Chandigarh News: ਭਾਜਪਾ `ਚ ਸ਼ਾਮਲ ਹੋਈਆਂ ਦੋ ਕੌਂਸਲਰਾਂ ਦੀ `ਆਪ` `ਚ ਵਾਪਸੀ; ਭਾਜਪਾ ਨੂੰ ਵੱਡਾ ਝਟਕਾ
Chandigarh News: ਚੰਡੀਗੜ੍ਹ ਨਗਰ ਨਿਗਮ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਤੋਂ ਬਾਅਦ ਮੁੜ ਸਿਆਸਤ ਭਖ ਗਈ ਹੈ।
Chandigarh News: ਚੰਡੀਗੜ੍ਹ ਨਗਰ ਨਿਗਮ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਤੋਂ ਬਾਅਦ ਮੁੜ ਸਿਆਸਤ ਭਖ ਗਈ ਹੈ। ਦਰਅਸਲ ਮੇਅਰ ਦੀ ਚੋਣ ਦਰਮਿਆਨ ਭਾਜਪਾ ਵਿੱਚ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਦੋ ਕੌਂਸਲਰਾਂ ਦੀ ਘਰ ਵਾਪਸੀ ਹੋ ਗਈ ਹੈ।
ਕੌਂਸਲਰ ਨੇਹਾ ਮੁਸਾਵਤ ਅਤੇ ਪੂਨਮ ਦੇਵੀ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਈਆਂ ਹਨ। ਇਸ ਤੋਂ ਪਹਿਲਾਂ ਦੋਵੇਂ 18 ਫਰਵਰੀ ਨੂੰ ਕੌਂਸਲਰ ਨੇਹਾ ਮੁਸਾਵਤ, ਪੂਨਮ ਦੇਵੀ ਅਤੇ ਗੁਰਚਰਨ ਕਾਲਾ ਭਾਜਪਾ 'ਚ ਸ਼ਾਮਲ ਹੋ ਗਏ ਸਨ। ਉਸ ਵਕਤ ਮੇਅਰ ਚੋਣ ਦਾ ਮਾਮਲਾ ਸੁਪਰੀਮ ਵਿੱਚ ਵਿਚਾਰ ਅਧੀਨ ਸੀ।
ਭਾਜਪਾ ਨੂੰ ਉਮੀਦ ਸੀ ਕਿ ਸੁਪਰੀਮ ਕੋਰਟ ਮੇਅਰ ਚੋਣਾਂ ਦੁਬਾਰਾ ਕਰਵਾਏਗੀ। ਜਿਸ ਕਾਰਨ ਨੇਹਾ, ਪੂਨਮ ਅਤੇ ਗੁਰਚਰਨ ਕਾਲਾ ਦੀ ਸ਼ਮੂਲੀਅਤ ਨਾਲ ਬਹੁਮਤ ਹਾਸਲ ਕਰਨ ਦੀ ਮੰਸ਼ਾ ਸੀ। ਇਸੇ ਆਧਾਰ ’ਤੇ ਉਨ੍ਹਾਂ ਚੰਡੀਗੜ੍ਹ ਕਾਰਪੋਰੇਸ਼ਨ ਵਿੱਚ ਆਪਣੇ ਆਪ ਨੂੰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਵੀ ਬਣਾਇਆ। ਹੁਣ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ (ਐੱਫ.ਐਂਡ.ਸੀ.ਸੀ.) ਦੀਆਂ ਚੋਣਾਂ ਹੋਣੀਆਂ ਹਨ, ਅਜਿਹੇ 'ਚ ਪੱਖ ਬਦਲਣ ਦੀ ਇਹ ਖੇਡ ਭਾਜਪਾ ਲਈ ਵੱਡਾ ਝਟਕਾ ਹੋ ਸਕਦੀ ਹੈ।
ਪੂਨਮ ਦੇਵੀ: ਕੌਂਸਲਰ ਪੂਨਮ ਨੇ ਕਿਹਾ ਸੀ ਕਿ ਉਹ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਈ ਹੈ। 'ਆਪ' ਨੇ ਉਨ੍ਹਾਂ ਨੂੰ ਮੇਅਰ ਉਮੀਦਵਾਰ ਬਣਾਉਣ ਦਾ ਵਾਅਦਾ ਕੀਤਾ ਸੀ। ਉਸਦਾ ਪਤੀ ਸਮਾਜ ਸੇਵੀ ਹੈ ਅਤੇ ਲੋਕਾਂ ਨਾਲ ਚੰਗੇ ਸਬੰਧ ਰੱਖਦਾ ਹੈ। ਆਪ ਨੇ ਉਸ ਦੇ ਪਤੀ ਨੂੰ ਝੂਠਾ ਫਸਾਇਆ ਅਤੇ ਜੇਲ੍ਹ ਭੇਜ ਦਿੱਤਾ।
ਨੇਹਾ ਮੁਸਾਵਤ: ਕੌਂਸਲਰ ਨੇਹਾ ਨੇ ਕਿਹਾ ਸੀ ਕਿ ਉਹ ਸਾਰੇ ਕੌਂਸਲਰਾਂ ਵਿੱਚੋਂ ਸਭ ਤੋਂ ਵੱਧ ਪੜ੍ਹੀ-ਲਿਖੀ ਹੈ। ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਮੇਅਰ ਦਾ ਉਮੀਦਵਾਰ ਬਣਾਇਆ ਜਾਵੇਗਾ। ਆਖ਼ਰਕਾਰ ਪਾਰਟੀ (ਆਪ) ਵੱਲੋਂ ਕੁਲਦੀਪ ਕੁਮਾਰ ਨੂੰ ਮੇਅਰ ਦਾ ਉਮੀਦਵਾਰ ਬਣਾ ਦਿੱਤਾ ਗਿਆ। ਉਨ੍ਹਾਂ ਨਾਲ ਝੂਠੇ ਵਾਅਦੇ ਕੀਤੇ ਗਏ ਸਨ, ਜਿਸ ਕਾਰਨ ਉਨ੍ਹਾਂ ਪਾਰਟੀ ਛੱਡ ਦਿੱਤੀ ਹੈ। ਇਸ ਤੋਂ ਇਲਾਵਾ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗਰੀਬਾਂ ਲਈ ਕੀਤੇ ਗਏ ਕੰਮਾਂ ਤੋਂ ਵੀ ਪ੍ਰਭਾਵਿਤ ਹਨ।