Karnataka News: ਦੇਸ਼ ਵਿੱਚ ਮਹਿੰਗਾਈ ਅਸਮਾਨ ਨੂੰ ਛੂਹ ਰਹੀਆਂ। ਸਬਜ਼ੀਆਂ ਤੋਂ ਲੈ ਕੇ ਦਾਲਾਂ ਤੱਕ ਦੀਆਂ ਕੀਮਤਾਂ ਨੇ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ। ਖ਼ਾਸ ਕਰ ਕੇ ਟਮਾਟਰ ਦੀਆਂ ਕੀਮਤਾਂ ਨੇ ਰਿਕਾਰਡ ਤੋੜ ਦਿੱਤੇ ਹਨ। ਦੇਸ਼ ਦੇ ਕਈ ਰਾਜਾਂ ਵਿੱਚ ਟਮਾਟਰ 150 ਰੁਪਏ ਪ੍ਰਤੀ ਕਿਲੋ ਤੱਕ ਪੁੱਜ ਗਿਆ ਹੈ।
ਇਸ ਦਰਮਿਆਨ ਟਮਾਟਰਾਂ ਨੂੰ ਲੈ ਕੇ ਇਕ ਹੈਰਾਨੀ ਵਾਲੀ ਖਬਰ ਸਾਹਮਣੇ ਆਈ ਹੈ।


COMMERCIAL BREAK
SCROLL TO CONTINUE READING

ਚੋਰਾਂ ਨੇ ਕਿਸਾਨ ਦੇ ਖੇਤ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਲਜ਼ਾਮ ਹੈ ਕਿ ਚੋਰ ਕਿਸਾਨ ਦੇ ਖੇਤ ਵਿੱਚੋਂ ਲੱਖਾਂ ਰੁਪਏ ਦੇ ਟਮਾਟਰ ਚੋਰੀ ਕਰਕੇ ਲੈ ਗਏ ਹਨ। ਕਰਨਾਟਕ ਵਿੱਚ ਇੱਕ ਮਹਿਲਾ ਕਿਸਾਨ ਦੇ ਖੇਤ ਵਿੱਚੋਂ ਟਮਾਟਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਮਹਿਲਾ ਕਿਸਾਨ ਨੇ ਦਾਅਵਾ ਕੀਤਾ ਹੈ ਕਿ ਸ਼ਰਾਰਤੀ ਅਨਸਰਾਂ ਨੇ ਉਸ ਦੇ ਖੇਤ 'ਚੋਂ 2.5 ਲੱਖ ਰੁਪਏ ਦੇ ਟਮਾਟਰ ਚੋਰੀ ਕਰ ਲਏ ਹਨ। ਮਹਿਲਾ ਕਿਸਾਨ ਨੇ ਇਸ ਸਬੰਧੀ ਥਾਣਾ ਹਲੇਬੀਦੂ ਵਿਖੇ ਮਾਮਲਾ ਦਰਜ ਕਰਵਾਇਆ ਹੈ।


ਮਹਿਲਾ ਕਿਸਾਨ ਨੇ ਦੋਸ਼ ਲਗਾਇਆ ਹੈ ਕਿ 4 ਜੁਲਾਈ ਦੀ ਰਾਤ ਨੂੰ ਹਾਸਨ ਜ਼ਿਲ੍ਹੇ ਵਿੱਚ ਉਸਦੇ ਖੇਤ ਵਿੱਚੋਂ 2.5 ਲੱਖ ਰੁਪਏ ਦੇ ਟਮਾਟਰ ਚੋਰੀ ਹੋ ਗਏ ਸਨ। ਅਜਿਹਾ ਉਦੋਂ ਹੋਇਆ ਹੈ ਜਦੋਂ ਦੇਸ਼ ਭਰ ਵਿੱਚ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਮਹਿਲਾ ਕਿਸਾਨ ਨੇ ਦੱਸਿਆ ਕਿ ਕਰਜ਼ਾ ਲੈ ਕੇ ਉਨ੍ਹਾਂ ਨੇ ਟਮਾਟਰਾਂ ਦੀ ਖੇਤੀ ਕੀਤੀ ਸੀ। ਹੁਣ ਟਮਾਟਰ ਚੋਰੀ ਹੋਣ ਨਾਲ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ।


ਉਸਨੇ ਕਿਹਾ, “ਸਾਨੂੰ ਬੀਨ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਟਮਾਟਰ ਉਗਾਉਣ ਲਈ ਕਰਜ਼ਾ ਲਿਆ ਸੀ। ਸਾਡੀ ਫ਼ਸਲ ਚੰਗੀ ਸੀ ਤੇ ਭਾਅ ਵੀ ਅਸਮਾਨੀ ਚੜੇ ਹੋਏ ਹਨ। ਚੋਰਾਂ ਨੇ ਟਮਾਟਰ ਦੀਆਂ 50-60 ਬੋਰੀਆਂ ਲੈ ਕੇ ਜਾਣ ਤੋਂ ਇਲਾਵਾ ਬਾਕੀ ਖੜ੍ਹੀ ਫਸਲ ਨੂੰ ਵੀ ਨਸ਼ਟ ਕਰ ਦਿੱਤਾ। ਮਹਿਲਾ ਕਿਸਾਨ ਨੇ ਦੱਸਿਆ ਕਿ ਉਸ ਨੇ ਦੋ ਏਕੜ ਜ਼ਮੀਨ ਵਿੱਚ ਟਮਾਟਰ ਉਗਾਏ ਸਨ ਅਤੇ ਕਿਹਾ ਕਿ ਉਹ ਇਸ ਫ਼ਸਲ ਨੂੰ ਮੰਡੀ ਵਿੱਚ ਲੈ ਕੇ ਜਾਣ ਦੀ ਯੋਜਨਾ ਬਣਾ ਰਹੀ ਹੈ।


ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਹਲੇਬੀਡੂ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਬੇਲੂਰ ਤਾਲੁਕ ਦੇ ਅਧੀਨ ਗੋਨੀ ਸੋਮਨਹੱਲੀ ਪਿੰਡ ਦੀ ਹੈ। ਪੁਲਿਸ ਅਨੁਸਾਰ ਮਹਿਲਾ ਕਿਸਾਨ ਨੇ ਦੱਸਿਆ ਹੈ ਕਿ ਉਸ ਦੇ ਖੇਤ ਵਿੱਚੋਂ ਟਮਾਟਰ ਦੀਆਂ 50-60 ਬੋਰੀਆਂ ਜਿਨ੍ਹਾਂ ਦੀ ਕੀਮਤ 2.5 ਲੱਖ ਰੁਪਏ ਬਣਦੀ ਹੈ, ਕਥਿਤ ਤੌਰ ’ਤੇ ਚੋਰੀ ਹੋ ਗਈ ਹੈ। ਹਲੇਬੀਡੂ ਥਾਣੇ ਦੇ ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਸੁਪਾਰੀ ਅਤੇ ਹੋਰ ਵਪਾਰਕ ਫਸਲਾਂ ਦੀ ਚੋਰੀ ਬਾਰੇ ਸੁਣਿਆ ਹੈ ਪਰ ਕਦੇ ਵੀ ਕਿਸੇ ਨੇ ਟਮਾਟਰ ਚੋਰੀ ਕਰਨ ਬਾਰੇ ਨਹੀਂ ਸੁਣਿਆ। ਇਹ ਪਹਿਲੀ ਵਾਰ ਹੈ ਕਿ ਸਾਡੇ ਥਾਣੇ ਵਿੱਚ ਅਜਿਹਾ ਮਾਮਲਾ ਦਰਜ ਹੋਇਆ ਹੈ।


ਇਹ ਵੀ ਪੜ੍ਹੋ : Punjab News: ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ!