Bathinda News: ਸਟਾਫ ਨਰਸਾਂ ਦੀ ਭਰਤੀ ਦਾ ਪੇਪਰ ਹੋਇਆ ਰੱਦ, ਬੱਚਿਆਂ ਨੇ ਕੀਤਾ ਹੰਗਾਮਾ
Bathinda News: ਨੌਜਵਾਨਾਂ ਨੇ ਕਿਹਾ ਕਿ ਇਹੋ ਜਿਹੇ ਪ੍ਰੀਖਿਆ ਸੈਂਟਰ ਹੀ ਕਿਉਂ ਬਣਾਏ ਗਏ ਹਨ ਅਤੇ ਇਹੋ ਜਿਹੀਆਂ ਏਜੰਸੀਆਂ ਨੂੰ ਕਿਉਂ ਕੰਮ ਦਿੱਤਾ ਗਿਆ ਹੈ ਜੋ ਪੇਪਰ ਲੈਣ ਦੀ ਤਿਆਰੀ ਵੀ ਚੰਗੇ ਤਰੀਕੇ ਨਾਲ ਨਹੀਂ ਕਰ ਸਕਦੇ।
Bathinda News: ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਫ਼ਰੀਦਕੋਟ ਵੱਲੋਂ 319 ਸਟਾਫ਼ ਨਰਸਾਂ ਦੀ ਭਰਤੀ ਨੂੰ ਲੈ ਕੇ ਅੱਜ ਪੇਪਰ ਲਿਆ ਜਾ ਰਿਹਾ ਹੈ। ਬਠਿੰਡਾ ਦੇ ਐਸਐਸਡੀ ਗਰਲ ਕਾਲਜ ਨੂੰ ਵੀ ਪ੍ਰੀਖਿਆ ਸੈਂਟਰ ਬਣਾਇਆ ਗਿਆ ਸੀ। ਜਿੱਥੇ ਦੂਰ ਦੁਰਾਡੇ ਤੋਂ ਪੇਪਰ ਦੇਣ ਆਏ ਲੜਕੇ ਅਤੇ ਲੜਕੀਆਂ ਵੱਲੋਂ ਉਸ ਸਮੇਂ ਹੰਗਾਮਾ ਕਰ ਦਿੱਤਾ ਜਦੋਂ ਪੇਪਰ ਲੈਣ ਰਹੀ ਟੀਮਾਂ ਵੱਲੋਂ ਸਰਵਰ ਡਾਊਨ ਅਤੇ ਟੈਕਨੀਕਲ ਸਮੱਸਿਆ ਕਹਿ ਕੇ ਪੇਪਰ ਸ਼ੁਰੂ ਨਹੀਂ ਕੀਤਾ। ਜਿਸ ਦੇ ਵਿਰੋਧ ਵਿੱਚ ਪੇਪਰ ਦੇਣ ਆਏ ਨੌਜਵਾਨ ਲੜਕੇ ਅਤੇ ਲੜਕੀਆਂ ਸੜਕ ਉੱਪਰ ਉੱਤਰ ਆ ਗਏ ਅਤੇ ਧਰਨਾ ਲਗਾ ਦਿੱਤਾ।
ਪੇਪਰ ਦੇਣ ਆਏ ਨੌਜਵਾਨਾਂ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਨੌਜਵਾਨਾਂ ਨੇ ਕਿਹਾ ਕਿ ਜਦੋਂ ਪੇਪਰ ਲੈਣ ਸਬੰਧੀ ਯੂਨੀਵਰਸਿਟੀ ਵੱਲੋਂ ਕੋਈ ਤਿਆਰੀ ਨਹੀਂ ਸੀ ਤਾਂ ਸਾਨੂੰ ਕਿਉਂ ਖੱਜਲ ਖਵਾਰ ਕੀਤਾ ਗਿਆ। ਯੂਨੀਵਰਸਿਟੀ ਨੇ ਹੰਗਾਮੇ ਨੂੰ ਦੇਖਦੇ ਹੋਏ ਪੇਪਰ ਰੱਦ ਕਰ ਦਿੱਤਾ।
ਪੇਪਰ ਦੇਣ ਆਏ ਲੜਕੀਆਂ ਨੇ ਕਿਹਾ ਕਿ ਅਸੀਂ ਬਹੁਤ ਦੂਰੋਂ ਪੇਪਰ ਦੇਣ ਲਈ ਆਏ ਹਾਂ ਜਦੋਂ ਇਹਨਾਂ ਵੱਲੋਂ ਕੋਈ ਤਿਆਰੀ ਨਹੀਂ ਕੀਤੀ ਗਈ ਸੀ ਤਾਂ ਸਾਨੂੰ ਕਿਉਂ ਬੁਲਾਇਆ ਗਿਆ। ਇਸ ਦੇ ਨਾਲ ਹੀ ਨੌਜਵਾਨਾਂ ਨੇ ਕਿਹਾ ਕਿ ਹਰ ਵਾਰੀ ਇਸੇ ਤਰ੍ਹਾਂ ਹੀ ਹੁੰਦਾ ਹੈ ਜਾਣ ਬੁੱਝ ਕੇ ਸਾਨੂੰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਨੌਜਵਾਨਾਂ ਨੇ ਕਿਹਾ ਕਿ ਇਹੋ ਜਿਹੇ ਪ੍ਰੀਖਿਆ ਸੈਂਟਰ ਹੀ ਕਿਉਂ ਬਣਾਏ ਗਏ ਹਨ ਅਤੇ ਇਹੋ ਜਿਹੀਆਂ ਏਜੰਸੀਆਂ ਨੂੰ ਕਿਉਂ ਕੰਮ ਦਿੱਤਾ ਗਿਆ ਹੈ ਜੋ ਪੇਪਰ ਲੈਣ ਦੀ ਤਿਆਰੀ ਵੀ ਚੰਗੇ ਤਰੀਕੇ ਨਾਲ ਨਹੀਂ ਕਰ ਸਕਦੇ।
ਦੂਜੇ ਪਾਸੇ ਪੇਪਰ ਲੈ ਰਹੇ ਫ਼ਰੀਦਕੋਟ ਯੂਨੀਵਰਸਿਟੀ ਦੇ ਅਬਜ਼ਰਵਰ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਤਿਆਰ ਕੀਤੀ ਹੋਈ ਸੀ ਪਰ ਕੋਈ ਟੈਕਨੀਕਲ ਸਮੱਸਿਆ ਆ ਗਈ ਸੀ। ਇਸ ਕਰ ਕੇ ਅਸੀਂ ਇਹ ਪੇਪਰ ਰੱਦ ਕਰ ਦਿੱਤਾ ਹੈ।
ਕੰਪਨੀ ਵਾਲਿਆਂ ਦਾ ਵੀ ਇਹੀ ਕਹਿਣਾ ਸੀ ਕਿ ਟੈਕਨੀਕਲ ਸਮੱਸਿਆ ਆਈ ਸੀ। ਇਸ ਦੌਰਾਨ ਸਾਡੇ ਵੱਲੋਂ ਬੱਚਿਆਂ ਨੂੰ ਅੰਦਰ ਬੈਠਣ ਲਈ ਕਿਹਾ ਸੀ ਪਰੰਤੂ ਗ਼ੁੱਸੇ ਵਿੱਚ ਆ ਕੇ ਬੱਚੇ ਬਾਹਰ ਭੱਜ ਗਏ।
ਮੌਕੇ 'ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਪੂਰੀ ਗੱਲ ਦਾ ਪਤਾ ਨਹੀਂ ਪਰ ਫਿਰ ਵੀ ਅਸੀਂ ਬੱਚਿਆਂ ਅਤੇ ਮੈਨੇਜਮੈਂਟ ਦੇ ਵਿਚਕਾਰ ਗੱਲਬਾਤ ਕਰਵਾ ਰਹੇ ਹਾਂ ਜਲਦੀ ਹੀ ਕੋਈ ਹੱਲ ਨਿਕਲ ਆਵੇਗਾ।