Childhood News: ਛੋਟੇ ਬੱਚੇ ਇੱਕ ਖੂਬਸੂਰਤ ਆਸ਼ਿਆਨੇ ਦੀ ਨਿੱਘੀ ਰੌਣਕ ਹੁੰਦੇ ਹਨ। ਇਨ੍ਹਾਂ ਤੋਂ ਬਗੈਰ ਫਿਰ ਘਰ ਵੱਢ ਖਾਣ ਨੂੰ ਆਉਂਦਾ ਹੈ। ਘਰਾਂ ਵਿੱਚ ਮੌਜੂਦ ਸਾਰੇ ਵੱਡੇ ਇਨ੍ਹਾਂ ਨਾਲ ਲਾਡ-ਲਡਾਉਂਦੇ ਹਨ। ਤੁਸੀਂ ਜਿੰਨਾ ਬੱਚਿਆਂ ਦੇ ਨੇੜੇ ਰਹੋਗੇ ਉਹ ਉੱਨਾ ਹੀ ਪਿਆਰ ਲੈਂਦੇ ਹਨ। ਦੋਸਤਾਨਾ ਤੇ ਨੇੜਤਾ ਵਾਲੇ ਸਬੰਧ ਬਣਾ ਕੇ ਰੱਖਣ ਨਾਲ ਬੱਚਿਆਂ ਦੇ ਸੁਭਾਅ ਉਤੇ ਹਾਂਪੱਖੀ ਅਸਰ ਪੈਂਦਾ ਹੈ। ਇਸ ਨਾਲ ਉਨ੍ਹਾਂ ਦਾ ਸਰੀਰਕ ਤੇ ਦਿਮਾਗੀ ਵਿਕਾਸ ਵੀ ਸਹੀ ਤਰੀਕੇ ਨਾਲ ਹੁੰਦਾ ਹੈ। ਅੱਜ ਦੇ ਜ਼ਮਾਨੇ ਵਿੱਚ ਬੱਚੇ ਬਹੁਤ ਜ਼ਿਆਦਾ ਤੇਜ਼ ਹਨ। ਬੱਚੇ ਮੋਬਾਈਲ, ਗੇਮਾਂ ਵੱਲ ਜਲਦੀ ਹੀ ਖਿੱਚੇ ਜਾਂਦੇ ਹਨ ਪਰ ਮਾਪਿਆਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਮੋਬਾਈਲ, ਗੇਮਾਂ ਤੇ ਡਿਜੀਟਲ ਚੀਜ਼ਾਂ ਤੋਂ ਦੂਰ ਰੱਖਣ ਤੇ ਉਨ੍ਹਾਂ ਨੂੰ ਸਰੀਰਕ ਖੇਚਲ ਕਰਨ ਦੀ ਆਦਤ ਪਾਉਣ। ਕਈ ਵਾਰ ਬੱਚੇ ਇਹ ਵੀ ਆਖਦੇ ਹਨ ਕਿ ਸਪਾਈਡਰ ਮੈਨ, ਭੀਮ ਹਾਂ, ਯਾਨੀ ਉਹ ਕਾਰਟੂਨਾਂ ਦੇ ਕਿਰਦਾਰਾਂ ਵਾਂਗ ਬਣਨਾ ਚਾਹੁੰਦੇ ਹਨ। ਉਹ ਉਨ੍ਹਾਂ ਦੇ ਕਿਰਦਾਰਾਂ ਤੋਂ ਪ੍ਰਭਾਵਿਤ ਹੁੰਦੇ ਹਨ ਤੇ ਉਨ੍ਹਾਂ ਦੇ ਦਿਮਾਗ਼ ਉਪਰ ਨਿੱਕੀਆਂ-ਨਿੱਕੀਆਂ ਗੱਲਾਂ ਛਾਪ ਛੱਡਦੀਆਂ ਹਨ। ਇਸ ਲਈ ਬੱਚਿਆਂ ਦੇ ਸੋਹਲ ਜਿਹੇ ਮਨ ਉਪਰ ਕਿਸੇ ਵੀ ਇਹੋ ਜਿਹੀ ਚੀਜ਼ ਨੂੰ ਭਾਰੂ ਨਾ ਹੋਣ ਦਿਉ, ਜੋ ਉਸ ਦੇ ਦਿਮਾਗ਼ ਵਿੱਚ ਘਰ ਕਰ ਜਾਵੇ।


COMMERCIAL BREAK
SCROLL TO CONTINUE READING

ਬੱਚੇ ਜੇਕਰ ਘਰ ਵਿੱਚ ਖਿਲਾਰਾ ਪਾਉਂਦੇ ਹਨ ਤਾਂ ਇਸ ਨੂੰ ਲੈ ਕੇ ਉਨ੍ਹਾਂ ਨੂੰ ਖਿੱਝੋ ਨਾ ਸਗੋਂ ਹੌਲੀ-ਹੌਲੀ ਇਨ੍ਹਾਂ ਚੀਜ਼ਾਂ ਵਿੱਚ ਕੱਢਣ ਦੀ ਕੋਸ਼ਿਸ਼ ਕਰੋ। ਕਈ ਵਾਰ ਮਾਪੇ ਬੱਚਿਆਂ ਦੀਆਂ ਸ਼ਰਾਰਤਾਂ ਤੋਂ ਤੰਗ ਆ ਕੇ ਖੁਦ ਹੀ ਆਪਣੇ ਛੋਟੇ ਬੱਚਿਆਂ ਨੂੰ ਮੋਬਾਈਲ ਜਾਂ ਗੇਮਾਂ ਫੜਾ ਦਿੰਦੇ ਹਨ ਜੋ ਕਿ ਉਨ੍ਹਾਂ ਲਈ ਕਾਫੀ ਹਾਨੀਕਾਰਕ ਹੋ ਸਕਦਾ ਹੈ। ਇਸ ਲਈ ਅਜਿਹਾ ਬਿਲਕੁਲ ਵੀ ਨਾ ਕੀਤਾ ਜਾਵੇ। ਅੱਜ-ਕੱਲ੍ਹ ਅਸੀਂ ਆਮ ਹੀ ਸੋਸ਼ਲ ਮੀਡੀਆ ਉਤੇ ਦੇਖਦੇ ਹਾਂ ਕਿ ਜਿਸ ਘਰ ਵਿੱਚ ਖਿਲਾਰਾ ਨਹੀਂ ਹੈ ਤੇ ਬੱਚੇ ਹਨ, ਉਨ੍ਹਾਂ ਬੱਚਿਆਂ ਤੋਂ ਉਨ੍ਹਾਂ ਦਾ ਬਚਪਨ ਖੋਹਿਆ ਜਾ ਰਿਹਾ ਹੈ।


ਜਿੰਨਾ ਹੋ ਸਕੇ ਉਨ੍ਹਾਂ ਨੂੰ ਖੁੱਲ੍ਹ ਕੇ ਖੇਡਣ ਦਿਉ, ਇਸ ਨਾਲ ਉਸ ਦਾ ਸਰੀਰਕ ਵਿਕਾਸ ਵੀ ਹੋਵੇਗਾ ਤੇ ਉਹ ਦਿਮਾਗ਼ੀ ਤੌਰ ਉਤੇ ਵੀ ਸਿਹਤਮੰਦ ਰਹਿਣਗੇ। ਬੱਚੇ ਜਦੋਂ ਤੁਹਾਨੂੰ ਕੁਝ ਦੱਸਦੇ ਹਨ ਤਾਂ ਗੌਰ ਨਾਲ ਸੁਣੋ ਤੇ ਆਪਣੀ ਸਮਝ ਅਨੁਸਾਰ ਜਵਾਬ ਜ਼ਰੂਰ ਦਿਉ ਕਿਉਂਕਿ ਅਸੀਂ ਕਈ ਵਾਰ ਬੱਚਿਆਂ ਦੀਆਂ ਗੱਲਾਂ ਨੂੰ ਨਜ਼ਰ-ਅੰਦਾਜ਼ ਕਰਦੇ ਹਾਂ ਤਾਂ ਉਹ ਨਿਰਾਸ਼ਾ ਮਹਿਸੂਸ ਕਰਦੇ ਹਨ ਤੇ ਇਹ ਸੋਚਣ ਲੱਗਦੇ ਹਨ ਕਿ ਸ਼ਾਇਦ ਉਨ੍ਹਾਂ ਦੀ ਕੋਈ ਅਹਿਮੀਅਤ ਨਹੀਂ ਹੈ। ਆਪਣੇ ਬੱਚੇ ਨੂੰ ਹਮੇਸ਼ਾ ਇਹ ਅਹਿਸਾਸ ਕਰਵਾਓ ਕਿ ਉਹ ਤੁਹਾਡੇ ਲਈ ਬਹੁਤ ਖ਼ਾਸ ਹਨ। ਇਸ ਨਾਲ ਉਹ ਤੁਹਾਡੇ ਤੋਂ ਕਦੇ ਕੋਈ ਗੱਲ ਨਹੀਂ ਲੁਕਾਉਣਗੇ ਤੇ ਗੱਲ ਕਰਦੇ ਸਮੇਂ ਕੋਈ ਝਿਜਕ ਮਹਿਸੂਸ ਨਹੀਂ ਕਰਨਗੇ। ਚੀਜ਼ਾਂ ਨੂੰ ਸਿੱਖਣ-ਸਮਝਣ ਵਿੱਚ ਉਨ੍ਹਾਂ ਦਾ ਰੁਝਾਨ ਵਧੇਗਾ।


ਇਹ ਵੀ ਪੜ੍ਹੋ : Salman Khan Threat News: ਗੈਂਗਸਟਰ ਗੋਲਡੀ ਬਰਾੜ ਨੇ ਸਲਮਾਨ ਖਾਨ ਨੂੰ ਭੇਜੀ ਧਮਕੀ ਭਰੀ ਈ-ਮੇਲ: ਮੁੰਬਈ ਪੁਲਿਸ


ਬੱਚੇ ਝਿੜਕ ਨਾਲ ਨਹੀਂ, ਪਿਆਰ ਤੇ ਸਹਿਜਤਾ ਨਾਲ ਸਿੱਖਦੇ ਹਨ। ਫੁੱਲਾਂ ਜਿਹੇ ਮਨਾਂ ਉਪਰ ਕਦੇ ਵੀ ਕੰਡਿਆਂ ਵਰਗੇ ਕਠੋਰ ਬੋਲਾਂ ਦੇ ਵਾਰ ਨਾ ਕਰੋ। ਇਸ ਨਾਲ ਬੱਚੇ ਸੁਧਰਨ ਦੀ ਬਜਾਏ ਹੋਰ ਵਿਗੜ ਸਕਦੇ ਹਨ ਕਿਉਂਕਿ ਉਨ੍ਹਾਂ ਅੰਦਰ ਬਦਲੇ ਦੀ ਭਾਵਨਾ ਬਹੁਤ ਜਲਦ ਉਪਜਦੀ ਹੈ। ਅਸੀਂ ਸਭ ਜਾਣਦੇ ਹਾਂ ਕਿ ਬਚਪਨ ਬੜਾ ਨਿਆਰਾ ਹੁੰਦਾ ਹੈ। ਨਾ ਕਿਸੇ ਚੀਜ਼ ਦੀ ਚਿੰਤਾ, ਨਾ ਗਮ ਦਾ ਅਹਿਸਾਸ ਸਗੋਂ ਬੱਚਾ ਖੇਡ ਨੂੰ ਹੀ ਆਪਣਾ ਜੀਵਨ ਸਮਝਦਾ ਹੈ। ਆਪਣਾ ਖਾਣਾ-ਪੀਣਾ ਭੁੱਲ ਕੇ ਬੱਚੇ ਦਾ ਮਨ ਖੇਡਣਾ ਹੀ ਲੋਚਦਾ ਹੈ। ਦੁਨੀਆਦਾਰੀ ਦੀਆਂ ਸਭ ਚਿੰਤਾਵਾਂ ਤੋਂ ਰਹਿਤ, ਮੋਹ-ਮਾਇਆ ਦੇ ਝੰਜਟਾਂ ਤੋਂ ਦੂਰ ਬਚਪਨ ਸਿਰਫ਼ ਖੇਡਣਾ ਹੀ ਪਸੰਦ ਕਰਦਾ ਹੈ। ਬੱਚੇ ਦਾ ਮਨ ਪਵਿੱਤਰ, ਸਾਫ਼, ਕੂੜ-ਕਪਟ ਤੋਂ ਰਹਿਤ ਸਭ ਨੂੰ ਇਕੋ ਜਿਹਾ ਦੇਖਣ ਵਾਲਾ ਹੁੰਦਾ ਹੈ। ਇਸੇ ਲਈ ਹੀ ਬੱਚੇ ਨੂੰ ਰੱਬ ਦੇ ਰੂਪ ਦਾ ਨਾਂ ਦਿੱਤਾ ਜਾਂਦਾ ਹੈ। ਬੱਚਿਆਂ ਨੂੰ ਕਿਸ ਰੂਪ ਵਿੱਚ ਢਾਲਣਾ ਹੁੰਦਾ ਹੈ ਇਹ ਮਾਪਿਆਂ, ਅਧਿਆਪਕਾਂ ਤੇ ਸਮਾਜ ਦਾ ਫਰਜ਼ ਹੈ।


ਇਹ ਵੀ ਪੜ੍ਹੋ : Punjab Weather Update: ਪੰਜਾਬ ਦੇ 4 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ! ਕਿਸਾਨਾਂ ਦੀ ਮੁੜ ਵਧੀ ਚਿੰਤਾ