Ladowal Toll Plaza Loot Case: ਬੀਤੇ ਦਿਨੀਂ ਫਿਲੌਰ ਲਾਡੋਵਾਲ ਟੋਲ ਪਲਾਜ਼ਾ ਦੇ ਡਰਾਈਵਰ ਤੇ ਕੈਸ਼ੀਅਰ ਨਾਲ ਕੁੱਟਮਾਰ ਕਰਕੇ ਉਨ੍ਹਾਂ ਦੀ ਗੱਡੀ ਦਾ ਸ਼ੀਸ਼ਾ ਤੋੜ ਕੇ ਕਰੀਬ 23 ਲੱਖ 50 ਹਜ਼ਾਰ ਰੁਪਏ ਲੁੱਟਣ ਦੇ ਮਾਮਲੇ ਵਿੱਚ ਜਲੰਧਰ ਦਿਹਾਤੀ ਪੁਲਿਸ ਨੇ 2 ਲੋਕਾਂ ਨੂੰ 15 ਲੱਖ 34000 ਦੀ ਨਕਦੀ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਦੋ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ।

ਜਲੰਧਰ ਦੇ ਕਸਬਾ ਫਿਲੌਰ ਤੋਂ ਲਾਡੋਵਾਲ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਤੋਂ 23, 50000 ਰੁਪਏ ਦੀ ਲੁੱਟ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਜਲੰਧਰ ਦਿਹਾਤੀ ਦੇ ਐਸਐਸਪੀ ਨੇ ਦੱਸਿਆ ਕਿ ਮਨਪ੍ਰੀਤ ਸਲਣ ਵਾਸੀ ਪਿੰਡ ਮੇਹਰਮਪੁਰ ਬਤੌਲੀ ਥਾਣਾ ਸਦਰ ਬੰਗਾ ਤੇ ਗੁਰਜੀਤ ਸਿੰਘ ਉਰਫ ਵਿੱਕੀ ਵਾਸੀ ਪਿੰਡ ਲੌਹਾਰਾ ਥਾਣਾ ਗੁਰਾਇਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 2 ਲੱਖ ਰੁਪਏ ਬਰਾਮਦ ਕੀਤੇ ਸਨ।

ਇਸ ਗਿਰੋਹ ਦੇ ਫ਼ਰਾਰ ਚੱਲ ਰਹੇ ਤਿੰਨ ਮੁਲਜ਼ਮਾਂ ਵਿਚੋਂ ਪੁਲਿਸ ਨੇ ਵਿਪਨ ਕੁਮਾਰ ਦੇ ਪੰਜੇ ਤੋਂ 8 ਲੱਖ 10 ਹਜ਼ਾਰ ਰੁਪਏ ਤੇ 30 ਨਸ਼ੀਲੇ ਟੀਕੇ ਬਰਾਮਦ ਕੀਤੇ ਸਨ। ਸੰਨੀ ਬੰਗੜ ਦੇ ਕਬਜ਼ੇ ਤੋਂ 5,24,500 ਰੁਪਏ ਅਤੇ 500 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਐਸਐਸਪੀ ਮੁਖਬਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਸੁਧਾਕਰ ਸਿੰਘ ਵਾਸੀ ਲੁਧਿਆਣਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਣਪਛਾਤੇ ਲੋਕਾਂ ਨੇ ਕੁੱਟਮਾਰ ਕਰਕੇ 23 ਲੱਖ 50 ਹਜ਼ਾਰ ਖੋਹ ਕੇ ਫ਼ਰਾਰ ਹੋ ਗਏ ਸਨ।

ਇਸ ਤੋਂ ਬਾਅਦ ਥਾਣਾ ਫਿਲੌਰ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਨੇ ਮਾਮਲਾ ਦਰਜ ਕਰਕੇ ਜਾਂਚ ਦੌਰਾਨ ਮੁਲਜ਼ਮ ਮਨਪ੍ਰੀਤ ਸਿੰਘ ਕੋਲੋਂ 1,05,000 ਰੁਪਏ ਅਤੇ ਮੁਲਜ਼ਮ ਗੁਰਜੀਤ ਸਿੰਘ ਦੇ ਕਬਜ਼ੇ ਤੋਂ 95 ਹਜ਼ਾਰ ਬਰਾਮਦ ਕੀਤੇ ਸਨ। ਫ਼ਰਾਰ ਚੱਲ ਰਹੇ ਵਿਪਨ ਕੁਮਾਰ ਤੇ ਸੰਨੀ ਬੰਗੜ ਨੂੰ ਉਨ੍ਹਾਂ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਘਟਨਾ ਦੇ ਮਾਸਟਰਮਾਈਂਡ ਵਿਪਨ ਕੁਮਾਰ, ਧਰਮਿੰਦਰ ਅਤੇ ਗੁਰਪ੍ਰੀਤ ਸਨ, ਜਿਨ੍ਹਾਂ ਨੇ ਮਿਲ ਕੇ ਇੱਕ ਗਿਰੋਹ ਬਣਾ ਕੇ ਪਲਾਜ਼ਾ ਦੇ ਮੈਨੇਜਰ ਦੇ ਸਾਹਮਣੇ ਇੱਕ ਕਾਰ ਲਗਾ ਕੇ ਉਸਨੂੰ ਹਥਿਆਰਾਂ ਦੇ ਜ਼ੋਰ 'ਤੇ ਡਰਾ ਧਮਕਾ ਕੇ ਪੈਸਿਆਂ ਨਾਲ ਭਰਿਆ ਬੈਗ ਖੋਹ ਲਿਆ, ਜਿਸ ਤੋਂ ਬਾਅਦ ਦੋਸ਼ੀ ਮਨਪ੍ਰੀਤ ਅਤੇ ਗੁਰਜੀਤ ਨੂੰ ਦੋ ਲੱਖ ਰੁਪਏ ਦਿੱਤੇ ਅਤੇ ਬਾਕੀ ਪੈਸੇ ਲੈ ਕੇ ਫਰਾਰ ਹੋ ਗਏ।

 


 

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਘਟਨਾ ਦਾ ਮਾਸਟਰਮਾਈਂਡ ਵਿਪਨ ਕੁਮਾਰ ਟੋਲ ਪਲਾਜ਼ਾ 'ਤੇ ਐਂਬੂਲੈਂਸ ਚਲਾਉਂਦਾ ਸੀ ਤੇ ਟੋਲ ਪਲਾਜ਼ਾ ਦੇ ਮੈਨੇਜਰ ਨੂੰ ਪੈਸੇ ਲੈ ਕੇ ਜਾਣ ਦਾ ਪਤਾ ਸੀ, ਜਿਸ ਤੋਂ ਬਾਅਦ ਉਸ ਨੇ ਇੱਕ ਗਿਰੋਹ ਬਣਾ ਕੇ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।