Diljit Dosanjh Show: ਦਿਲਜੀਤ ਦੋਸਾਂਝ ਨੇ ਆਪਣਾ ਗੁਹਾਟੀ ਕੰਸਰਟ ਮਰਹੂਮ ਡਾ. ਮਨਮੋਹਨ ਸਿੰਘ ਨੂੰ ਸਮਰਪਿਤ ਕੀਤਾ
Diljit Dosanjh Show: ਮਰਹੂਮ ਡਾ. ਮਨਮੋਹਨ ਸਿੰਘ 2004 ਤੋਂ 2014 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ। ਉਨ੍ਹਾਂ ਦਾ ਵੀਰਵਾਰ ਨੂੰ 92 ਸਾਲ ਦੀ ਉਮਰ `ਚ ਦਿੱਲੀ `ਚ ਦਿਹਾਂਤ ਹੋ ਗਿਆ।
Diljit Dosanjh Show: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਆਪਣਾ ਗੁਹਾਟੀ ਕੰਸਰਟ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸਮਰਪਿਤ ਕੀਤਾ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ 26 ਦਸੰਬਰ ਦੀ ਰਾਤ ਨੂੰ ਦਿਹਾਂਤ ਹੋ ਗਿਆ ਸੀ। ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਇੰਸਟਾਗ੍ਰਾਮ' 'ਤੇ ਐਤਵਾਰ ਦੇ 'ਕੰਸਰਟ' ਦਾ ਇਕ ਵੀਡੀਓ ਸਾਂਝਾ ਕੀਤਾ, ਜਿਸ 'ਚ ਦਿਲਜੀਤ ਨੇ ਉਨ੍ਹਾਂ ਮਹੱਤਵਪੂਰਨ ਗੱਲਾਂ ਬਾਰੇ ਗੱਲ ਕੀਤੀ ਜੋ ਉਹ ਮੰਨਦੇ ਹਨ ਕਿ ਲੋਕਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਸਿੱਖਣੀਆਂ ਚਾਹੀਦੀਆਂ ਹਨ।
ਦੋਸਾਂਝ ਨੇ ਪੋਸਟ ਦੇ ਕੈਪਸ਼ਨ 'ਚ ਲਿਖਿਆ, "ਅੱਜ ਦਾ ਸਮਾਰੋਹ ਡਾ: ਮਨਮੋਹਨ ਸਿੰਘ ਜੀ ਨੂੰ ਸਮਰਪਿਤ ਹੈ।" ਵੀਡੀਓ 'ਚ ਦੁਸਾਂਝ ਨੇ ਯਾਦ ਕੀਤਾ ਕਿ ਮਨਮੋਹਨ ਸਿੰਘ ਨੇ ਕਦੇ ਵੀ ਕਿਸੇ ਬਾਰੇ ਬੁਰਾ ਨਹੀਂ ਬੋਲਿਆ, ਭਾਵੇਂ ਕੋਈ ਉਨ੍ਹਾਂ ਬਾਰੇ ਕਿੰਨਾ ਵੀ ਮਾੜਾ ਕਿਉਂ ਨਾ ਬੋਲੇ। ਵੀਡੀਓ 'ਚ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ,"ਉਹ ਬਹੁਤ ਸਾਦਾ ਜੀਵਨ ਬਤੀਤ ਕਰਦੇ ਸਨ। ਜੇਕਰ ਮੈਂ ਉਨ੍ਹਾਂ ਦੇ ਜੀਵਨ ਦੇ ਸਫ਼ਰ 'ਤੇ ਨਜ਼ਰ ਮਾਰਾਂ ਤਾਂ ਇਹ ਬਹੁਤ ਸਾਦਾ ਸੀ। ਭਾਵੇਂ ਕੋਈ ਉਨ੍ਹਾਂ ਨੂੰ ਬੁਰਾ-ਭਲਾ ਕਹਿੰਦਾ ਹੈ, ਫਿਰ ਵੀ ਉਨ੍ਹਾਂ ਨੇ ਉਨ੍ਹਾਂ ਬਾਰੇ ਬੁਰਾ ਨਹੀਂ ਕਿਹਾ। ਰਾਜਨੀਤੀ 'ਚ ਇਸ ਤੋਂ ਬਚਣਾ ਸਭ ਤੋਂ ਮੁਸ਼ਕਲ ਕੰਮ ਹੈ।"
ਉਨ੍ਹਾਂ ਕਿਹਾ,"ਕੀ ਤੁਸੀਂ ਕਦੇ ਲੋਕ ਸਭਾ ਸੈਸ਼ਨ ਦੇਖੇ ਹਨ? ਸਾਡੇ ਸਿਆਸਤਦਾਨ ਇੰਝ ਲੜਦੇ ਹਨ ਜਿਵੇਂ ਉਹ ਨਰਸਰੀ ਦੇ ਬੱਚੇ ਹੋਣ... ਪਰ ਸਾਨੂੰ ਡਾ: ਮਨਮੋਹਨ ਸਿੰਘ ਜੀ ਤੋਂ ਸਿੱਖਣਾ ਚਾਹੀਦਾ ਹੈ, ਜਿਨ੍ਹਾਂ ਨੇ ਕਦੇ ਪਲਟ ਕੇ ਜਵਾਬ ਨਹੀਂ ਦਿੱਤਾ।" ਸਿੰਘ 2004 ਤੋਂ 2014 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ। ਉਨ੍ਹਾਂ ਦਾ ਵੀਰਵਾਰ ਨੂੰ 92 ਸਾਲ ਦੀ ਉਮਰ 'ਚ ਦਿੱਲੀ 'ਚ ਦਿਹਾਂਤ ਹੋ ਗਿਆ।
ਦੋਸਾਂਝ (40) ਨੇ ਸਿੰਘ ਵੱਲੋਂ ਬੋਲੇ ਗਏ ਸ਼ਬਦਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੈਨੂੰ ਅਤੇ ਸਾਰਿਆਂ ਨੂੰ ਉਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ। ਦਿਲਜੀਤ ਨੇ ਕਿਹਾ,"ਉਹ ਹਮੇਸ਼ਾ ਕਿਹਾ ਕਰਦੇ ਸਨ,'ਹਜ਼ਾਰਾਂ ਜਵਾਬਾਂ ਨਾਲੋਂ ਮੇਰੀ ਖਾਮੋਸ਼ੀ ਚੰਗੀ, ਨਾ ਜਾਣੇ ਕਿੰਨੇ ਸਵਾਲਾਂ ਦੀ ਆਬਰੂ ਢੱਕ ਲੈਂਦੀ ਹੈ' ਅਤੇ ਇਹ ਕੁਝ ਅਜਿਹਾ ਹੈ ਜੋ ਨੌਜਵਾਨਾਂ ਨੂੰ ਉਨ੍ਹਾਂ ਤੋਂ ਸਿਖਣ ਦੀ ਲੋੜ ਹੈ, ਇੱਥੇ ਤੱਕ ਕਿ ਮੈਨੂੰ ਵੀ ਸਿਖਣਾ ਚਾਹੀਦਾ। ਸਾਨੂੰ ਆਪਣੇ ਟੀਚਿਆਂ 'ਤੇ ਕੇਂਦਰਿਤ ਕਰਨਾ ਚਾਹੀਦਾ, ਭਾਵੇਂ ਹੀ ਲੋਕ ਸਾਡੇ ਬਾਰੇ ਬੁਰੀਆਂ ਗੱਲਾਂ ਕਹਿਣ ਅਤੇ ਸਾਡਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਨ।'' ਉਨ੍ਹਾਂ ਕਿਹਾ,''ਅੱਜ ਮੈਂ ਉਸ ਵਿਅਕਤੀ ਦੇ ਸਾਹਮਣੇ ਆਪਣਾ ਸਿਰ ਝੁਕਾਉਂਦਾ ਹਾਂ, ਜਿਸ ਨੇ ਆਪਣੇ ਦੇਸ਼ ਨਾਲ ਪਿਆਰ ਕੀਤਾ ਅਤੇ ਆਪਣਾ ਜੀਵਨ ਉਸੇ ਦੀ ਸੇਵਾ 'ਚ ਬਿਤਾ ਦਿੱਤਾ।''