ਚੰਡੀਗੜ੍ਹ : ਜੇਕਰ ਤੁਹਾਡਾ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦਾ ਤੁਹਾਡਾ ਸੁਪਨਾ ਹੈ, ਤੁਸੀਂ ਖ਼ਾਕੀ ਦੇ ਜ਼ਰੀਏ  ਪੰਜਾਬ ਦੀ ਸੇਵਾ ਕਰਨਾ ਚਾਉਂਦੇ ਹੋ, ਤਾਂ ਹੋ ਸਕਦਾ ਹੈ ਕਿ ਹਾਲ ਹੀ ਦੇ ਦਿਨਾਂ ਵਿੱਚ ਸੋਸ਼ਲ ਮੀਡੀਆ 'ਤੇ ਤੁਸੀਂ ਪੁਲਿਸ ਵਿੱਚ ਭਰਤੀਆਂ ਨੂੰ ਲੈਕੇ ਕੋਈ ਇਸ਼ਤਿਹਾਰ ਵੇਖਿਆ ਹੋਵੇ ਜਾਂ ਫਿਰ ਤੁਹਾਡੇ ਕਿਸੇ ਦੋਸਤ ਮਿੱਤਰ ਨੇ ਤੁਹਾਨੂੰ ਇਹ ਇਸ਼ਤਿਹਾਰ ਭੇਜਿਆ ਹੋਵੇ ਤਾਂ ਇਹ ਤੁਹਾਡੇ ਲਈ ਖ਼ੁਸ਼ੀ ਤੋਂ ਜ਼ਿਆਦਾ ਅਲਰਟ ਹੋਣ ਦੀ ਜ਼ਰੂਰਤ ਖ਼ਬਰ ਹੈ, ਕਿਉਂਕਿ ਸੋਸ਼ਲ ਮੀਡੀਆ 'ਤੇ ਪੰਜਾਬ ਪੁਲਿਸ ਦੀ ਭਰਤੀਆਂ ਨੂੰ ਲੈਕੇ ਸਰਕੂਲੇਟ ਹੋ ਰਿਹਾ ਇਸ਼ਤਿਹਾਰ ਤੁਹਾਨੂੰ ਮੁਸ਼ਕਲ ਵਿੱਚ ਪਾ ਸਕਦਾ ਹੈ, ਕੁੱਝ ਲੋਕ ਇਨ੍ਹਾਂ ਇਸ਼ਤਿਹਾਰਾਂ ਦੇ ਜ਼ਰੀਏ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦੇ ਤੁਹਾਡੇ ਸੁਪਨੇ ਦਾ ਗ਼ਲਤ ਫ਼ਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਨੂੰ ਲੈਕੇ ਪੰਜਾਬ ਪੁਲਿਸ ਨੇ ਲੋਕਾਂ ਨੂੰ ਅਲਰਟ ਜਾਰੀ ਕੀਤਾ ਹੈ 


COMMERCIAL BREAK
SCROLL TO CONTINUE READING

ਕੀ ਹੈ ਪੰਜਾਬ ਪੁਲਿਸ ਨੌਕਰੀ ਦਾ ਫਰਜ਼ੀ ਵਾੜਾ ?


ਪੁਲਿਸ ਵਿੱਚ ਨੌਕਰੀਆਂ ਸੰਬੰਧੀ ਸੋਸ਼ਲ ਮੀਡੀਆ ਉੱਤੇ ਪਾਏ ਜਾ ਰਹੇ ਦਸਤਾਵੇਜ਼ਾਂ ਨੂੰ ਜਾਅਲੀ ਕਰਾਰ ਦਿੰਦਿਆਂ ਪੰਜਾਬ ਪੁਲਿਸ ਨੇ ਸਪੱਸ਼ਟ ਕੀਤਾ ਕਿ ਸਿਪਾਹੀਆਂ ਦੀਆਂ ਅਸਾਮੀਆਂ ਭਰਨ ਲਈ ਆਨਲਾਈਨ ਅਰਜ਼ੀਆਂ ਸਬੰਧੀ ਕੋਈ ਇਸ਼ਤਿਹਾਰ ਜਾਰੀ ਨਹੀਂ ਕੀਤਾ, ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪੁਲਿਸ ਵਿਭਾਗ ਨੇ ਆਮ ਜਨਤਾ ਨੂੰ "ਪੁਰਸ਼ ਅਤੇ ਔਰਤ ਸਿਪਾਹੀ ਭਰਤੀ - 2020 (ਜਿ਼ਲ੍ਹਾ ਪੁਲਿਸ ਕੇਡਰ ਅਤੇ ਆਰਮਡ ਪੁਲਿਸ ਕੇਡਰ)"  ਨਾਂ ਹੇਠ ਛਪੇ ਇਸ਼ਤਿਹਾਰਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰਨ ਲਈ ਕਿਹਾ ਹੈ, ਉਨ੍ਹਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਪੋਸਟ ਨੂੰ ਜਾਅਲੀ ਦਸਤਾਵੇਜ਼ ਦੱਸਿਆ ਹੈ, ਬੁਲਾਰੇ ਨੇ ਕਿਹਾ ਕਿ ਇਸ ਇਸ਼ਤਿਹਾਰ ਵਿਚ ਕੋਈ ਸੱਚਾਈ ਨਹੀਂ ਹੈ, ਦਸਤਾਵੇਜ਼ ਦੇ ਇਕ ਪ੍ਰਮਾਣ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਪੁਲਿਸ ਦੇ ਪੁਰਾਣੇ ਇਸ਼ਤਿਹਾਰਾਂ ਵਿਚੋਂ ਇਕੱਤਰ ਕੀਤੀ ਸਮੱਗਰੀ ਲੋਕਾਂ ਨੂੰ ਗੁੰਮਰਾਹ ਕਰਨ ਲਈ ਵਰਤੀ ਗਈ ਹੈ, ਇਸ ਤੋਂ ਇਲਾਵਾ, ਇਸ ਅਖੌਤੀ ਇਸ਼ਤਿਹਾਰ ਉਤੇ ਸੁਰੇਸ਼ ਅਰੋੜਾ, ਆਈਪੀਐਸ, ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ, ਦੇ ਦਸਤਖ਼ਤ ਕੀਤੇ ਗਏ ਹਨ ਜਦੋਂ ਕਿ ਸੁਰੇਸ਼ ਅਰੋੜਾ 7 ਫਰਵਰੀ, 2019 ਨੂੰ ਸੇਵਾ ਮੁਕਤ ਹੋ ਗਏ ਸਨ ਅਤੇ ਹੁਣ ਉਹ ਪੰਜਾਬ ਪੁਲਿਸ  ਦੀ ਅਗਵਾਈ ਨਹੀਂ ਕਰ ਰਹੇ


ਸਾਈਬਰ ਸੈੱਲ ਕਰ ਰਿਹਾ ਹੈ ਜਾਂਚ 


ਸੂਬੇ ਦੇ ਸਾਈਬਰ ਕ੍ਰਾਈਮ ਸੈੱਲ ਵਿਖੇ ਸੂਚਨਾ ਤਕਨਾਲੋਜੀ ਕਾਨੂੰਨ, 2000 ਦੀ ਧਾਰਾ 66-ਸੀ, 66-ਡੀ ਤਹਿਤ ਧੋਖਾਧੜੀ, ਜਾਅਲਸਾਜ਼ੀ ਦੇ ਦੋਸ਼ਾਂ ਤਹਿਤ ਤਾਜੀਰਾਤੇ ਹਿੰਦ ਦੀ ਧਾਰਾ 420/465/468/471/120-ਬੀ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ । ਬੁਲਾਰੇ ਨੇ ਦੱਸਿਆ ਕਿ ਧੋਖਾਧੜੀ, ਝੂਠੇ ਦਸਤਾਵੇਜ਼ਾਂ ਨੂੰ ਸੱਚ ਵਜੋਂ ਵਰਤਣ, ਪਛਾਣ ਦੀ ਚੋਰੀ ਅਤੇ ਕੰਪਿਊਟਰ ਸਰੋਤਾਂ ਦੀ ਵਰਤੋਂ ਕਰਕੇ ਜਿਸ ਵਿਅਕਤੀ ਵੱਲੋਂ ਧੋਖਾਧੜੀ ਕੀਤੀ ਗਈ ਹੈ ਉਸ ਸੰਬੰਧੀ ਦੋਸ਼ੀਆਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ