CM Bhagwant Mann: ਯੂਪੀਐਸਸੀ ਦੇ ਕੋਚਿੰਗ ਸੈਂਟਰ ਖੋਲ੍ਹਣ ਲਈ ਸੀਐਮ ਨੇ ਉੱਚ ਅਧਿਕਾਰੀਆਂ ਨਾਲ ਰੂਪਰੇਖਾ ਕੀਤੀ ਤਿਆਰ
CM Bhagwant Mann: ਪੰਜਾਬ ਵਿੱਚ ਯੂਪੀਐਸਸੀ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੀਐਮ ਭਗਵੰਤ ਮਾਨ ਨੇ ਉੱਚ ਅਧਿਕਾਰੀਆਂ ਨਾਲ ਕੋਚਿੰਗ ਸੈਂਟਰ ਖੋਲ੍ਹਣ ਸਬੰਧੀ ਵਿਚਾਰ ਚਰਚਾ ਕੀਤੀ।
CM Bhagwant Mann: ਪੰਜਾਬ 'ਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਦੀ ਕੋਚਿੰਗ ਲੈਣ ਵਾਲੇ ਲੜਕੇ-ਲੜਕੀਆਂ ਲਈ ਪੰਜਾਬ ਵਿੱਚ 8 ਕੋਚਿੰਗ ਸੈਂਟਰ ਖੋਲ੍ਹਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨਾਲ ਵਿਚਾਰ-ਚਰਚਾ ਕੀਤੀ। ਇਨ੍ਹਾਂ ਕੋਚਿੰਗ ਸੈਂਟਰਾਂ ਦੀ ਰੂਪਰੇਖਾ ਸਬੰਧੀ ਵਿਸਥਾਰ ਚਰਚਾ ਕੀਤੀ ਗਈ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਸੈਂਟਰ ਤੋਂ ਇਲਾਵਾ ਆਨਲਾਈਨ ਵੀ ਇਹ ਸਿਖਲਾਈ ਕਰਵਾਉਣ ਉਤੇ ਵਿਚਾਰ ਕਰ ਰਹੇ ਹਨ। ਨਾਲ ਹੀ ਟ੍ਰੇਨਿੰਗ ਲੈਣ ਵਾਲੇ ਬੱਚਿਆਂ ਨੂੰ ਸਰਕਾਰ ਵਿੱਤੀ ਮਦਦ ਵੀ ਕਰੇਗੀ। ਉਨ੍ਹਾਂ ਨੇ ਕਿਹਾ ਕਿ ਸਾਰੇ ਵੇਰਵੇ ਜਲਦ ਹੀ ਜਾਰੀ ਕੀਤੇ ਜਾਣਗੇ। ਪੰਜਾਬ ਸਰਕਾਰ ਵੱਲੋਂ ਜਲਦ ਹੀ ਯੂਪੀਐਸਸੀ ਦੀ ਟ੍ਰੇਨਿੰਗ ਲਈ 8 ਸੈਂਟਰ ਖੋਲ੍ਹੇ ਜਾਣਗੇ।
ਕਾਬਿਲੇਗੌਰ ਹੈ ਕਿ ਬੀਤੇ ਦਿਨ ਸੀਐਮ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਸੂਬਾ ਸਰਕਾਰ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਟ੍ਰੇਨਿੰਗ ਦੇਣ ਲਈ ਲਈ 8 ਹਾਈਟੈੱਕ ਸੈਂਟਰ ਖੋਲ੍ਹ ਰਹੀ ਹੈ। ਇਨ੍ਹਾਂ ਸੈਂਟਰਾਂ 'ਚ ਯੂਪੀਐੱਸਸੀ ਦੀ ਕੋਚਿੰਗ ਮੁਫ਼ਤ ਦਿੱਤੀ ਜਾਵੇਗੀ ਤੇ ਰਹਿਣ ਅਤੇ ਖਾਣ-ਪੀਣ ਦੀ ਵੀ ਪ੍ਰਬੰਧ ਮੁਫ਼ਤ ਹੋਵੇਗਾ।
ਇਹ ਸੈਂਟਰ ਨੌਜਵਾਨਾਂ ਨੂੰ ਯੂਪੀਐੱਸਸੀ ਦੀ ਪ੍ਰੀਖਿਆ ਪਾਸ ਕਰਨ ਤੇ ਸੂਬੇ ਤੇ ਦੇਸ਼ 'ਚ ਉੱਚ ਅਹੁਦਿਆਂ ’ਤੇ ਪੁੱਜਣ ਲਈ ਟ੍ਰੇਨਿੰਗ ਪ੍ਰਦਾਨ ਕਰਨਗੇ। ਆਈਏਐੱਸ ਅਤੇ ਆਈਪੀਐੱਸ ਦੇ ਨਿੱਜੀ ਕੋਚਿੰਗ ਸੈਂਟਰ ਕਾਫੀ ਮਹਿੰਗੇ ਹਨ ਤੇ ਫ਼ੀਸਾਂ ਵੀ ਕਾਫੀ ਹਨ। ਇਸ ਸਭ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ 8 ਕੋਚਿੰਗ ਕੇਂਦਰ ਖੋਲ੍ਹਣ ਦਾ ਫ਼ੈਸਲਾ ਲਿਆ ਹੈ।
ਇਹ ਵੀ ਪੜ੍ਹੋ : Gurbani Telecast Row: CM ਭਗਵੰਤ ਮਾਨ ਦਾ ਸਵਾਲ, "ਜਥੇਦਾਰ ਨੇ ਕਿਸੇ ਚੈਨਲ ਦਾ ਨਾਮ ਨਹੀਂ ਲਿਆ ਤਾਂ SGPC ਵੱਲੋਂ ਇੱਕੋ ਚੈਨਲ ਨੂੰ ਬੇਨਤੀ ਕਿਉਂ?"
ਸਾਰੇ ਵਿਦਿਆਰਥੀਆਂ ਨੂੰ ਫ੍ਰੀ ਕੋਚਿੰਗ ਦਿੱਤੀ ਜਾਵੇਗੀ ਤੇ ਕਿਸੇ ਦਾ ਨੀਲਾ ਕਾਰਡ ਜਾਂ ਬੀ. ਪੀ. ਐੱਲ. ਕਾਰਡ ਨਹੀਂ ਦੇਖਿਆ ਜਾਵੇਗਾ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਸੂਬੇ ਦੇ ਨੌਜਵਾਨਾਂ ਨੂੰ ਭਵਿੱਖ ਬਣਾਉਣ 'ਚ ਕੋਈ ਦਿੱਕਤ ਪੇਸ਼ ਨਾ ਆਵੇ। ਪੰਜਾਬ ਸਰਕਾਰ ਨੌਜਵਾਨਾਂ ਲਈ ਹਵਾਈ ਅੱਡੇ ਦੇ ਰਨਵੇ ਵਾਂਗ ਕੰਮ ਕਰੇਗੀ।
ਇਹ ਵੀ ਪੜ੍ਹੋ : Education News: ਪੰਜਾਬ ਦੇ ਇਸ ਸਕੂਲ 'ਚ ਪੰਜਾਬੀ ਲਾਜ਼ਮੀ ਨਹੀਂ, ਸਰਕਾਰ ਨੇ ਠੋਕਿਆ ਮੋਟਾ ਜ਼ੁਰਮਾਨਾ