Mahakumbh Stampede News: ਬੈਰੀਕੇਡਿੰਗ ਟੁੱਟਣ ਪਿਛੋਂ ਭੀੜ ਵਿੱਚ ਮਚੀ ਭਗਦੜ; ਤਸਵੀਰਾਂ ਬਿਆਨ ਕਰਦੀਆਂ ਮੰਜ਼ਰ

Mahakumbh Stampede News: ਮੌਨੀ ਅਮਾਵਸਿਆ ਦੇ ਸ਼ਾਹੀ ਇਸ਼ਨਾਨ ਦੌਰਾਨ ਮਹਾਕੁੰਭ ਦੌਰਾਨ ਪ੍ਰਯਾਗਰਾਜ ਦੇ ਸੰਗਮ ਤੱਟ `ਤੇ ਭਗਦੜ ਮੱਚ ਗਈ, ਜਿਸ `ਚ 10 ਤੋਂ ਵੱਧ ਲੋਕਾਂ ਦੀ ਮੌਤ ਦਾ ਖਦਸ਼ਾ ਹੈ।
Mahakumbh Stampede News: ਮੌਨੀ ਅਮਾਵਸਿਆ ਦੇ ਸ਼ਾਹੀ ਇਸ਼ਨਾਨ ਦੌਰਾਨ ਮਹਾਕੁੰਭ ਦੌਰਾਨ ਪ੍ਰਯਾਗਰਾਜ ਦੇ ਸੰਗਮ ਤੱਟ 'ਤੇ ਭਗਦੜ ਮੱਚ ਗਈ, ਜਿਸ 'ਚ 10 ਤੋਂ ਵੱਧ ਲੋਕਾਂ ਦੀ ਮੌਤ ਦਾ ਖਦਸ਼ਾ ਹੈ। ਭੀੜ ਦੇ ਜ਼ਿਆਦਾ ਦਬਾਅ ਕਾਰਨ ਬੈਰੀਕੇਡਿੰਗ ਟੁੱਟ ਗਈ, ਜਿਸ ਕਾਰਨ ਮੌਕੇ 'ਤੇ ਹਫੜਾ-ਦਫੜੀ ਮਚ ਗਈ। ਘਟਨਾ ਦੇ ਤੁਰੰਤ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਸ਼ਾਹੀ ਇਸ਼ਨਾਨ ਸਵੇਰੇ ਪੰਜ ਵਜੇ ਹੋਣਾ ਸੀ, ਇਸ ਲਈ ਪੁਲਿਸ ਨੇ ਟੁੱਟੇ ਬੈਰੀਕੇਡਾਂ ਦੀ ਮੁਰੰਮਤ ਕਰਕੇ ਰਸਤਾ ਸਾਫ਼ ਕੀਤਾ ਸੀ।
ਜਾਣਕਾਰੀ ਅਨੁਸਾਰ ਰਾਤ 2 ਵਜੇ ਤੋਂ ਹੀ ਸੰਗਮ ਕੰਢੇ 'ਤੇ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋ ਗਈ ਸੀ। ਇਸ ਦੌਰਾਨ ਬੈਰੀਕੇਡਿੰਗ ਦਾ ਇੱਕ ਹਿੱਸਾ ਢਹਿ ਗਿਆ ਅਤੇ ਭਗਦੜ ਮੱਚ ਗਈ। ਕੁਝ ਹੀ ਸਮੇਂ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਅਤੇ ਲੋਕ ਇਧਰ-ਉਧਰ ਭੱਜਣ ਲੱਗੇ। ਕਈ ਸ਼ਰਧਾਲੂਆਂ ਦਾ ਸਾਮਾਨ ਡਿੱਗ ਗਿਆ, ਜਿਸ ਕਾਰਨ ਹਫੜਾ-ਦਫੜੀ ਮੱਚ ਗਈ। ਇਸ ਘਟਨਾ ਦੇ ਚਸ਼ਮਦੀਦ ਨੇ ਦੱਸਿਆ ਕਿ ਉਹ ਸਹੀ ਢੰਗ ਨਾਲ ਜਾ ਰਹੇ ਸੀ ਕਿ ਅਚਾਨਕ ਭੀੜ ਆ ਗਈ ਅਤੇ ਹਫੜਾ-ਦਫੜੀ ਮਚ ਗਈ। ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਕਿਤੇ ਵੀ ਜਗ੍ਹਾ ਨਹੀਂ ਸੀ। ਹਰ ਕੋਈ ਇਧਰ ਉਧਰ ਭੱਜ ਰਿਹਾ ਸੀ। ਕਈ ਲੋਕ ਜ਼ਖਮੀ ਹੋਏ ਹਨ।
ਭਗਦੜ ਦੀ ਸੂਚਨਾ ਮਿਲਦੇ ਹੀ ਪੁਲਿਸ, ਅਰਧ ਸੈਨਿਕ ਬਲ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਸੰਗਮ ਇਲਾਕੇ 'ਚ ਫਾਇਰ ਸਰਵਿਸ ਦੀ ਇਕ ਆਲ-ਟੇਰੇਨ ਗੱਡੀ ਪਹਿਲਾਂ ਹੀ ਮੌਜੂਦ ਸੀ, ਜਿਸ ਦੀ ਮਦਦ ਨਾਲ ਕਈ ਜ਼ਖਮੀ ਲੋਕਾਂ ਨੂੰ ਬਾਹਰ ਕੱਢਿਆ ਗਿਆ। ਚੀਫ਼ ਫਾਇਰ ਅਫ਼ਸਰ (ਸੀ. ਐੱਫ. ਓ.) ਭਾਰਤੇਂਦੂ ਜੋਸ਼ੀ ਨੇ ਦੱਸਿਆ ਕਿ ਘਟਨਾ ਦੇ ਸਮੇਂ ਇਹ ਗੱਡੀ ਮੌਕੇ 'ਤੇ ਮੌਜੂਦ ਸੀ, ਜਿਸ ਕਾਰਨ ਰਾਹਤ ਕਾਰਜ ਤੇਜ਼ੀ ਨਾਲ ਸ਼ੁਰੂ ਕੀਤੇ ਗਏ। ਇਸ ਗੱਡੀ ਦੀ ਮਦਦ ਨਾਲ ਇਕ ਲੜਕੀ ਨੂੰ ਐਂਬੂਲੈਂਸ ਵਿਚ ਲਿਜਾਇਆ ਗਿਆ।
ਮੌਨੀ ਅਮਾਵਸਿਆ 'ਤੇ ਸੰਗਮ 'ਤੇ ਇਸ਼ਨਾਨ ਕਰਨ ਲਈ ਸ਼ਰਧਾਲੂਆਂ ਦੀ ਭਾਰੀ ਭੀੜ ਇੱਕ ਚੁਣੌਤੀ ਬਣ ਗਈ। ਪੁਲਿਸ ਅਤੇ ਪ੍ਰਸ਼ਾਸਨ ਨੇ ਭੀੜ ਨੂੰ ਕਾਬੂ ਕਰਨ ਲਈ ਬੈਰੀਕੇਡ ਲਗਾਏ ਹੋਏ ਸਨ ਪਰ ਭੀੜ ਜ਼ਿਆਦਾ ਹੋਣ ਕਾਰਨ ਸਥਿਤੀ ਵਿਗੜ ਗਈ। ਸਿਵਲ ਡਿਫੈਂਸ ਅਤੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਨੇ ਬੈਰੀਕੇਡ ਲਗਾ ਕੇ ਭੀੜ ਨੂੰ ਕਾਬੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਇੰਨੇ ਲੋਕ ਸਨ ਕਿ ਹਫੜਾ-ਦਫੜੀ ਫੈਲ ਗਈ। ਭਗਦੜ ਤੋਂ ਬਾਅਦ ਪ੍ਰਸ਼ਾਸਨ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।