Ferozepur Accident: ਦਰਦਨਾਕ ਸੜਕ ਹਾਦਸੇ `ਚ ਦੋ ਸਕੇ ਭਰਾਵਾਂ ਸਮੇਤ ਤਿੰਨ ਦੀ ਮੌਤ; ਇੱਕ ਗੰਭੀਰ ਜ਼ਖ਼ਮੀ
Ferozepur Accident: ਜ਼ੀਰਾ ਦੇ ਕੋਟ ਈਸੇ ਖਾ ਰੋਡ ਉਤੇ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ।
Ferozepur Accident: ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਕੋਟ ਈਸੇ ਖਾ ਰੋਡ ਉਤੇ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਮੋਟਰਸਾਈਕਲ ਸਵਾਰ ਦੋ ਸਕੇ ਭਰਾਵਾਂ ਲਵਪ੍ਰੀਤ ਅਤੇ ਗੁਰਜੰਟ ਅਤੇ ਰਿਸ਼ਤੇਦਾਰ ਲਖਵਿੰਦਰ ਦੀ ਮੌਤ ਹੋ ਗਈ ਤੇ ਇੱਕ ਜਸ਼ਨਦੀਪ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਉਥੇ ਹੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਭ ਕੁਝ ਉੱਜੜ ਗਿਆ ਹੈ ਤੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਜਾਣਕਾਰੀ ਦਿੰਦਿਆਂ ਏਐਸਆਈ ਲਖਵੀਰ ਸਿੰਘ ਨੇ ਦੱਸਿਆ ਕਿ ਜਸ਼ਨਦੀਪ ਸਿੰਘ, ਲਵਪ੍ਰੀਤ ਸਿੰਘ, ਗੁਰਜੰਟ ਸਿੰਘ ਅਤੇ ਲਖਵਿੰਦਰ ਸਿੰਘ ਪਿੰਡ ਲਹੁਕਾ ਖੁਰਦ ਜੋ ਆਪਣੇ ਮੋਟਰਸਾਈਕਲ ਸੀ.ਡੀ ਡੀਲਕਸ ਉਤੇ ਸਵਾਰ ਹੋ ਕੇ ਤਲਵੰਡੀ ਮੰਗੇ ਖਾਂ ਤੋਂ ਆਪਣੇ ਪਿੰਡ ਲਹੁਕਾ ਖੁਰਦ ਨੂੰ ਵਾਪਸ ਜਾ ਰਹੇ ਸਨ ਕਿ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨਾਲ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ।
ਇਸ ਟੱਕਰ ਵਿੱਚ ਲਖਵਿੰਦਰ ਸਿੰਘ ਦੀ ਮੌਕੇ ਉਤੇ ਮੌਤ ਹੋ ਗਈ ਜਦਕਿ ਉਸ ਦੇ ਤਿੰਨ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖਲ ਕਰਵਾਇਆ ਗਿਆ। ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਜਿੱਥੇ ਲਵਪ੍ਰੀਤ ਸਿੰਘ ਤੇ ਗੁਰਜੰਟ ਸਿੰਘ ਦੋਵੇਂ ਸਕੇ ਭਰਾ ਸਨ ਦੀ ਵੀ ਮੌਤ ਹੋ ਗਈ। ਨੌਜਵਾਨਾਂ ਦੀ ਮੌਤ ਦੀ ਖਬਰ ਮਿਲਣ ਉਤੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਚਾਲਕ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਿਸ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਨੂੰ ਲੈ ਕੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ : Nangal Flyover News: ਨੰਗਲ ਦਾ ਫਲਾਈਓਵਰ ਜਲਦ ਹੋਵੇਗਾ ਸ਼ੁਰੂ, ਰਾਹਗੀਰਾਂ ਨੂੰ ਮਿਲੇਗੀ ਲੰਬੇ ਜਾਮ ਤੋਂ ਰਾਹਤ