Mega PTM: ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਭਲਕੇ ਯਾਨੀ ਕਿ ਮੰਗਲਵਾਰ ਨੂੰ ਮੈਗਾ ਪੀ. ਟੀ. ਐੱਮ. ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦਾ ਐਲਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੀਤਾ ਗਿਆ। ਚੰਡੀਗੜ੍ਹ ਵਿਖੇ ਪੰਜਾਬ ਭਵਨ ਵਿਚ ਪ੍ਰੈੱਸ ਕਾਨਫ਼ਰੰਸ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੰਗਲਵਾਰ ਸਵੇਰੇ 9 ਵਜੇ ਤੋਂ ਲੈ ਕੇ 2.30 ਵਜੇ ਤੱਕ ਸਕੂਲਾਂ ਵਿਚ ਮੈਗਾ ਪੀ. ਟੀ. ਐੱਮ (ਪੇਰੈਂਟ-ਟੀਚਰ ਮੀਟਿੰਗ) ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਪਿਛਲੀ ਵਾਰ ਸਕੂਲਾਂ ਵਿਚ 19 ਲੱਖ ਦੇ ਕਰੀਬ ਮਾਤਾ-ਪਿਤਾ ਵੱਲੋਂ ਮੈਗਾ ਪੀ. ਟੀ. ਐੱਮ. ਵਿਚ ਹਿੱਸਾ ਲਿਆ ਗਿਆ ਸੀ। ਇਸ ਦੌਰਾਨ ਬੱਚਿਆਂ ਦੇ ਮਾਤਾ-ਪਿਤਾ ਵੱਲੋਂ ਵੀ ਸਿੱਖਿਆ ਪਾਲਿਸੀ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਸੁਝਾਅ ਦਿੱਤੇ ਗਏ ਸਨ। ਜਿਹੜੇ ਵੀ ਸਾਡੇ ਕੋਲ ਸੁਝਾਅ ਆਉਂਦੇ ਹਨ, ਉਨ੍ਹਾਂ 'ਤੇ ਸਾਡੇ ਮਹਿਕਮੇ ਵੱਲੋਂ ਕੰਮ ਕੀਤਾ ਜਾਂਦਾ ਹੈ।


COMMERCIAL BREAK
SCROLL TO CONTINUE READING

ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰਾ ਡਾਟਾ ਜਨਤਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਵਾਰ ਸਿੱਖਿਆ ਦਾ ਬਜਟ ਵੀ ਵਾਧੂ ਮਿਲਿਆ ਹੈ ਅਤੇ ਪੰਜਾਬ ਦੇ ਸਕੂਲਾਂ ਵਿਚ ਕੋਈ ਵੀ ਵਿਕਾਸ ਕਾਰਜ ਨਹੀਂ ਰੁੱਕਿਆ ਹੈ। ਉਨ੍ਹਾਂ ਬੇਨਤੀ ਕਰਦੇ ਹੋਏ ਕਿਹਾ ਕਿ ਭਲਕੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਦੇ ਮਾਤਾ-ਪਿਤਾ ਮੀਟਿੰਗ ਵਿਚ ਜ਼ਰੂਰ ਪਹੁੰਚਣ। ਉਨ੍ਹਾਂ ਕਿਹਾ ਕਿ ਕੱਲ੍ਹ ਦਾ ਦਿਨ ਬੇਹੱਦ ਹੀ ਅਹਿਮ ਹੈ। ਪੇਰੈਂਟ-ਟੀਚਰ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਕਿਸੇ ਸਕੂਲ ਵਿਚ ਪਹੁੰਚ ਕੇ ਬੱਚਿਆਂ ਮਾਤਾ-ਪਿਤਾ ਸਮੇਤ ਸਕੂਲਾਂ ਦੇ ਅਧਿਆਪਕਾਂ ਨਾਲ ਗੱਲਬਾਤ ਕਰਨਗੇ।


ਇਸ ਦੇ ਨਾਲ ਹੀ ਮੰਤਰੀ ਸਾਹਿਬਾਨ ਅਤੇ ਵਿਧਾਇਕ ਵੀ ਆਪਣੇ-ਆਪਣੇ ਹਲਕਿਆਂ ਦੇ ਸਰਕਾਰੀ ਸਕੂਲਾਂ ਵਿਚ ਪਹੁੰਚਣਗੇ। ਉਨ੍ਹਾਂ ਵੱਲੋਂ ਪਿੰਡਾਂ ਵਿਚ ਨਵੀਆਂ ਬਣੀਆਂ ਪੰਚਾਇਤ ਦੇ ਮੈਂਬਰਾਂ ਨੂੰ ਵੀ ਪਹੁੰਚਣ ਦੀ ਬੇਨਤੀ ਕੀਤੀ ਗਈ। ਉਨ੍ਹਾਂ ਕਿਹਾ ਕਿ ਪੇਰੈਂਟ-ਟੀਚਰ ਮੀਟਿੰਗ ਦਾ ਮੰਤਵ ਪਿਛਲੇ ਢਾਈ ਸਾਲਾਂ ਵਿਚ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿਚ ਕੀਤੇ ਗਏ ਕਾਰਜਾਂ ਬਾਰੇ ਜਾਣੂੰ ਕਰਵਾਉਣਾ ਹੈ ਅਤੇ ਬੱਚਿਆਂ ਦੇ ਛਿਮਾਹੀ ਪ੍ਰੀਖਿਆ ਦੇ ਨਤੀਜਿਆਂ ਨੂੰ ਪੇਸ਼ ਕੀਤਾ ਜਾਵੇਗਾ ਅਤੇ ਸਕੂਲਾਂ ਵਿਚ ਆਏ ਬਦਲਾਅ ਬਾਰੇ ਦੱਸਿਆ ਜਾਵੇਗਾ।