ਬਠਿੰਡਾ: ਸਥਾਨਿਕ ਸ਼ਹਿਰ ਦੇ ਇਲਾਕਾ ਰਾਮਪੁਰਾ ਫੂਲ 'ਚ ਰਾਤ ਨੂੰ ਤਕਰੀਬਨ 9 ਵਜੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਔਰਤ ਦੇ ਪਤੀ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜ਼ਖਮੀ ਦਾ ਪਛਾਣ ਹਰਪਾਲ ਸਿੰਘ ਵਜੋਂ ਹੋਈ ਹੈ। 


COMMERCIAL BREAK
SCROLL TO CONTINUE READING

ਹਰਪਾਲ ਸਿੰਘ ਤੇ ਲੁਟਰਿਆਂ ਦੀ ਹੋਈ ਹੱਥੋਪਾਈ 
ਪ੍ਰਾਪਤ ਜਾਣਕਾਰੀ ਅਨੁਸਾਰ ਹਰਪਾਲ ਸਿੰਘ ਉਰਫ ਪਾਲਾ ਸੁਨਿਆਰ ਪੁੱਤਰ ਅਜੈਬ ਸਿੰਘ ਵਾਸੀ ਇੰਡੀਅਨ ਮਾਡਲ ਸਕੂਲ ਰੋਡ, ਰਾਮਪੁਰਾ ਅੱਜ ਰਾਤ ਕਰੀਬ 9 ਵਜੇ ਆਪਣੀ ਪਤਨੀ ਨਾਲ ਘਰ ਦੇ ਨਜ਼ਦੀਕ ਸੈਰ ਕਰ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਹਰਪਾਲ ਸਿੰਘ ਦੀ ਪਤਨੀ ਦੀਆਂ ਕੰਨਾਂ ਦੀਆਂ ਵਾਲੀਆਂ ਖੋਹਣ ਦੀ ਕੋਸ਼ਿਸ਼ ਕੀਤੀ। ਇਹ ਵੇਖਦਿਆਂ ਹਰਪਾਲ ਸਿੰਘ ਨੇ ਲੁਟਰਿਆਂ ਦਾ ਜੰਮ ਕੇ ਮੁਕਾਬਲਾ ਕੀਤਾ। ਇਸ ਦੌਰਾਨ ਜਦੋਂ ਹਰਪਾਲ ਸਿੰਘ ਆਪਣੀ ਪਤਨੀ ਨਾਲ ਵਾਪਸ ਆਪਣੇ ਘਰ ਵੱਲ ਜਾਣ ਲ਼ੱਗੇ  ਤਾਂ ਖੋਹਣ ਵਾਲਿਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। 


ਲੁਟਰਿਆਂ ਵੱਲੋਂ ਤਿੰਨ ਗੋਲੀਆਂ ਚਲਾਈਆਂ ਗਈਆਂ, ਜਿਸ ਵਿਚੋਂ ਇੱਕ ਹਰਪਾਲ ਸਿੰਘ ਦੀ ਪੱਟ 'ਤੇ ਗੋਲੀ ਲੱਗੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਔਰਤ ਦੇ ਰੌਲਾ ਪਾਉਣ 'ਤੇ ਬਾਈਕ ਸਵਾਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਆਸ ਪਾਸ ਦੇ ਲੋਕਾਂ ਨੇ ਜ਼ਖਮੀ ਹਰਪਾਲ ਸਿੰਘ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ।
ਘਟਨਾ ਦੀ ਸੂਚਨਾ ਮਿਲਦੇ ਹੀ ਐਸਪੀਡੀ ਬਲਵਿੰਦਰ ਸਿੰਘ ਰੰਧਾਵਾ ਅਤੇ ਐਸਐਚਓ ਰਾਮਪੁਰਾ ਮੌਕੇ 'ਤੇ ਪਹੁੰਚੇ ਅਤੇ ਪੀੜਤ ਔਰਤ ਅਤੇ ਉਸ ਦੇ ਪਤੀ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿੱਚ ਥਾਣਾ ਰਾਮਪੁਰਾ ਫੂਲ ਦੇ ਇੰਚਾਰਜ ਅਮਨਪਾਲ ਸਿੰਘ ਵਿਰਕ ਨੇ ਦੱਸਿਆ ਕਿ ਘਟਨਾ ਦੇ ਆਸ ਪਾਸ ਲਗਾਏ ਗਏ ਸੀਸੀਟੀਵੀ ਫੁਟੇਜ ਲੈ ਕੇ ਘਟਨਾਂ ਦੀ ਜਾਂਚ ਕੀਤੀ ਜਾ ਰਹੀ ਹੈ।