Chandigarh News: ਦੀਵਾਲੀ ਵਾਲੀ ਰਾਤ ਆਈਏਐਸ ਅਧਿਕਾਰੀ ਦੇ ਘਰ `ਤੇ ਫਾਇਰਿੰਗ; ਜਾਨੀ ਨੁਕਸਾਨ ਤੋਂ ਬਚਾਅ
Chandigarh News: ਦੀਵਾਲੀ ਦੀ ਰਾਤ ਪੰਜਾਬ ਕੇਡਰ ਦੇ ਇੱਕ ਆਈਏਐਸ ਅਧਿਕਾਰੀ ਦੇ ਘਰ `ਤੇ ਫਾਇਰਿੰਗ ਦੀ ਖ਼ਬਰ ਸਾਹਮਣੇ ਆ ਰਹੀ ਹੈ।
Chandigarh News: ਦੀਵਾਲੀ ਦੀ ਰਾਤ ਪੰਜਾਬ ਕੇਡਰ ਦੇ ਇੱਕ ਆਈਏਐਸ ਅਧਿਕਾਰੀ ਦੇ ਘਰ 'ਤੇ ਫਾਇਰਿੰਗ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਘਟਨਾ ਚੰਡੀਗੜ੍ਹ ਦੇ ਸੈਕਟਰ 24 ਵਿੱਚ ਰਹਿਣ ਵਾਲੇ ਆਈਏਐਸ ਅਧਿਕਾਰੀ ਵਰਿੰਦਰ ਕੁਮਾਰ ਸ਼ਰਮਾ ਦੇ ਘਰ ਵਾਪਰੀ। ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਗੋਲੀਆਂ ਚਲਾਈਆਂ।
ਘਟਨਾ ਸਮੇਂ ਵਰਿੰਦਰ ਕੁਮਾਰ ਸ਼ਰਮਾ ਆਪਣੇ ਪਰਿਵਾਰ ਨਾਲ ਘਰ 'ਚ ਮੌਜੂਦ ਸੀ। ਇਸ ਗੋਲੀਬਾਰੀ ਵਿੱਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਵਰਿੰਦਰ ਕੁਮਾਰ ਸ਼ਰਮਾ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿੱਚ ਤਾਇਨਾਤ ਹਨ ਤੇ ਇਨ੍ਹਾਂ ਦਿਨਾਂ ਵਿੱਚ ਉਨ੍ਹਾਂ ਦੀ ਤਾਇਨਾਤੀ ਚੰਡੀਗੜ੍ਹ ਵਿੱਚ ਹੀ ਹੈ।
ਚੰਡੀਗੜ੍ਹ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸੀਨੀਅਰ ਆਈਏਐਸ ਅਧਿਕਾਰੀ ਵਰਿੰਦਰ ਕੁਮਾਰ ਸ਼ਰਮਾ ਦੀਵਾਲੀ ਦੀ ਰਾਤ ਚੰਡੀਗੜ੍ਹ ਸਥਿਤ ਆਪਣੀ ਸਰਕਾਰੀ ਰਿਹਾਇਸ਼ ’ਤੇ ਪੂਜਾ ਅਰਚਨਾ ਕਰਨ ਮਗਰੋਂ ਪਰਿਵਾਰਕ ਮੈਂਬਰਾਂ ਨਾਲ ਬੈਠੇ ਸਨ। ਇਸ ਦੇ ਨਾਲ ਹੀ ਸੜਕ ਤੋਂ ਅਣਪਛਾਤੇ ਬਦਮਾਸ਼ਾਂ ਵੱਲੋਂ ਉਨ੍ਹਾਂ ਦੇ ਘਰ 'ਤੇ ਗੋਲੀਬਾਰੀ ਕੀਤੀ ਗਈ। ਬਦਮਾਸ਼ਾਂ ਵੱਲੋਂ ਚਲਾਈ ਗਈ ਗੋਲੀ ਵਰਿੰਦਰ ਕੁਮਾਰ ਸ਼ਰਮਾ ਦੇ ਘਰ ਦੇ ਇੱਕ ਕਮਰੇ ਦੀ ਖਿੜਕੀ ਵਿੱਚ ਜਾ ਵੱਜੀ ਜੋ ਕਿ ਪਲਾਈ ਨਾਲ ਬੰਦ ਸੀ।
ਇਹ ਵੀ ਪੜ੍ਹੋ : Ludhiana Fire News: ਆਤਿਸ਼ਬਾਜ਼ੀ ਡਿੱਗਣ ਕਾਰਨ ਟੈਂਟ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ
ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਗੋਲੀ ਪਲਾਈ ਵਿੱਚ ਹੀ ਫਸ ਗਈ ਸੀ। ਹਾਲਾਂਕਿ ਗੋਲੀ ਨਾਲ ਪਲਾਈ ਵਿੱਚ ਇੱਕ ਮੋਰੀ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਵਰਿੰਦਰ ਕੁਮਾਰ ਸ਼ਰਮਾ ਨੇ ਖੁਦ ਰਾਤ 11:30 ਵਜੇ ਚੰਡੀਗੜ੍ਹ ਪੁਲਿਸ ਨੂੰ ਸੂਚਿਤ ਕੀਤਾ। ਮਾਮਲਾ ਸੀਨੀਅਰ ਸਰਕਾਰੀ ਅਫ਼ਸਰ ਨਾਲ ਸਬੰਧਤ ਹੋਣ ਕਾਰਨ ਚੰਡੀਗੜ੍ਹ ਪੁਲਿਸ ਦੇ ਡੀਸੀਪੀ ਕ੍ਰਾਈਮ ਉਦੈਭਾਨ ਸਿੰਘ, ਸੈਕਟਰ-11 ਥਾਣੇ ਦੇ ਐਸਐਚਓ ਅਤੇ ਸੈਕਟਰ 24 ਥਾਣੇ ਦੇ ਇੰਚਾਰਜ ਰਾਤ ਨੂੰ ਹੀ ਮੌਕੇ ’ਤੇ ਪਹੁੰਚ ਗਏ। ਮੌਕੇ 'ਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ, ਜਿਸ ਨੇ ਮੌਕੇ ਤੋਂ ਗੋਲੀ ਦਾ ਖਾਲੀ ਖੋਲ ਬਰਾਮਦ ਕਰ ਲਿਆ ਸੀ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰਕੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Chandigarh Air Quality: ਚੰਡੀਗੜ੍ਹ 'ਚ ਧੂਮਧਾਮ ਨਾਲ ਮਨਾਈ ਗਈ ਦੀਵਾਲੀ, ਖੂਬ ਚੱਲੇ ਪਟਾਕੇ, AQI 226