Ghaggar River News: ਹੜ੍ਹ ਦੇ ਬਣ ਰਹੇ ਹਾਲਾਤ ਦਰਮਿਆਨ ਇਸ ਜ਼ਿਲ੍ਹੇ `ਚ ਘੱਗਰ ਨਦੀ ਦੇ ਆਲੇ-ਦੁਆਲੇ ਧਾਰਾ 144 ਲਾਗੂ
Ghaggar River News: ਭਾਰੀ ਮੀਂਹ ਮਗਰੋਂ ਨਦੀਆਂ ਵਿੱਚ ਬਣ ਰਹੇ ਹੜ੍ਹ ਵਰਗੇ ਹਾਲਾਤ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਮੁਸਤੈਦੀ ਵਰਤਣ ਦੇ ਆਦੇਸ਼ ਦਿੱਤੇ ਹਨ। ਇਸ ਸਬੰਧੀ ਘੱਗਰ ਨਦੀ ਦੇ ਆਲੇ-ਦੁਆਲੇ ਧਾਰਾ 144 ਲਗਾ ਦਿੱਤੀ ਗਈ ਹੈ।
Ghaggar River News: ਪਹਾੜੀ ਤੇ ਮੈਦਾਨੀ ਵਿੱਚ ਇਲਾਕਿਆਂ ਵਿੱਚ ਕਈ ਦਿਨ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਨਦੀਆਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਰਹੇ ਹਨ। ਦਰਿਆਵਾਂ ਵਿੱਚ ਪਾਣੀ ਦਾ ਪੱਧਰ ਅਚਾਨਕ ਵਧਣ ਨਾਲ ਉਥੇ ਰਹਿਣ ਵਾਲੇ ਲੋਕਾਂ ਲਈ ਖ਼ਤਰਾ ਪੈਦਾ ਹੋ ਗਿਆ ਹੈ। ਇਸ ਦੇ ਮੱਦੇਨਜ਼ਰ ਪੰਚਕੂਲਾ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਘੱਗਰ ਨਦੀ ਦੇ ਦੋਵੇਂ ਪਾਸੇ 20 ਮੀਟਰ ਦੇ ਨੇੜੇ ਆਉਣ ਉਤੇ ਰੋਕ ਲਗਾ ਦਿੱਤੀ ਗਈ ਹੈ।
ਹਰਿਆਣਾ ਵਿੱਚ ਇਨ੍ਹੀਂ ਦਿਨੀਂ ਮਾਨਸੂਨ ਦੀ ਬਾਰਿਸ਼ ਸ਼ੁਰੂ ਹੋ ਗਈ ਹੈ। ਇਸ ਦੌਰਾਨ ਨਦੀਆਂ ਵਿੱਚ ਪਾਣੀ ਦਾ ਪੱਧਰ ਬਹੁਤ ਉੱਚਾ ਹੋ ਗਿਆ ਹੈ। ਪੰਚਕੂਲਾ ਪ੍ਰਸ਼ਾਸਨ ਨੂੰ ਸੂਚਨਾ ਮਿਲ ਰਹੀ ਸੀ ਕਿ ਬੱਚੇ ਅਤੇ ਬਾਲਗ ਮੱਛੀਆਂ ਫੜਨ ਜਾਂ ਹੋਰ ਕਾਰਨਾਂ ਕਰਕੇ ਦਰਿਆਵਾਂ ਵਿੱਚ ਦਾਖਲ ਹੋ ਰਹੇ ਹਨ। ਤੇਜ਼ ਵਹਾਅ ਕਾਰਨ ਲੋਕਾਂ ਲਈ ਖ਼ਤਰੇ ਦੀਆਂ ਸੰਭਾਵਨਾਵਾਂ ਵਧ ਰਹੀਆਂ ਹਨ। ਇਸ ਦੇ ਨਾਲ ਹੀ ਸਥਾਨਕ ਪਸ਼ੂ ਪਾਲਕ ਵੀ ਚਾਰੇ ਦੀ ਭਾਲ ਵਿੱਚ ਦਰਿਆਵਾਂ ਵੱਲ ਜਾ ਰਹੇ ਹਨ। ਇਨ੍ਹਾਂ ਕਾਰਨਾਂ ਦੇ ਮੱਦੇਨਜ਼ਰ ਪੰਚਕੂਲਾ ਪ੍ਰਸ਼ਾਸਨ ਨੇ ਇਹ ਫੈਸਲਾ ਅਹਿਤਿਆਤ ਵਜੋਂ ਲਿਆ ਹੈ।
ਪੰਚਕੂਲਾ ਪ੍ਰਸ਼ਾਸਨ ਵੱਲੋਂ ਜਾਰੀ ਧਾਰਾ 144 ਦੇ ਹੁਕਮ ਤਿੰਨ ਮਹੀਨਿਆਂ ਤੱਕ ਲਾਗੂ ਰਹਿਣਗੇ। ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਵਿੱਚ 25 ਜੂਨ ਤੋਂ 30 ਸਤੰਬਰ ਤੱਕ ਦਾ ਸਮਾਂ ਦੱਸਿਆ ਗਿਆ ਹੈ। ਇਹ ਹੁਕਮ ਪੰਚਕੂਲਾ ਦੀਆਂ ਭੂਗੋਲਿਕ ਸੀਮਾਵਾਂ ਦੇ ਅੰਦਰ ਅਤੇ ਵਿਸ਼ੇਸ਼ ਤੌਰ 'ਤੇ ਹੜ੍ਹ ਸੰਭਾਵਿਤ ਖੇਤਰਾਂ ਵਿੱਚ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਪਾਣੀ ਦੇ ਵਹਾਅ ਦੇ ਕਿਸੇ ਵੀ ਚੈਨਲ ਨੂੰ ਕਵਰ ਕਰੇਗਾ।
ਡਿਪਟੀ ਕਮਿਸ਼ਨਰ ਸਮਰ ਪ੍ਰਤਾਪ ਸਿੰਘ ਨੇ ਹੁਕਮ ਜਾਰੀ ਕਰਦੇ ਹੋਏ ਲਿਖਿਆ ਕਿ ਮੈਂ ਇਸ ਦੁਆਰਾ ਕਿਸੇ ਵੀ ਨਦੀ ਦੇ ਕਿਨਾਰੇ/ਨਦੀ/ਧਾਰਾ/ਡਰੇਨ/ਬੰਡ/ਹਾਈ ਪੁਆਇੰਟ ਦੇ 20 ਮੀਟਰ ਦੇ ਅੰਦਰ ਪਹੁੰਚ ਦੀ ਮਨਾਹੀ ਕਰਦਾ ਹਾਂ ਅਤੇ ਕਿਸੇ ਵੀ ਵਿਅਕਤੀ, ਬਾਲਗ ਜਾਂ ਬੱਚੇ ਦੁਆਰਾ ਅਜਿਹੇ ਨਦੀ ਦੇ ਕਿਨਾਰੇ/ਨਦੀ/ਧਾਰਾ/ਡਰੇਨ/ਬੰਡ ਨੂੰ ਵੇਖਣ 'ਤੇ ਵੀ ਮਨਾਹੀ ਕਰਦਾ ਹਾਂ। ਮੈਂ ਅੱਗੇ ਕਿਸੇ ਵੀ ਨਿੱਜੀ, ਸਮਾਜਿਕ, ਧਾਰਮਿਕ ਜਾਂ ਰਾਜਨੀਤਿਕ ਉਦੇਸ਼ 'ਤੇ ਵਰਣਿਤ ਥਾਵਾਂ 'ਤੇ ਦਾਖਲ ਹੋਣ ਦੀ ਮਨਾਹੀ ਕਰਦਾ ਹਾਂ।
ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਅਤੇ ਪੁਲਿਸ ਪ੍ਰਸ਼ਾਸਨ ਨੂੰ ਹੁਕਮਾਂ ਦੀ ਇੰਨ-ਬਿੰਨ੍ਹ ਪਾਲਣਾ ਯਕੀਨੀ ਬਣਾਉਣ ਦੀ ਹਦਾਇਤਾ ਜਾਰੀ ਕੀਤੀਆਂ। ਕਾਬਿਲੇਗੌਰ ਹੈ ਕਿ ਬੀਤੇ ਦਿਨ ਪੰਚਕੂਲਾ ਜ਼ਿਲ੍ਹੇ ਵਿੱਚ ਘੱਗਰ ਨਦੀ ਵਿੱਚ ਪਾਣੀ ਦੇ ਤੇਜ਼ ਵਹਾਅ ਵਿੱਚ ਇੱਕ ਔਰਤ ਆਪਣੀ ਕਾਰ ਸਮੇਤ ਰੁੜ ਗਈ ਸੀ। ਲੋਕਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਔਰਤ ਨੂੰ ਕਾਰ 'ਚੋਂ ਬਾਹਰ ਕੱਢਿਆ ਅਤੇ ਫਿਰ ਇਲਾਜ ਲਈ ਹਸਪਤਾਲ ਪਹੁੰਚਾਇਆ ਸੀ।
ਔਰਤ ਘੱਗਰ ਨਦੀ ਨੇੜੇ ਮੰਗੋਲੀ ਵਿੱਚ ਸਥਿਤ ਮੰਦਰ ਵਿੱਚ ਪੂਜਾ ਕਰਨ ਗਈ ਸੀ। ਇਸ ਦੌਰਾਨ ਬਰਸਾਤ ਕਾਰਨ ਪਾਣੀ ਦਾ ਵਹਾਅ ਤੇਜ਼ ਹੋ ਗਿਆ ਅਤੇ ਕਾਰ ਸਮੇਤ ਔਰਤ ਘੱਗਰ ਨਦੀ ਵਿੱਚ ਰੁੜ੍ਹ ਗਈ ਸੀ। ਖੁਸ਼ਕਿਸਮਤੀ ਨਾਲ ਕਾਰ ਘੱਗਰ ਪੁਲ ਦੇ ਹੇਠਾਂ ਖੰਭੇ ਨਾਲ ਜਾ ਟਕਰਾਈ। ਲੋਕਾਂ ਨੇ ਤੁਰੰਤ ਔਰਤ ਨੂੰ ਬਚਾਉਣ ਲਈ ਯਤਨ ਸ਼ੁਰੂ ਕਰ ਦਿੱਤੇ। ਪੁਲਿਸ ਪ੍ਰਸ਼ਾਸਨ ਤੇ ਐਨਡੀਆਰਐਫ ਦੀ ਟੀਮ ਨੇ ਔਰਤ ਨੂੰ ਸੁਰੱਖਿਅਤ ਪਾਣੀ ਵਿਚੋਂ ਬਾਹਰ ਕੱਢ ਲਿਆ ਸੀ।
ਇਹ ਵੀ ਪੜ੍ਹੋ : Lawrence Bishnoi Gang: ਲਾਰੈਂਸ ਬਿਸ਼ਨੋਈ ਗਿਰੋਹ ਦੀ ਆੜ 'ਚ ਵਸੂਲੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼