ED Raid News: ਨਾਜਾਇਜ਼ ਮਾਈਨਿੰਗ ਮਾਮਲੇ `ਚ ਚੰਡੀਗੜ੍ਹ, ਹਰਿਆਣਾ ਤੇ ਝਾਰਖੰਡ `ਚ ਛਾਪੇਮਾਰੀ, ਕਰੋੜਾਂ ਰੁਪਏ ਜ਼ਬਤ
ED Raid News: ਈਡੀ ਨੇ ਨਾਜਾਇਜ਼ ਮਾਈਨਿੰਗ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਤੇ ਹੋਰ ਸੂਬਿਆਂ ਵਿੱਚ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ।
ED Raid News: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਨਾਜਾਇਜ਼ ਮਾਈਨਿੰਗ ਮਾਮਲੇ 'ਚ ਹਰਿਆਣਾ, ਚੰਡੀਗੜ੍ਹ ਅਤੇ ਝਾਰਖੰਡ 'ਚ ਅੱਠ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਈਡੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਤਿਰੂਪਤੀ ਰੋਡਵੇਜ਼ ਕੰਪਨੀ, ਗੁਰਪ੍ਰੀਤ ਸਿੰਘ ਸੱਭਰਵਾਲ, ਲਖਮੀਰ ਸਿੰਘ ਸੱਭਰਵਾਲ, ਪ੍ਰਦੀਪ ਗੋਇਲ, ਮੋਹਿਤ ਗੋਇਲ ਤੇ ਹੋਰਾਂ ਦੇ ਅਹਾਤੇ ਦੀ ਤਲਾਸ਼ੀ ਲਈ ਗਈ।
ਜਾਂਚ ਦੌਰਾਨ 2.12 ਕਰੋੜ ਰੁਪਏ ਨਕਦ, ਚੱਲ-ਅਚੱਲ ਜਾਇਦਾਦ ਦੇ ਦਸਤਾਵੇਜ਼ ਅਤੇ ਬੈਂਕ ਲਾਕਰ ਮਿਲੇ ਹਨ। ਈਡੀ ਨੇ ਕਿਹਾ ਕਿ ਮੌਕੇ 'ਤੇ ਮਿਲੇ ਨਕਦੀ, ਡਿਜੀਟਲ ਉਪਕਰਨ ਤੇ ਜਾਇਦਾਦ ਦੇ ਦਸਤਾਵੇਜ਼ ਜ਼ਬਤ ਕਰ ਲਏ ਗਏ ਹਨ। ਈਡੀ ਨੇ ਇਹ ਕਾਰਵਾਈ ਪੰਚਕੂਲਾ ਦੇ ਪਿੰਡ ਰੱਤੇਵਾਲੀ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿੱਚ ਕੀਤੀ ਹੈ।
ਸੂਤਰਾਂ ਮੁਤਾਬਕ ਹਰਿਆਣਾ ਪੁਲਿਸ ਨੇ ਪੰਚਕੂਲਾ ਦੇ ਰੱਤੇਵਾਲੀ ਵਿੱਚ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਐਫ.ਆਈ.ਆਰ. ਦਰਜ ਕੀਤੀ ਸੀ, ਜਦੋਂ ਈਡੀ ਨੇ ਇਸ ਐਫਆਈਆਰ 'ਤੇ ਜਾਂਚ ਸ਼ੁਰੂ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਤਿਰੂਪਤੀ ਰੋਡਵੇਜ਼ ਨੇ ਸੀਮਾ ਤੋਂ ਬਾਹਰ ਜਾ ਕੇ ਰੇਤ ਅਤੇ ਬਜਰੀ ਦੀ ਨਾਜਾਇਜ਼ ਮਾਈਨਿੰਗ ਕੀਤੀ।
ਇਸ ਕਾਰਨ ਹਰਿਆਣਾ ਸਰਕਾਰ ਨੂੰ ਕਰੀਬ 35 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਜਾਂਚ ਦੌਰਾਨ ਈਡੀ ਨੂੰ ਇਹ ਵੀ ਪਤਾ ਲੱਗਾ ਕਿ ਮੁਲਜ਼ਮਾਂ ਨੇ ਗ਼ੈਰ-ਕਾਨੂੰਨੀ ਮਾਈਨਿੰਗ ਤੋਂ ਹੋਣ ਵਾਲੀ ਆਮਦਨ ਨੂੰ ਚੱਲ ਅਤੇ ਅਚੱਲ ਜਾਇਦਾਦਾਂ ਵਿੱਚ ਨਿਵੇਸ਼ ਕੀਤਾ। ਈਡੀ ਨੂੰ ਕਈ ਜਾਇਦਾਦਾਂ ਦੇ ਦਸਤਾਵੇਜ਼ ਮਿਲੇ ਹਨ। ਈਡੀ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ।
ਕਾਬਿਲੇਗੌਰ ਹੈ ਕਿ ਮਈ 2022 ਵਿੱਚ, ਵਿਜੀਲੈਂਸ ਟੀਮ ਨੇ ਤਿਰੂਪਤੀ ਮਾਈਨਿੰਗ ਕੰਪਨੀ ਦੇ ਮਾਲਕ ਦੇ ਘਰ, ਦਫਤਰ ਅਤੇ ਰਾਏਪੁਰਰਾਣੀ ਸਥਿਤ ਮਾਈਨਿੰਗ ਸਾਈਟ 'ਤੇ ਛਾਪਾ ਮਾਰਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਮਈ 2022 ਵਿੱਚ ਹੀ 1800 ਤੋਂ ਵੱਧ ਟਰੱਕਾਂ ਵਿੱਚ ਮਾਈਨਿੰਗ ਸਮੱਗਰੀ ਦੀ ਢੋਆ-ਢੁਆਈ ਕੀਤੀ ਗਈ ਸੀ ਪਰ ਇਨ੍ਹਾਂ ਵਿੱਚੋਂ ਸਿਰਫ਼ 518 ਟਰੱਕਾਂ ਨੂੰ ਹੀ ਜੀਐਸਟੀ ਅਤੇ ਰਾਇਲਟੀ ਦੇ ਬਿੱਲ ਜਾਰੀ ਕੀਤੇ ਗਏ ਸਨ।
ਅਲਾਟ ਕੀਤੀ ਮਾਈਨਿੰਗ ਸਾਈਟ ਦਾ ਸਰਵੇਖਣ ਏਸੀਬੀ ਨੇ ਹਰਿਆਣਾ ਸਪੇਸ ਐਪਲੀਕੇਸ਼ਨ ਸੈਂਟਰ ਦੀ ਮਦਦ ਨਾਲ ਕੀਤਾ ਸੀ। ਇਸ ਵਿੱਚ ਅਲਾਟ ਕੀਤੀ ਥਾਂ ਤੋਂ ਵੱਧ ਰਕਬੇ ਵਿੱਚ ਮਾਈਨਿੰਗ ਹੁੰਦੀ ਪਾਈ ਗਈ। ਇਸ ਤੋਂ ਬਾਅਦ ਏ.ਸੀ.ਬੀ. ਦੀ ਸ਼ਿਕਾਇਤ 'ਤੇ ਤਿਰੂਪਤੀ ਮਾਈਨਿੰਗ ਕੰਪਨੀ ਦੇ ਮਾਲਕ ਅਤੇ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : Chandigarh Mayor Election News: ਚੰਡੀਗੜ੍ਹ ਦੇ ਨਵੇਂ ਮੇਅਰ ਦੀ 18 ਜਨਵਰੀ ਨੂੰ ਹੋਵੇਗੀ ਚੋਣ; ਡਿਪਟੀ ਕਮਿਸ਼ਨਰ ਨੇ ਜਾਰੀ ਕੀਤਾ ਨੋਟਿਸ