Earth Day 2023: ਕੁਦਰਤੀ ਸੋਮਿਆਂ ਦਾ ਹੋ ਰਿਹੈ ਘਾਣ, ਧਰਤੀ ਮਾਂ ਦੀ ਸੁਣੋ ਪੁਕਾਰ
Earth Day 2023: ਮਨੁੱਖੀ ਜੀਵਨ ਧਰਤੀ ਉਪਰ ਕੁਦਰਤ ਦਾ ਸਭ ਤੋਂ ਵੱਡਾ ਤੇ ਅਨਮੋਲ ਤੋਹਫਾ ਹੈ ਪਰ ਹੁਣ ਮਨੁੱਖੀ ਕਿਰਿਆਵਾਂ ਹੀ ਧਰਤੀ ਨੂੰ ਨੁਕਸਾਨ ਪਹੁੰਚਾਉਣ ਦਾ ਸਭ ਤੋਂ ਵੱਡਾ ਕਾਰਨ ਬਣ ਰਹੀਆਂ ਹਨ। ਮਨੁੱਖੀ ਨੂੰ ਜਾਗਰੂਕ ਕਰਨ ਲਈ ਹਰ ਸਾਲ ਵੱਖ-ਵੱਖ ਦਿਹਾੜੇ ਮਨਾਏ ਜਾਂਦੇ ਹਨ।
Earth Day 2023: ਸੰਸਾਰ ਵਿੱਚ ਕੁਦਰਤੀ ਸੋਮਿਆਂ ਦੇ ਹੋਰ ਰਹੇ ਘਾਣ ਨੂੰ ਰੋਕਣ ਲਈ ਧਰਤ ਦਿਵਸ ਮਨਾਇਆ ਜਾਂਦਾ ਹੈ। ਕਾਫੀ ਹੱਦ ਤੱਕ ਮਨੁੱਖੀ ਕਿਰਿਆਵਾਂ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦਾ ਕਾਰਨ ਬਣੀ ਰਹੀਆਂ ਹਨ। ਸਾਡੀ ਧਰਤੀ ਨੂੰ ਕਿਹੜੇ ਕਾਰਨਾਂ ਨਾਲ ਨੁਕਸਾਨ ਹੋ ਰਿਹਾ ਹੈ ਤੇ ਇਸ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ, ਇਸ ਬਾਰੇ ਜਾਣਨ ਲਈ ਜਾਗਰੂਕਤਾ ਜ਼ਰੂਰੀ ਹੈ। ਧਰਤੀ ਉਪਰ ਜ਼ਿੰਦਗੀ ਬਹੁਤ ਹੀ ਸੁਚਾਰੂ ਢੰਗ ਨਾਲ ਵਿਕਸਿਤ ਹੋਈ ਹੈ, ਚਾਹੇ ਉਹ ਮਨੁੱਖੀ ਜ਼ਿੰਦਗੀ ਦੇ ਰੂਪ ਵਿੱਚ ਹੋਵੇ ਜਾਂ ਪਸ਼ੂ ਪੰਛੀਆਂ, ਪੌਂਦੇ ਜਾਂ ਸਮੁੰਦਰੀ ਜੀਵਾ ਦੀ ਜ਼ਿੰਦਗੀ ਹੋਵੇ। ਇਹ ਸਭ ਇੱਕ ਦੂਜੇ ਦੇ ਪੂਰਕ ਹਨ। ਧਰਤੀ ਉੱਪਰ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਲਈ ਇਨ੍ਹਾਂ ਸਭ ਦੀ ਹੋਂਦ ਬਹੁਤ ਜ਼ਰੂਰੀ ਹੈ।
ਧਰਤੀ ਮਾਂ ਦੇ ਰੂਪ 'ਚ ਇਨ੍ਹਾਂ ਸਭ ਦਾ ਬਰਾਬਰ ਧਿਆਨ ਰੱਖਦੀ ਹੈ। ਮਨੁੱਖੀ ਜੀਵਨ ਇਸ ਧਰਤੀ ਉਪਰ ਕੁਦਰਤ ਦਾ ਸਭ ਤੋਂ ਵੱਡਾ ਤੋਹਫਾ ਹੈ। ਅੱਜ ਵਿਸ਼ਵ ਵਾਤਾਵਰਣ 'ਚ ਹੋ ਰਿਹਾ ਬਦਲਾਅ ਬੇਹੱਦ ਚਿੰਤਾਜਨਕ ਵਿਸ਼ਾ ਹੈ। ਜੇ ਕਿਹਾ ਜਾਵੇ ਕਿ ਧਰਤੀ ਮਾਂ ਦੀ ਹਿੱਕ ਵਾਹ-ਵਾਹ ਕੇ ਸਾਰੀ ਕੁਦਰਤੀ ਬਨਸਪਤੀ ਅਸੀਂ ਖ਼ਤਮ ਕਰ ਦਿੱਤੀ ਤਾਂ ਅਤਿਕਥਨੀ ਨਹੀਂ ਹੈ। ਸੜਕਾਂ ਚੌੜੀਆਂ ਕਰਨ ਵੇਲੇ ਪੁਰਾਣੇ ਰੁੱਖਾਂ ਦੀ ਬੇਤਹਾਸ਼ਾ ਕਟਾਈ ਹੋਈ ਹੈ। ਚੰਗਾ ਹੁੰਦਾ ਜੇ ਕੱਟਣ ਵਾਲੇ ਰੁੱਖਾਂ ਤੋਂ ਦੋ ਗੁਣਾ ਪੌਦੇ ਪਹਿਲਾਂ ਹੀ ਲਗਾ ਦਿੱਤੇ ਜਾਂਦੇ। ਧਰਤੀ ਹੇਠਲੇ ਪਾਣੀ ਦਾ ਘਟਣਾ ਅਤੇ ਡੂੰਘਾ ਹੋਣ ਪਿੱਛੇ ਵੀ ਜੰਗਲਾਂ ਦਾ ਖ਼ਤਮ ਹੋਣਾ ਹੀ ਹੈ।
ਇਨਸਾਨ ਨੂੰ ਕੁਦਰਤੀ ਸੋਮਿਆਂ ਦੀ ਸੰਭਾਲ ਲਈ ਜਾਗਰੂਕ ਕਰਨ ਲਈ ਵੱਖ-ਵੱਖ ਦਿਨ ਮਨਾਏ ਜਾਂਦੇ ਹਨ। ਅੱਜ ਪੂਰੇ ਆਲਮ ਵਿੱਚ "ਵਿਸ਼ਵ ਧਰਤੀ ਦਿਵਸ" ਮਨਾਇਆ ਜਾ ਰਿਹਾ ਹੈ। ਹਰ ਸਾਲ 22 ਅਪ੍ਰੈਲ ਨੂੰ ਧਰਤੀ ਨਾਲ ਜੁੜੀਆਂ ਚੁਣੌਤੀਆਂ ਜਿਵੇਂ ਕਿ ਜਲਵਾਯੂ ਪਰਿਵਰਤਨ, ਗਲੋਬਲ ਵਾਰਮਿੰਗ, ਪ੍ਰਦੂਸ਼ਣ, ਇਨ੍ਹਾਂ ਸਮੱਸਿਆਵਾਂ ਨਾਲ ਕਿਵੇਂ ਨਜਿੱਠਣਾ ਹੈ ਅਤੇ ਧਰਤੀ ਨੂੰ ਸੁਰੱਖਿਅਤ ਬਣਾਉਣ ਬਾਰੇ ਚਰਚਾ ਕੀਤੀ ਜਾਂਦੀ ਹੈ। ਧਰਤੀ ਦਿਵਸ ਸੰਸਥਾ ਵੱਲੋਂ ਇਸ ਦਿਨ ਕਈ ਜਾਗਰੂਕ ਸਮਾਗਮ ਕਰਵਾਏ ਜਾਂਦੇ ਹਨ, ਜਿਸ ਵਿੱਚ 193 ਦੇਸ਼ਾਂ ਦੇ 1 ਅਰਬ ਤੋਂ ਵੱਧ ਲੋਕ ਸ਼ਾਮਲ ਹੁੰਦੇ ਹਨ। ਹਰ ਸਾਲ ਧਰਤੀ ਦਿਵਸ ਨੂੰ ਵੱਖਰੀ ਥੀਮ ਦਿੱਤੀ ਜਾਂਦੀ ਹੈ। ਇਸ ਵਾਰ 'ਇਨਵੈਸਟ ਇਨ ਆਵਰ ਅਰਥ' ਦਿੱਤਾ ਗਿਆ ਹੈ, ਜਿਸ ਦਾ ਮਤਲਬ ਹੈ ਧਰਤੀ 'ਤੇ ਵੱਧ ਤੋਂ ਵੱਧ ਨਿਵੇਸ਼ ਕਰੋ।
ਤੁਹਾਨੂੰ ਦੱਸ ਦੇਈਏ ਕਿ ਵਿਸ਼ਵ ਧਰਤੀ ਦਿਵਸ ਦੀ ਸ਼ੁਰੂਆਤ ਸਾਲ 1970 ਵਿੱਚ ਹੋਈ ਸੀ। ਦਰਅਸਲ ਸਾਲ 1969 ਵਿੱਚ ਕੈਲੀਫੋਰਨੀਆ ਦੇ ਸਾਂਤਾ ਬਾਰਬਰਾ ਵਿੱਚ ਤੇਲ ਲੀਕ ਹੋਣ ਦੀ ਇੱਕ ਵੱਡੀ ਘਟਨਾ ਵਾਪਰੀ ਸੀ, ਜਿਸ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਵੱਡੀ ਘਟਨਾ ਨੇ ਵਿਸਕਾਨਸਿਨ ਦੇ ਸੈਨੇਟਰ ਗੇਲਰਡ ਨੈਲਸਨ ਨੂੰ ਬਹੁਤ ਪਰੇਸ਼ਾਨ ਕਰ ਦਿੱਤਾ। ਉਦੋਂ ਤੋਂ ਨੈਲਸਨ ਨੇ ਵਾਤਾਵਰਣ ਨੂੰ ਬਚਾਉਣ ਲਈ ਪੱਕਾ ਇਰਾਦਾ ਬਣਾ ਲਿਆ। ਪਹਿਲੀ ਵਾਰ ਧਰਤੀ ਦਿਵਸ 22 ਅਪ੍ਰੈਲ 1970 ਨੂੰ ਵੱਡੇ ਪੱਧਰ 'ਤੇ ਮਨਾਇਆ ਗਿਆ।
ਇਹ ਵੀ ਪੜ੍ਹੋ : Poonch Terrorist Attack: ਨਮ ਅੱਖਾਂ ਨਾਲ ਸ਼ਹੀਦ ਜਵਾਨਾਂ ਨੂੰ ਦਿੱਤੀ ਗਈ ਅੰਤਿਮ ਵਿਦਾਈ, ਸਰਹੱਦ ਦੇ ਰਖਵਾਲੇ ਅਮਰ ਰਹਿਣ
ਧਰਤੀ ਦਿਵਸ ਪਹਿਲੀ ਵਾਰ 1970 ਵਿੱਚ ਮਨਾਇਆ ਗਿਆ ਸੀ। ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਅਮਰੀਕਾ ਵਿੱਚ ਹੋਈ। ਇਹ ਅਮਰੀਕੀ ਸੈਨੇਟ ਗੇਲਰਡ ਨੈਲਸਨ ਦੇ ਸੱਦੇ ਤੋਂ ਬਾਅਦ ਹੀ ਸ਼ੁਰੂ ਕੀਤਾ ਗਿਆ ਸੀ। ਉਸ ਸਮੇਂ ਲਗਭਗ 20 ਮਿਲੀਅਨ ਲੋਕ ਵਾਤਾਵਰਣ ਦੇ ਪਲੀਤ ਹੋਣ ਦੇ ਵਿਰੋਧ ਵਿੱਚ ਸੜਕਾਂ 'ਤੇ ਉਤਰ ਆਏ ਸਨ। ਵਾਤਾਵਰਣ ਸੰਬੰਧੀ ਮੁੱਦਿਆਂ ਜਿਵੇਂ ਕਿ 1969 ਦੇ ਸੈਂਟਾ ਬਾਰਬਰਾ ਤੇਲ ਲੀਕ, ਧੂੰਏਂ ਅਤੇ ਪ੍ਰਦੂਸ਼ਿਤ ਨਦੀਆਂ ਵੱਲ ਵਿਸ਼ਵ ਦਾ ਧਿਆਨ ਦਿਵਾਇਆ ਗਿਆ। ਉਦੋਂ ਤੋਂ ਹਰ ਸਾਲ ਇਸ ਤਾਰੀਖ ਨੂੰ ਵਿਸ਼ਵ ਧਰਤੀ ਦਿਵਸ ਮਨਾਇਆ ਜਾਂਦਾ ਹੈ। ਇਸ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ 2009 ਵਿੱਚ 22 ਅਪ੍ਰੈਲ ਨੂੰ ‘ਅੰਤਰਰਾਸ਼ਟਰੀ ਮਾਂ ਧਰਤੀ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ। ਇਹ ਵਿਸ਼ਵ ਪੱਧਰ 'ਤੇ EARTHDAY.ORG ਨਾਮਕ ਇੱਕ ਗੈਰ-ਮੁਨਾਫ਼ਾ ਸੰਸਥਾ ਵੱਲੋਂ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ : Punjab Coronavirus Update: ਪੰਜਾਬ 'ਚ 411 ਨਵੇਂ ਕੇਸ ਆਏ ਸਾਹਮਣੇ ਤੇ ਜਲੰਧਰ ਵਿੱਚ ਇੱਕ ਦੀ ਮੌਤ