Jalandhar News: ਬੂਟਾ ਮੰਡੀ 'ਚ ਨਗਰ ਨਿਗਮ ਦੇ ਮੁਲਾਜ਼ਮ ਦਾ ਪੈਸਿਆਂ ਦੇ ਲੈਣ ਦੇਣ ਨੂੰ ਦਰਜਨ ਤੋਂ ਵੱਧ ਨੌਜਵਾਨਾਂ ਨੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਜਦ ਮ੍ਰਿਤਕ ਦਾ ਭਰਾ ਜਲੋਵਾਲ ਆਬਾਦੀ ਪਹੁੰਚਿਆ ਤਾਂ ਹਮਲਾਵਰਾਂ ਨੇ ਉਸ ਉੱਪਰ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਉਥੋਂ ਭੱਜ ਕੇ ਆਪਣੀ ਜਾਨ ਬਚਾਈ। ਜਦ ਪਰਿਵਾਰ ਦੇ ਬਾਕੀ ਮੈਂਬਰ ਮੌਕੇ ’ਤੇ ਪਹੁੰਚੇ ਤਾਂ ਹਮਲਾਵਰ ਉੱਥੋਂ ਫ਼ਰਾਰ ਹੋ ਚੁੱਕੇ ਸਨ। ਪਰਿਵਾਰ ਵਾਲੇ ਜ਼ਖ਼ਮੀ ਹਾਲਤ ’ਚ ਵਿਅਕਤੀ ਨੂੰ ਸਿਵਲ ਹਸਪਤਾਲ ਲੈ ਕੇ ਪਹੁੰਚੇ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਸਿਵਲ ਹਸਪਤਾਲ ’ਚ ਹੀ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਤੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ।


COMMERCIAL BREAK
SCROLL TO CONTINUE READING

 ਜਾਣਕਾਰੀ ਅਨੁਸਾਰ ਨਗਰ ਨਿਗਮ ’ਚ ਮੁਲਾਜ਼ਮ ਦੀਪਕ ਕੁਮਾਰ ਵਾਸੀ ਗਾਜ਼ੀ ਗੁੱਲਾ ਦਾ ਜਲੋਵਾਲ ਆਬਾਦੀ ਵਾਸੀ ਕੁਝ ਨੌਜਵਾਨਾਂ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਕਾਫੀ ਦਿਨਾਂ ਤੋਂ ਦੀਪਕ ਉਨ੍ਹਾਂ ਨੂੰ ਫੋਨ ਕਰ ਰਿਹਾ ਸੀ ਤੇ ਪੈਸਿਆਂ ਦੀ ਮੰਗ ਕਰ ਰਿਹਾ ਸੀ। ਮੰਗਲਵਾਰ ਸ਼ਾਮ ਦੀਪਕ ਕੁਮਾਰ ਨੇ ਉਨ੍ਹਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਉਸ ਨੂੰ ਪੈਸਿਆਂ ਲਈ ਬੂਟਾ ਮੰਡੀ ਦੇ ਨਾਲ ਲੱਗਦੇ ਜਲੋਵਾਲ ਅਬਾਦੀ ’ਚ ਬੁਲਾਇਆ। ਦੀਪਕ ਉੱਥੇ ਪਹੁੰਚਿਆ ਤਾਂ ਪਹਿਲਾਂ ਤੋਂ ਹੀ ਮੌਜੂਦ 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਉਪਰ ਹਮਲਾ ਕਰ ਦਿੱਤਾ, ਜਿਸ ਨਾਲ ਦੀਪਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।


ਜਦੋਂ ਇਸ ਦੀ ਸੂਚਨਾ ਦੀਪਕ ਦੇ ਭਰਾ ਲੱਕੀ ਨੂੰ ਮਿਲੀ ਤਾਂ ਉਹ ਮੌਕੇ ’ਤੇ ਪਹੁੰਚਿਆ।ਹਮਲਾਵਰਾਂ ਨੇ ਲੱਕੀ ਨੂੰ ਦੇਖਿਆ ਤਾਂ ਉਹ ਉਸ ਪਿੱਛੇ ਵੀ ਭੱਜੇ। ਪਰ ਲੱਕੀ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ ਤੇ ਇਸ ਦੀ ਸੂਚਨਾ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਦਿੱਤੀ। ਜੋ ਮੁਹੱਲੇ ਵਾਲਿਆਂ ਨਾਲ ਤੁਰੰਤ ਮੌਕੇ ’ਤੇ ਪਹੁੰਚੇ ਤੇ ਜ਼ਖਮੀ ਹਾਲਤ ’ਚ ਪਏ ਦੀਪਕ ਨੂੰ ਸਿਵਲ ਹਸਪਤਾਲ ’ਚ ਲੈ ਕੇ ਪਹੁੰਚੇ। ਜਿੱਥੇ ਡਾਕਟਰਾਂ ਨੇ ਦੀਪਕ ਨੂੰ ਮ੍ਰਿਤਕ ਐਲਾਨ ਦਿੱਤਾ। 


ਦੀਪਕ ਦੀ ਮੌਤ ਦੀ ਖਬਰ ਸੁਣਦਿਆਂ ਹੀ ਪਰਿਵਾਰ ਵਾਲੇ ਭੜਕ ਉੱਠੇ ਤੇ ਹਮਲਾਵਰਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਸਿਵਲ ਹਸਪਤਾਲ ’ਚ ਪ੍ਰਦਰਸ਼ਨ ਕਰਨ ਲੱਗੇ। ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਜਿਨ੍ਹਾਂ ਨੌਜਵਾਨਾਂ ਨੇ ਦੀਪਕ ਦਾ ਕਤਲ ਕੀਤਾ ਹੈ ਉਹ ਨਸ਼ੇ ਦਾ ਕਾਰੋਬਾਰ ਕਰਦੇ ਹਨ ਤੇ ਇਲਾਕੇ ’ਚ ਜੂਆ ਖਿਡਾਉਂਦੇ ਹਨ। ਉਨ੍ਹਾਂ ਨੌਜਵਾਨਾਂ ਨੇ ਦੀਪਕ ਕੋਲੋਂ ਤਕਰੀਬਨ ਡੇਢ ਲੱਖ ਰੁਪਿਆ ਲਿਆ ਹੋਇਆ ਸੀ ਜੋ ਕਿ ਉਹ ਵਾਪਸ ਨਹੀਂ ਕਰ ਰਹੇ ਸਨ। ਅੱਜ ਦੀਪਕ ਨੇ ਉਨ੍ਹਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਦੀਪਕ ਨੂੰ ਜਲੋਵਾਲ ਆਬਾਦੀ ਬੁਲਾ ਲਿਆ। ਜਿੱਥੇ ਉਨ੍ਹਾਂ ਦੀਪਕ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।