Ludhiana News:  ਲੁਧਿਆਣਾ ਵਿੱਚ ਛੁੱਟੀ ਉਪਰ ਹੋਏ ਫੌਜੀ ਦਾ ਬੇਰਹਿਮ ਨਾਲ ਕਤਲ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਛੁੱਟੀ ਉਪਰ ਆਇਆ ਹੋਇਆ ਫੌਜੀ ਲੁਧਿਆਣਾ ਦੇ ਫੁੱਲਾਂਵਾਲ ਪਿੰਡ ਵਿੱਚ ਆਪਣੇ ਚਾਚੇ ਦੇ ਲੜਕੇ ਦੀ ਜਾਗੋ ਉਪਰ ਗਿਆ ਹੋਇਆ ਸੀ।


COMMERCIAL BREAK
SCROLL TO CONTINUE READING

ਨੱਚਦੇ-ਨੱਚਦੇ ਮੋਢਾ ਲੱਗਣ ਕਾਰਨ ਵਿਵਾਦ ਇੰਨਾ ਵਧ ਕੇ ਮੁਲਜ਼ਮਾਂ ਨੇ ਆਪਣੇ ਹੋਰ ਦੋਸਤਾਂ ਨੂੰ ਬੁਲਾ ਕੇ ਫੌਜੀ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਫੌਜੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਲਕੀਤ ਸਿੰਘ ਵਜੋਂ ਹੋਈ ਹੈ।


ਛੁੱਟੀ ਉਪਰ ਆਏ ਹੋਏ ਫੌਜੀ ਦੀ 9 ਮਹੀਨੇ ਦੀ ਇੱਕ ਬੇਟੀ  ਹੈ। ਪੀੜਤ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਵਾਰਦਾਤ ਵਾਲੀ ਜਗ੍ਹਾ ਉਪਰ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਪੁਲਿਸ ਵੱਲੋਂ ਡੀਵੀਆਰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਾਰਦਾਤ ਦੀ ਸੂਚਨਾ ਮਿਲਣ ਉਪਰ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਉਪਰ ਪੁੱਜ ਗਏ ਅਤੇ ਉਨ੍ਹਾਂ ਨੇ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ।


ਮ੍ਰਿਤਕ ਮਲਕੀਤ ਸਿੰਘ ਫੌਜੀ ਪਿੰਡ ਸੁਧਾਰ ਦਾ ਵਸਨੀਕ ਹੈ। 31 ਅਕਤੂਬਰ ਨੂੰ ਹੀ ਫੌਜੀ ਵਿਆਹ ਵਿੱਚ ਸ਼ਾਮਲ ਹੋਣ ਲਈ ਆਇਆ ਸੀ। ਵਿਆਹ ਤੋਂ ਪਹਿਲਾਂ ਪਿੰਡ ਵਿੱਚ ਜਾਗੋ ਕੱਢੀ ਜਾ ਰਹੀ ਸੀ। ਇਸ ਦੌਰਾਨ ਡਾਂਸ ਕਰਦੇ ਸਮੇਂ ਉਸ ਦਾ ਮੋਢਾ ਇਕ ਵਿਅਕਤੀ ਨਾਲ ਟਕਰਾ ਗਿਆ।


ਇਹ ਵੀ  ਪੜ੍ਹੋ : Bathinda Controversial Plot Case: ਪੀਸੀਐਸ ਅਧਿਕਾਰੀ ਵਿਕਰਮਜੀਤ ਸ਼ੇਰਗਿੱਲ ਦੀ ਪੇਸ਼ਗੀ ਜ਼ਮਾਨਤ ਮਨਜ਼ੂਰ


ਮੋਢੇ ਦੀ ਟੱਕਰ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਬਾਅਦ ਵਿੱਚ ਮਾਮਲਾ ਸ਼ਾਂਤ ਹੋ ਗਿਆ ਅਤੇ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ ਪਰ ਮੁਲਜ਼ਮਾਂ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਮਲਕੀਤ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਿਨਾਂ ਕੋਈ ਸਮਾਂ ਬਰਬਾਦ ਕੀਤੇ ਮਲਕੀਤ ਨੂੰ ਡੀਐਮਸੀ ਹਸਪਤਾਲ ਲਿਆਂਦਾ ਗਿਆ। ਪਰ ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।


ਲੁਧਿਆਣਾ ਪੁਲਿਸ ਨੇ ਫੌਜੀ ਦੇ ਕਤਲ ਦੀ ਗੁੱਥੀ ਨੂੰ ਮਹਿਜ਼ ਛੇ ਘੰਟਿਆਂ ਵਿੱਚ ਸੁਲਝਾਉਂਦਿਆਂ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਤੇਜ਼ਧਾਰ ਹਥਿਆਰ ਅਤੇ ਇੱਕ ਕਾਰ ਬਰਾਮਦ ਕੀਤੀ ਹੈ। ਵਿਆਹ ਸਮਾਗਮ ਦੌਰਾਨ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਨੂੰ ਲੈ ਕੇ ਮੁਲਜ਼ਮਾਂ ਨੇ ਦੁਸ਼ਮਣੀ ਦੇ ਚੱਲਦਿਆਂ ਫੌਜੀ ਮਲਕੀਤ ਸਿੰਘ ’ਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ।


ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਲੁਧਿਆਣਾ ਏਸੀਪੀ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਲਕੀਤ ਸਿੰਘ ਫੌਜੀ ਸੀ ਅਤੇ ਛੁੱਟੀ ''ਤੇ ਘਰ ਆਇਆ ਹੋਇਆ ਸੀ। ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਨੇ ਦੱਸਿਆ ਕਿ ਬੀਤੀ 1 ਨਵੰਬਰ ਨੂੰ ਉਹ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਲੁਧਿਆਣਾ ਦੇ ਪਿੰਡ ਫੁੱਲਾਂਵਾਲ ਵਿਖੇ ਕਿਸੇ ਰਿਸ਼ਤੇਦਾਰ ਦੇ ਲੜਕੇ ਦੇ ਵਿਆਹ ਸਮਾਗਮ ਵਿੱਚ ਆਇਆ ਹੋਇਆ ਸੀ।


ਇਸ ਦੌਰਾਨ ਡੀਜੇ ਉਤੇ ਨੱਚਦੇ ਹੋਏ ਫੌਜੀ ਦੀ ਮੁਲਜ਼ਮਾਂ ਨਾਲ ਝੜਪ ਹੋ ਗਈ, ਜਿਨ੍ਹਾਂ ਨੇ ਉਸਨੂੰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ। ਕਰੀਬ ਅੱਧੇ ਘੰਟੇ ਬਾਅਦ ਉਸਦੇ ਪਤੀ ਨੂੰ ਮੋਬਾਈਲ ਉਤੇ ਕਾਲ ਆਈ ਅਤੇ ਉਹ ਗੱਲ ਕਰਦੇ ਹੋਏ ਘਰੋਂ ਬਾਹਰ ਚਲਾ ਗਿਆ, ਜਿੱਥੇ ਮੁਲਜ਼ਮਾਂ ਨੇ ਉਸ ਦਾ ਕਤਲ ਕਰ ਦਿੱਤਾ।


 


ਇਹ ਵੀ ਪੜ੍ਹੋ : Punjab News: ਪਤਨੀ ਦਾ ਵਰਤ ਖੁੱਲ੍ਹਵਾਉਣ ਲਈ ਕੋਠੇ 'ਤੇ ਚੜ੍ਹੇ ਪਤੀ ਦਾ ਪੈਰ ਫਿਸਲਣ ਕਾਰਨ ਮੌਤ


ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ