ਆਯੂਸ਼ਮਾਨ ਸਕੀਮ ਤਹਿਤ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਪੀ. ਜੀ. ਆਈ. ਵਿਚ ਮੁੜ ਤੋਂ ਹੋਵੇਗਾ ਸ਼ੁਰੂ, ਵਿੱਤ ਮੰਤਰੀ ਹਰਪਾਲ ਚੀਮਾ ਨੇ ਕੀਤਾ ਐਲਾਨ
ਪੀ.ਜੀ.ਆਈ ਵਿੱਚ ਆਯੂਸ਼ਮਾਨ ਸਕੀਮ ਤਹਿਤ ਮੁੜ ਤੋਂ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਸ਼ੁਰੂ ਹੋਵੇਗਾ, ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਖੁਦ ਇਸਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਲੰਘੇ ਦਿਨੇ ਬਕਾਇਆ ਰਾਸ਼ੀ ਨਾ ਮਿਲਣ ਕਰਕੇ ਪੀ. ਜੀ. ਆਈ. ਵੱਲੋਂ ਮੁਫਤ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ।
ਚੰਡੀਗੜ: ਆਯੂਸ਼ਮਾਨ ਸਕੀਮ ਅਧੀਨ ਆਉਂਦੇ ਗਰੀਬ ਪਰਿਵਾਰ ਦੇ ਲੋਕ ਆਪਣਾ 5 ਲੱਖ ਤੱਕ ਦਾ ਇਲਾਜ ਫਰੀ ਕਰਵਾ ਸਕਦੇ ਹਨ। ਪਰ ਬੀਤੇ ਦਿਨੀ ਚੰਡੀਗੜ ਦੇ ਪੀ. ਜੀ. ਆਈ. ਪ੍ਰਬੰਧਨ ਵੱਲੋਂ ਆਯੂਸ਼ਮਾਨ ਸਕੀਮ ਤਹਿਤ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਗਿਆ ਸੀ। ਪੀ. ਜੀ. ਆਈ. ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਸਕੀਮ ਤਹਿਤ ਹੋਏ ਇਲਾਜਾਂ ਦੀ ਤਕਰੀਬਨ 16 ਕਰੋੜ ਦੀ ਬਕਾਇਆ ਰਾਸ਼ੀ ਜਾਰੀ ਨਹੀਂ ਕੀਤੀ ਗਈ ਜਿਸ ਕਾਰਨ ਉਹਨਾਂ ਨੂੰ ਇਲਾਜ ਬੰਦ ਕਰਨ ਦਾ ਫੈਸਲਾ ਲੈਣਾ ਪਿਆ।
ਪੀ. ਜੀ. ਆਈ. ਵੱਲੋਂ ਇਲਾਜ ਬੰਦ ਕਰਨ ਦੀਆਂ ਖਬਰਾਂ ਨੂੰ ਲੈ ਕੇ ਮਰੀਜ਼ਾਂ ਦੇ ਪਰਿਵਾਰਾਂ ਅਤੇ ਪੰਜਾਬ ਦੇ ਲੋਕਾਂ ਵਿਚ ਰੋਸ ਪਾਇਆ ਗਿਆ ਅਤੇ ਸੋਸ਼ਲ ਮੀਡੀਆਂ ‘ਤੇ ਵੀ ਇਸਨੂੰ ਲੈ ਕੇ ਪੰਜਾਬ ਸਰਕਾਰ ਦੀ ਖੂਬ ਭੰਡੀ ਹੋਈ। ਵਿਰੋਧੀ ਧਿਰਾਂ ਵੱਲੋਂ ਵੀ ਪੰਜਾਬ ਸਰਕਾਰ ਉੱਤੇ ਕਈ ਸਵਾਲ ਚੁੱਕੇ ਗਏ।
ਪੀ. ਜੀ. ਆਈ. ਵਿਚ ਆਯੂਸ਼ਮਾਨ ਸਕੀਮ ਅਧੀਨ ਆਉਂਦੇ ਪੰਜਾਬ ਦੇ ਲੋਕਾਂ ਦਾ ਇਲਾਜ ਬੰਦ ਦੀਆਂ ਚਰਚਾਵਾਂ ਵਿਚਾਲੇ ਹੀ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਦਾ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਯੂਸ਼ਮਾਨ ਸਕੀਮ ਤਹਿਤ ਪੀ. ਜੀ. ਆਈ. ਸਮੇਤ ਸਾਰੀਆਂ ਸਿਹਤ ਸੰਸਥਾਵਾਂ ਦੇ ਬਕਾਏ ਕਲੀਅਰ ਕਰਨ ਲਈ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਇਸ ਸਕੀਮ ਅਧੀਨ ਆਉਂਦੇ ਮਰੀਜ਼ ਇਸਦਾ ਲਾਭ ਉੱਠਾ ਸਕਣਗੇ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਯੂਸ਼ਮਾਨ ਭਾਰਤ ਬੀਮਾ ਯੋਜਨਾ ਤਹਿਤ ਜਿਸ ਕੰਪਨੀ ਨਾਲ ਸਮਝੌਤਾ ਕੀਤਾ ਗਿਆ ਸੀ ਉਸਨੂੰ ਪਿਛਲੀ ਸਰਕਾਰ ਨੇ ਦਸੰਬਰ 2021 ਵਿਚ ਖਤਮ ਕਰ ਦਿੱਤਾ ਸੀ।