾਂ ਵਿੱਚ ਸੱਤ .32 ਬੋਰ ਅਤੇ ਇੱਕ .30 ਬੋਰ  ਸ਼ਾਮਲ ਹਨ ਸਮੇਤ 55 ਜਿੰਦਾ ਕਾਰਤੂਸ ਅਤੇ 8 ਮੈਗਜ਼ੀਨ ਬਰਾਮਦ ਕੀਤੇ ਹਨ।


ਉਨ੍ਹਾਂ ਕਿਹਾ ਕਿ ਗਿਰਫਤਾਰ ਕੀਤੇ ਗਏ ਦੋਸ਼ੀ ਘਿਨਾਉਣੇ ਅਪਰਾਧ ਨਾਲ ਸਬੰਧਤ ਲਗਭਗ ਅੱਠ ਐਫਆਈਆਰਜ਼ ਦਾ ਸਾਹਮਣਾ ਕਰ ਰਿਹਾ ਹੈ । ਉਨ੍ਹਾਂ ਕਿਹਾ  ਕਿ ਘਟਨਾ ਦੀ ਫੋਰੈਂਸਿਕ ਅਤੇ ਵਿਗਿਆਨਕ ਢੰਗ ਨਾਲ ਜਾਂਚ ਕੀਤੀ ਜਾ ਰਹੀ ਹੈ।


ਇਸ ਸਬੰਧੀ ਐਫਆਈਆਰ ਨੰਬਰ 128 ਮਿਤੀ 12.08.2024  ਅਧੀਨ ਅਸਲਾ ਐਕਟ ਦੀ ਧਾਰਾ 25 ਤਹਿਤ ਥਾਣਾ ਬਸਤੀ ਬਾਵਾ ਖੇਲ ਜਲੰਧਰ ਵਿਖੇ ਮੁਕੱਦਮਾ ਪਹਿਲਾਂ ਹੀ ਦਰਜ  ਹੈ। ਜ਼ਿਕਰਯੋਗ ਹੈ ਕਿ ਪਿਛਲੇ 10 ਦਿਨਾਂ ’ਚ ਜੱਗੂ ਭਗਵਾਨਪੁਰੀਆ ਗੈਂਗ ਦੇ ਕੁੱਲ 10 ਸਾਥੀਆਂ ਨੂੰ 16 ਹਥਿਆਰਾਂ ਸਮੇਤ ਗਿਰਫਤਾਰ ਕੀਤਾ ਗਿਆ ਹੈ।