Chandigarh News: ਪੀ.ਜੀ.ਆਈ. ਨੇ ਰੈਜ਼ੀਡੈਂਟ ਡਾਕਟਰਾਂ ਦੀ ਇੱਕ ਪੁਰਾਣੀ ਮੰਗ ਨੂੰ ਪੂਰਾ ਕਰਦੇ ਹੋਏ ਸੰਸਥਾ ਵਿਚ ਇੰਸਟੀਟਿਊਸ਼ਨਲ ਐੱਫ.ਆਈ.ਆਰ. ਸਿਸਟਮ ਸ਼ੁਰੂ ਕੀਤਾ ਸੀ। ਇਸ ਸਿਸਟਮ ’ਤੇ ਹੁਣ ਸਿਹਤ ਮੰਤਰਾਲੇ ਨੇ ਵੀ ਇੱਕ ਸਰਕੂਲਰ ਜਾਰੀ ਕੀਤਾ ਹੈ, ਜਿਸ ਅਨੁਸਾਰ ਸੰਸਥਾ ’ਚ ਨਾ ਸਿਰਫ ਡਾਕਟਰਾਂ ਨਾਲ ਸਗੋਂ ਕਿਸੇ ਵੀ ਹੈਲਥ ਕੇਅਰ ਵਰਕਰ ਦੇ ਨਾਲ ਜੇਕਰ ਆਨ-ਡਿਊਟੀ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸੰਸਥਾ ਦੇ ਮੁਖੀ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਉਹ 6 ਘੰਟਿਆਂ ਦੇ ਅੰਦਰ-ਅੰਦਰ ਇੰਸਟੀਟਿਊਸ਼ਨਲ ਐੱਫ.ਆਈ.ਆਰ. ਕਰਵਾਏ।


COMMERCIAL BREAK
SCROLL TO CONTINUE READING

ਆਨ-ਡਿਊਟੀ ਹੋਈ ਹਿੰਸਾ ਵਿਰੁੱਧ ਜੇਕਰ ਪੀੜਤ ਚਾਹੁੰਦਾ ਹੈ ਕਿ ਸੰਸਥਾਗਤ ਐੱਫ.ਆਈ.ਆਰ. ਦਰਜ ਕੀਤੀ ਜਾਏ ਤਾਂ ਪੀੜਤ ਨੂੰ ਆਪਣੇ ਵਿਭਾਗ ਦੇ ਮੁਖੀ ਰਾਹੀਂ ਪੀ.ਜੀ.ਆਈ. ਦੇ ਡਾਇਰੈਕਟਰ ਨੂੰ ਘਟਨਾ ਬਾਰੇ ਲਿਖਤੀ ਜਾਣਕਾਰੀ ਦੇਣੀ ਪਵੇਗੀ। ਨਾਲ ਹੀ ਇੱਕ ਸੰਸਥਾਗਤ ਐੱਫ.ਆਈ.ਆਰ. ਦਰਜ ਕਰਨ ਲਈ ਬੇਨਤੀ ਕਰਨੀ ਹੋਵੇਗੀ, ਜਿਸ ਦੀ ਇੱਕ ਕਾਪੀ ਮੁੱਖ ਸੁਰੱਖਿਆ ਅਧਿਕਾਰੀ ਨੂੰ ਭੇਜਣੀ ਹੋਵੇਗੀ, ਜਿਸ ਤੋਂ ਬਾਅਦ ਮੁੱਖ ਸੁਰੱਖਿਆ ਅਧਿਕਾਰੀ ਦੁਆਰਾ ਅਗਲੀ ਲੋੜੀਂਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।


ਅਜਿਹੀ ਸਥਿਤੀ ਵਿਚ ਜਿੱਥੇ ਪੀੜਤ ਉਪਲਬਧ ਨਾ ਹੋਵੇ ਜਾਂ ਅਸਮਰੱਥ ਹੋਵੇ, ਸਬੰਧਤ ਵਿਭਾਗ ਦਾ ਮੁਖੀ ਪੀ.ਜੀ.ਆਈ. ਦੇ ਡਾਇਰੈਕਟਰ ਨੂੰ ਘਟਨਾ ਬਾਰੇ ਇੱਕ ਲਿਖਤੀ ਸੂਚਨਾ ਭੇਜ ਸਕਦਾ ਹੈ, ਜਿਸ ਦੀ ਇੱਕ ਕਾਪੀ ਮੁੱਖ ਸੁਰੱਖਿਆ ਅਫ਼ਸਰ ਨੂੰ ਭੇਜੀ ਜਾਵੇਗੀ।


ਪੀ.ਜੀ.ਆਈ. ਦੇ ਰੈਜ਼ੀਡੈਂਟ ਡਾਕਟਰਾਂ ਦੀ ਇਹ ਮੰਗ ਬਹੁਤ ਪੁਰਾਣੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸੰਸਥਾ ਵਿਚ ਅਕਸਰ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨਾਲ ਡਾਕਟਰਾਂ ਦਾ ਝਗੜਾ ਹੋ ਜਾਂਦਾ ਹੈ ਅਤੇ ਕਈ ਵਾਰ ਡਾਕਟਰਾਂ ਨਾਲ ਕੁੱਟਮਾਰ ਵਰਗੇ ਮਾਮਲੇ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਮਾਮਲਿਆਂ ਵਿਚ ਸੰਸਥਾ ਨੂੰ ਅੱਗੇ ਆ ਕੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਜੇਕਰ ਘਟਨਾ ਸੰਸਥਾ ਦੇ ਅੰਦਰ ਵਾਪਰਦੀ ਹੈ, ਤਾਂ ਅਜਿਹੀ ਸਥਿਤੀ ’ਚ ਸੰਸਥਾ ਦੀ ਹੀ ਜਿੰਮੇਦਾਰੀ ਬਣਦੀ ਹੈ ਕਿ ਸੰਸਥਾਗਤ ਐੱਫ.ਆਈ.ਆਰ. ਉਨ੍ਹਾਂ ਵੱਲ ਹੋਵੇ।


ਕੁਝ ਦਿਨ ਪਹਿਲਾਂ ਐਮਰਜੈਂਸੀ ਵਿਚ ਇੱਕ ਔਰਤ ਰਾਤ ਸਮੇਂ ਚੋਰੀ ਕਰਦੀ ਫੜੀ ਗਈ ਸੀ। ਰੈਜ਼ੀਡੈਂਟ ਡਾਕਟਰ ਨੇ ਪੁਲਸ ਦੇ ਚੱਕਰ ’ਚ ਨਾ ਪੈਣ ਕਾਰਨ ਔਰਤ ਨੂੰ ਜਾਣ ਦਿੱਤਾ ਅਤੇ ਕੋਈ ਸ਼ਿਕਾਇਤ ਨਹੀਂ ਦਿੱਤੀ। ਜਦੋਂ ਕਿ ਕੁਝ ਦਿਨਾਂ ਬਾਅਦ ਔਰਤ ਫਿਰ ਚੋਰੀ ਕਰਦੀ ਫੜੀ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਕਈ ਲੋਕ ਇਸ ਦਾ ਫਾਇਦਾ ਉਠਾਉਂਦੇ ਹਨ ਕਿ ਫੜੇ ਜਾਣ ’ਤੇ ਵੀ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਹੋਵੇਗੀ। ਪਰ ਹੁਣ ਜਦੋਂ ਸੰਸਥਾਗਤ ਐੱਫ.ਆਈ.ਆਰ. ਸ਼ੁਰੂ ਹੋ ਗਈ ਹੈ। ਅਜਿਹੀ ਸਥਿਤੀ ਵਿਚ ਅਜਿਹੇ ਮਾਮਲਿਆਂ ਨੂੰ ਵੀ ਸੰਸਥਾ ਵਿਚ ਵਾਪਰਨ ਤੋਂ ਵੀ ਰੋਕਿਆ ਜਾ ਸਕੇਗਾ।


ਪੀ.ਜੀ.ਆਈ. ਆਰਥੋਪੈਡਿਕ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਅਨੁਸਾਰ ਹਾਲ ਹੀ ਵਿਚ ਸੰਸਥਾ ਵਿਚ ਦੋ-ਤਿੰਨ ਘਟਨਾਵਾਂ ਵਾਪਰੀਆਂ ਹਨ। ਜਿਸ ਤੋਂ ਬਾਅਦ ਇਸ ਨੂੰ ਲਾਗੂ ਕਰ ਦਿੱਤਾ ਗਿਆ ਹੈ। ਕਈ ਵਾਰ ਡਾਕਟਰ ਸ਼ਿਕਾਇਤ ਦੇਣਾ ਚਾਹੁੰਦੇ ਹਨ, ਪਰ ਉਨ੍ਹਾਂ ਨੂੰ ਲਗਦਾ ਹੈ ਕਿ ਇਸ ਨਾਲ ਉਨ੍ਹਾਂ ਦੇ ਸਮੇਂ ਦੀ ਬਰਬਾਦੀ ਹੋਵੇਗੀ। ਥਾਣੇ ਜਾਂ ਅਦਾਲਤ ਦੇ ਚੱਕਰ ਲਾਉਣੇ ਪੈਣਗੇ। ਜਿਸ ਕਾਰਨ ਉਨ੍ਹਾਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋਵੇਗੀ। ਅਜਿਹੇ ਵਿਚ ਮਾਮਲਾ ਐੱਫ.ਆਈ.ਆਰ. ਤੱਕ ਨਹੀਂ ਪਹੁੰਚਦਾ। ਹੁਣ ਜਦੋਂ ਇਹ ਸਿਸਟਮ ਲਾਗੂ ਹੋ ਗਿਆ ਹੈ ਤਾਂ ਮੁੱਖ ਸੁਰੱਖਿਆ ਅਧਿਕਾਰੀ ਦੁਆਰਾ ਸੰਸਥਾ ਦੀ ਤਰਫੋਂ ਇੱਕ ਸੰਸਥਾਗਤ ਐੱਫ.ਆਈ.ਆਰ. ਦਿੱਤੀ ਜਾਵੇਗੀ।


ਜਿੱਥੋਂ ਤੱਕ ਅਦਾਲਤ ਵਿਚ ਗਵਾਹੀ ਦੇਣ ਦਾ ਸਬੰਧ ਹੈ ਤਾਂ ਟੈਲੀ ਮੈਡੀਸਨ ਜਰੀਏ ਇੱਥੋਂ ਹੀ ਬੈਠੇ-ਬੈਠੇ ਮੈਡੀਕਲੀ ਲੀਗਲ ਮਾਮਲਿਆਂ ’ਚ ਗਵਾਹੀ ਦਿੱਤੀ ਜਾਂਦੀ ਹੈ। ਅਜਿਹੀ ਸਥਿਤੀ ਵਿਚ ਡਾਕਟਰਾਂ ਦਾ ਸਮਾਂ ਬਰਬਾਦ ਨਹੀਂ ਹੁੰਦਾ। ਇਸ ਮਹੀਨੇ ਤੋਂ ਹੀ ਐਮਰਜੈਂਸੀ ਵਿਚ ਡਾਕਟਰ ਅਤੇ ਇੱਕ ਮਰੀਜ਼ ਦੇ ਪਰਿਵਾਰ ਵਿਚ ਝਗੜਾ ਕੁੱਟ-ਮਾਰ ਤੱਕ ਪਹੁੰਚ ਗਿਆ ਸੀ, ਜਿਸ ਤੋਂ ਬਾਅਦ ਸੰਸਥਾ ਵੱਲੋਂ ਮਾਮਲੇ ਵਿਚ ਸੰਸਥਾਗਤ ਐੱਫ.ਆਈ.ਆਰ. ਦਰਜ ਕਰਵਾਈ ਗਈ ਸੀ।