Hoshiarpur News: ਹੁਸ਼ਿਆਰਪਪੁਰ ਦੇ ਪਿੰਡ ਪੰਡੋਰੀ ਰੁਕਮਾਣ ਵਿੱਚ ਹੁਸ਼ਿਆਪੁਰ ਤੋਂ ਜੇਲ੍ਹ ਤੋਂ ਆਪਣੇ ਪਿਤਾ ਦੀ ਅੰਤਿਮ ਅਰਦਾਸ ਵਿੱਚ ਸ਼ਆਮਲ ਹੋਣ ਲਈ ਲਿਆਂਦਾ ਗਿਆ ਕੈਦੀ ਪੀਆਰਟੀਸੀ ਜਹਾਨ ਖੇਲਾਂ ਵਿੱਚ ਤਾਇਨਾਤ ਏਐਸਆਈ ਦੀ ਮਦਦ ਨਾਲ ਫ਼ਰਾਰ ਹੋ ਗਿਆ ਹੈ।  ਪੁਲਿਸ ਫ਼ਰਾਰ ਕੈਦੀ ਦੀ ਦੇਰ ਰਾਤ ਤੱਕ ਭਾਲ ਕਰਦੀ ਰਹੀ ਪਰ ਸ਼ਨਿੱਚਰਵਾਰ ਸ਼ਾਮ ਤੱਕ ਵੀ ਉਕਤ ਮੁਲਜ਼ਮ ਦਾ ਕੋਈ ਸੁਰਾਗ ਨਹੀਂ ਮਿਲਿਆ।


COMMERCIAL BREAK
SCROLL TO CONTINUE READING

ਥਾਣਾ ਬੁੱਲੋਵਾਲ ਦੀ ਪੁਲਿਸ ਨੇ ਪੁਲਿਸ ਲਾਈਨ ਹੁਸ਼ਿਆਰਪੁਰ ਦੇ ਮੁੱਖ ਮੁਨਸ਼ੀ ਦੇ ਬਿਆਨਾਂ ਉਤੇ ਮੁਲਜ਼ਮ ਕੈਦੀ ਸਮੇਤ ਪੁਲਿਸ ਦੇ ਦੋ ਏਐਸਾਈ ਅਤੇ ਇੱਕ ਹੈਡ ਕਾਂਸਟੇਬਲ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਬੁੱਲੋਵਾਲ ਦੇ ਐਸਐਚਓ ਜਸਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਲਾਈਨ ਹੁਸ਼ਿਆਰਪੁਰ ਦੇ ਮੁੱਖ ਮੁਨਸ਼ੀ ਬਿੰਦਰ ਕੁਮਾਰ ਨੇ ਪੁਲਿਸ ਨੂੰ ਦਰਜ ਆਪਣੇ ਬਿਆਨ ਵਿੱਚ ਦੱਸਿਆ ਸੀ ਕਿ ਪੁਲਿਸ ਲਾਈਨ ਵਿੱਚ ਬਤੌਰ ਮੁੱਖ ਮੁਨਸ਼ੀ ਡਿਊਟੀ ਦੇ ਰਿਹਾ ਸੀ।


ਸ਼ਾਮ 3 ਵਜੇ ਦੇ ਕਰਬੀ ਆਪਣੀ ਡਿਊਟੀ ਉਪਰ ਸੀ ਕਿ ਉਸ ਨੂੰ ਏਐਸਆਈ ਅਸ਼ੋਕ ਕੁਮਾਰ ਨੇ ਫੋਨ ਉਤੇ ਜਾਣਕਾਰੀ ਦਿੱਤੀ ਕਿ ਸ਼ੁੱਕਰਵਾਰ ਨੂੰ ਸਵੇਰੇ ਹੁਸ਼ਿਆਰਪੁਰ ਦੀ ਜੇਲ੍ਹ ਵਿੱਚ ਬੰਦ ਮੁਲਜ਼ਮ ਮਨੀਸ਼ ਕੁਮਾਰ ਵਾਸੀ ਪੰਡੋਰੀ ਰੁਕਮਾਣ ਨੂੰ ਅਦਾਲਤ ਦੇ ਹੁਕਮਾਂ ਉਪਰ ਉਸ ਦੇ ਪਿਤਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਕਰਵਾਉਣ ਲਈ ਲੈ ਕੇ ਗਈ ਸੀ, ਉਹ ਆਪਣੇ ਜੀਜਾ ਏਐਸਆਈ ਪਰਮਜੀਤ ਸਿੰਘ ਵਾਸੀ ਫੱਥੋਵਾਲ ਦੀ ਮਦਦ ਨਾਲ ਉਥੋਂ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਹੈ।


ਉਸ ਨੇ ਦੱਸਿਆ ਕਿ ਮੁਲਜ਼ਮ ਮਨੀਸ਼ ਕੁਮਾਰ ਖਿਲਾਫ਼ 3 ਅਕਤੂਬਰ 2023 ਨੂੰ ਥਾਣਾ ਬੁੱਲੋਵਾਲ ਵਿੱਚ ਧਾਰਾ 306 ਆਈਪੀਸੀ ਤਹਿਤ ਮਾਮਲਾ ਦਰਜ ਹੈ। ਉਸ ਉਪਰ ਆਪਣੀ ਹੀ ਪਤਨੀ ਨੂੰ ਮਰਨ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਸੀ। ਉਕਤ ਮਾਮਲੇ ਵਿੱਚ ਮੁਲਜ਼ਮ ਜੇਲ੍ਹ ਵਿੱਚ ਬੰਦ ਸੀ। ਡੇਢ ਹਫਤਾ ਪਹਿਲਾ ਮੁਲਜ਼ਮ ਮਨੀਸ਼ ਕੁਮਾਰ ਦੇ ਪਿਤਾ ਹਰਬੰਸ ਸਿੰਘ ਦੀ ਮੌਤ ਹੋ ਗਈ ਸੀ।


ਅਦਾਲਤ ਦੇ ਹੁਕਮ ਉਤੇ ਉਸ ਨੂੰ ਪਿਤਾ ਦੀ ਅੰਤਿਮ ਅਰਦਾਸ ਵਿੱਚ ਏਐਸਆਈ ਜਸਵਿੰਦਰ ਸਿੰਘ ਅਤੇ ਹੈਡ ਕਾਂਸਟੇਬਲ ਵਰਿੰਦਰ ਕੁਮਾਰ ਪਿੰਡ ਪੰਡੋਰੀ ਰੁਕਮਾਣ ਲੈ ਕੇ ਗਏ ਸਨ। ਸਮਾਰੋਹ ਵਿੱਚ ਮੁਲਜ਼ਮ ਦਾ ਜੀਜਾ ਏਐਸਆਈ ਪਰਮਜੀਤ ਸਿੰਘ ਜੋ ਕਿ ਪੀਆਰਟੀਸੀ ਜਹਾਨ ਖੇਲਾਂ ਵਿੱਚ ਡਿਊਟੀ ਦੇ ਰਿਹਾ ਸੀ, ਸ਼ਾਮਲ ਸੀ। ਉਕਤ ਏਐਸਆਈ ਨੇ ਗਾਰਦ ਵਿੱਚ ਏਐਸਾਈ ਜਸਵਿੰਦਰ ਸਿੰਘ ਅਤੇ ਕਾਂਸਟਬੇਲ ਉਪਰ ਦਬਾਅ ਪਾਇਆ ਕਿ ਉਹ ਮਨੀਸ਼ ਕੁਮਾਰ ਨੂੰ ਲਗਾਈ ਹਥਕੜੀ ਖੋਲ੍ਹ ਦੇਣ ਅਤੇ ਪੂਰੀ ਜ਼ਿੰਮਵਾਰੀ ਲੈਂਦਾ ਹੈ ਕਿ ਮਨੀਸ਼ ਕੁਮਾਰ ਕਿਤੇ ਵੀ ਨਹੀਂ ਜਾਵੇਗਾ।


ਗਾਰਦ ਮੁਲਾਜ਼ਮਾਂ ਨੇ ਉਸ ਦੇ ਭਰੋਸੇ ਉਤੇ ਮਨੀਸ਼ ਕੁਮਾਰ ਦੀ ਹਥਕੜੀ ਨੂੰ ਖੋਲ੍ਹ ਦਿੱਤਾ ਹੈ। ਮੁਲਜ਼ਮ ਸਾਰੇ ਸਮਾਰੋਹ ਦੌਰਾਨ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਮਿਲਦਾ ਰਿਹਾ ਪਰ ਸ਼ਾਮ ਦੇ ਸਮੇਂ ਜਦ ਉਸ ਨੂੰ ਵਾਪਸ ਜੇਲ੍ਹ ਲਿਆਉਣ ਲਈ ਅੰਦਰ ਜਾ ਕੇ ਸੰਪਰਕ ਕੀਤਾ ਤਾਂ ਉਹ ਕਮਰੇ ਵਿਚੋਂ ਗਾਇਬ ਪਾਇਆ ਗਿਆ। ਉਨ੍ਹਾਂ ਨੇ ਉਸ ਦੇ ਜੀਜਾ ਏਐਸਆਈ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਉਲਟਾ ਉਸ ਨੂੰ ਡਰਾਇਆ ਧਮਕਾਇਆ ਅਤੇ ਕੁਝ ਵੀ ਦੱਸਣ ਤੋਂ ਮਨ੍ਹਾਂ ਕਰ ਦਿੱਤਾ।


ਗਾਰਦ ਦੇ ਮੁਲਾਜ਼ਮਾਂ ਨੇ ਪਰਮਜੀਤ ਸਿੰਘ ਉਪਰ ਦੋਸ਼ ਲਗਾਇਆ ਕਿ ਮਨੀਸ਼ ਕੁਮਾਰ ਨੂੰ ਭਜਾਉਣ ਵਿੱਚ ਉਸ ਦੇ ਜੀਜਾ ਏਐਸਆਈ ਦਾ ਹੱਥ ਹੈ ਤੇ ਪੁਲਿਸ ਨੂੰ ਚਕਮਾ ਦੇ ਕੇ ਉਸ ਸ਼ਹਿ ਉਪਰ ਹੀ ਫ਼ਰਾਰ ਹੋਇਆ ਹੈ। ਘਟਨਾ ਦਾ ਪਤਾ ਚੱਲਦੇ ਹੀ ਥਾਣਾ ਬੁੱਲੋਵਾਲ ਦੀ ਪੁਲਿਸ ਐਸਐਚਓ ਜਸਵੰਤ ਸਿੰਘ ਦੀ ਅਗਵਾਈ ਵਿੱਚ ਟੀਮ ਮੌਕੇ ਉਪਰ ਪੁੱਜੀ।


ਪੁਲਿਸ ਨੇ ਮੌਕੇ ਉਪਰ ਹੀ ਏਐਸਆਈ ਜਸਵਿੰਦਰ ਸਿੰਘ ਵਾਸੀ ਡਡਿਆਣਾ, ਹੈਡ ਕਾਂਸਟੇਬਲ ਵਰਿੰਦਰ ਕੁਮਾਰ ਵਾਸੀ ਨਿਊ ਮਾਡਲ ਟਾਊਨ ਹੁਸ਼ਿਆਰਪੁਰ ਅਤੇ ਮੁਲਜ਼ਮ ਦੇ ਜੀਜਾ ਏਐਸਆਈ ਪਰਮਜੀਤ ਸਿੰਘ ਵਾਸੀ ਫੱਤੋਵਾਲ ਥਾਣਾ ਬੁੱਲੋਵਾਲ ਨੂੰ ਗ੍ਰਿਫ਼ਤਾਰ ਕਰਕੇ ਫ਼ਰਾਰ ਮੁਲਜ਼ਮ ਮਨੀਸ਼ ਕੁਮਾਰ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਹੁਸ਼ਿਆਰਪੁਰ ਤੋਂ ਰਮਨ ਖੋਸਲਾ ਦੀ ਰਿਪੋਰਟ