ਹਨੀ ਟ੍ਰੈਪ ’ਚ ਫਸਿਆ ਨੌਜਵਾਨ ਪੰਜਾਬ ਪੁਲਿਸ ਨੇ 48 ਘੰਟੇ ’ਚ ਛੁਡਵਾਇਆ
ਪੰਜਾਬ ਪੁਲਿਸ ਨੇ ਵਧੀਆ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਦੇ ਹੋਏ ਅਗਵਾ ਕੀਤੇ ਨੌਜਵਾਨ ਨੂੰ 48 ਘੰਟਿਆਂ ਤੋਂ ਵੀ ਘੱਟ ਸਮੇਂ ’ਚ ਬਰਾਮਦ ਕਰ ਲਿਆ।
ਚੰਡੀਗੜ੍ਹ: ਪੰਜਾਬ ਪੁਲਿਸ ਨੇ ਵਧੀਆ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਦੇ ਹੋਏ ਅਗਵਾ ਕੀਤੇ ਨੌਜਵਾਨ ਨੂੰ 48 ਘੰਟਿਆਂ ਤੋਂ ਵੀ ਘੱਟ ਸਮੇਂ ’ਚ ਬਰਾਮਦ ਕਰ ਲਿਆ।
ਇਸ ਵਾਰਦਾਤ ਸੰਬਧੀ ਜਾਣਕਾਰੀ ਦਿੰਦਿਆ ਐਂਟੀ ਗੈਂਗਸਟਰ ਟਾਸਕ ਫ਼ੋਰਸ ਦੇ ਡੀ. ਆਈ. ਜੀ (DIG) ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 3 ਵਿਅਕਤੀਆਂ ਦੁਆਰਾ ਖਰੜ ਦੇ ਇੱਕ ਨੌਜਵਾਨ ਨੂੰ ਹਨੀਟਰੈਪ ਲਗਾਕੇ ਅਗਵਾ ਕਰ ਲਿਆ ਗਿਆ ਸੀ। ਅਗਵਾ ਕੀਤਾ ਗਿਆ ਨੌਜਵਾਨ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ’ਚ ਬੀ. ਏ. ਦਾ ਵਿਦਿਆਰਥੀ ਹੈ, ਜਿਸਦੀ ਪਛਾਣ ਹਿਤੇਸ਼ ਭੂਮਲਾ ਵਜੋਂ ਹੋਈ ਹੈ। ਹਿਤੇਸ਼ ਨੂੰ ਖਰੜ ਦੇ ਰਣਜੀਤ ਨਗਰ ’ਚ ਕਿਰਾਏ ਦੇ ਮਕਾਨ ’ਚ ਬੇਹੋਸ਼ੀ ਦੀ ਹਾਲਤ ’ਚ ਰੱਖਿਆ ਗਿਆ ਸੀ। ਅਗਵਾਕਾਰ ਹਿਤੇਸ਼ ਨੂੰ ਛੱਡਣ ਬਦਲੇ ਉਸਦੇ ਮਾਪਿਆਂ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗ ਰਹੇ ਸਨ।
ਮੋਹਾਲੀ ਦੇ ਐੱਸ. ਐੱਸ. ਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਲੜਕੀ ਰਾਖੀ ਨੇ ਸੋਸ਼ਲ ਮੀਡੀਆ ’ਤੇ ਫਰਜ਼ੀ ਪ੍ਰੋਫਾਈਲ ਬਣਾ ਕੇ ਨੌਜਵਾਨ ਹਿਤੇਸ਼ ਨਾਲ ਦੋਸਤੀ ਕੀਤੀ। ਆਪਣੇ ਜਾਲ ’ਚ ਫਸਾਉਣ ਤੋਂ ਬਾਅਦ ਉਸਨੂੰ ਮਿਲਣ ਲਈ ਬੁਲਾਇਆ। ਪਰ ਇਸ ਦੌਰਾਨ ਹੀ ਆਪਣੇ ਸਾਥੀਆਂ ਨਾਲ ਮਿਲਕੇ ਹਿਤੇਸ਼ ਨੂੰ ਅਗਵਾ ਕਰ ਲਿਆ ਤੇ ਉਸਦੇ ਮਾਪਿਆਂ ਤੋਂ 50 ਲੱਖ ਫਿਰੌਤੀ ਦੀ ਮੰਗ ਕੀਤੀ।
ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਥਾਣਾ ਸਦਰ ਖਰੜ ਵਿਖੇ ਆਈ.ਪੀ.ਸੀ. ਦੀ ਧਾਰਾ 364-ਏ ਅਤੇ 365 ਦੇ ਤਹਿਤ ਐਫ.ਆਈ.ਆਰ. ਦਰਜ ਕਰ ਕੇ ਤੁਰੰਤ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਅਤੇ ਖੁਫੀਆ ਏਜੰਸੀ ਦੀ ਮਦਦ ਨਾਲ ਕਾਰਵਾਈ ਕਰਦਿਆਂ 48 ਘੰਟਿਆਂ ਤੋਂ ਵੀ ਘੱਟ ਸਮੇਂ ’ਚ ਮਾਮਲੇ ਨੂੰ ਸੁਲਝਾ ਲਿਆ ਗਿਆ।
ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਅਜੈ ਕਾਦਿਆਨ (25) ਵਾਸੀ ਪਿੰਡ ਜੱਟਲ, ਪਾਣੀਪਤ, ਹਰਿਆਣਾ , ਅਜੈ (22) ਵਾਸੀ ਪਿੰਡ ਆਬੂਦ, ਸਿਰਸਾ ਹਰਿਆਣਾ ਅਤੇ ਰਾਖੀ ਵਾਸੀ ਪਿੰਡ ਬਰੋਲੀ, ਸੋਨੀਪਤ, ਹਰਿਆਣਾ ਵਜੋਂ ਹੋਈ ਹੈ। ਪੁਲਿਸ ਨੇ ਇਨਾਂ ਦੋਸ਼ੀਆਂ ਕੋਲੋਂ ਇੱਕ ਹੌਂਡਾ ਸਿਟੀ ਕਾਰ, 5 ਮੋਬਾਈਲ ਫੋਨ ਅਤੇ ਇੱਕ .32 ਬੋਰ ਦਾ ਪਿਸਤੌਲ ਸਮੇਤ 9 ਕਾਰਤੂਸ ਵੀ ਬਰਾਮਦ ਕੀਤੇ ਹਨ।