Lok Sabha News: ਪੰਜਾਬ ਦੇ ਸੰਸਦ ਮੈਂਬਰਾਂ ਦਾ ਰਿਪੋਰਟ ਕਾਰਡ ਰਵਨੀਤ ਬਿੱਟੂ ਨੇ ਕੀਤਾ ਜਾਰੀ
Lok Sabha News: ਰਿਪੋਰਟ ਕਾਰਡ ਮੁਤਾਬਿਕ ਪੰਜਾਬ ਤੋਂ ਲੋਕ ਸਭਾ ਮੈਂਬਰ ਅਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜ਼ਿਆਦਾਤਰ ਸਮਾਂ ਸੰਸਦ ਦੀ ਕਾਰਵਾਈ ਤੋਂ ਗਾਇਬ ਰਹੇ।
Lok Sabha News: ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ 17ਵੀਂ ਲੋਕ ਸਭਾ ਵਿੱਚ ਪੰਜਾਬ ਦੇ ਸੰਸਦ ਮੈਂਬਰਾਂ ਦਾ ਰਿਪੋਰਟ ਕਾਰਡ ਜਾਰੀ ਕੀਤਾ। ਇਸ ਰਿਪੋਰਟ ਕਾਰਡ ਮੁਤਾਬਿਕ ਪੰਜਾਬ ਤੋਂ ਲੋਕ ਸਭਾ ਮੈਂਬਰ ਅਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜ਼ਿਆਦਾਤਰ ਸਮਾਂ ਸੰਸਦ ਦੀ ਕਾਰਵਾਈ ਤੋਂ ਗਾਇਬ ਰਹੇ। ਰਿਪੋਰਟ ਕਾਰਡ ਵਿੱਚ ਸੰਨੀ ਅਤੇ ਸੁਖਬੀਰ ਦੀ ਹਾਜ਼ਰੀ ਸਿਰਫ 21 ਫੀਸਦੀ ਹੋਣ ਦਾ ਖੁਲਾਸਾ ਹੋਇਆ ਹੈ। ਦੋਵਾਂ ਨੇ ਸਿਰਫ਼ 32-32 ਸਵਾਲ ਪੁੱਛੇ, ਉਨ੍ਹਾਂ ਦੇ ਖਾਤੇ ਵਿੱਚ ਪ੍ਰਾਈਵੇਟ ਬਿੱਲ ਜ਼ੀਰੋ ਹਨ।
ਦੂਜੇ ਪਾਸੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਸੰਸਦ ਵਿੱਚ ਹਾਜ਼ਰੀ ਤੋਂ ਲੈ ਕੇ ਸਵਾਲ ਪੁੱਛਣ ਤੱਕ ਹਰ ਮਾਮਲੇ ਵਿੱਚ ਸਿਖਰ ਉੱਤੇ ਰਹੇ ਹਨ। ਉਨ੍ਹਾਂ ਨੇ ਸੰਸਦ ਵਿੱਚ 6 ਪ੍ਰਾਈਵੇਟ ਬਿੱਲ ਵੀ ਪੇਸ਼ ਕੀਤੇ ਹਨ।
ਸੰਸਦ ਮੈਂਬਰ ਸੰਨੀ ਦਿਓਲ ਆਪਣੇ ਹਲਕੇ ਦੇ ਲੋਕਾਂ ਦੇ ਨਿਸ਼ਾਨੇ ਉੱਤੇ ਰਹੇ ਕਿਉਂਕਿ ਚੋਣਾਂ ਜਿੱਤਣ ਤੋਂ ਬਾਅਦ ਉਹ ਲੰਬੇ ਸਮੇਂ ਤੱਕ ਲੋਕਾਂ ਤੱਕ ਨਹੀਂ ਪਹੁੰਚੇ। ਇਕ ਸਮੇਂ ਤਾਂ ਉਸ ਦੇ ਲਾਪਤਾ ਹੋਣ ਦੇ ਪੋਸਟਰ ਵੀ ਕੰਧਾਂ 'ਤੇ ਚਿਪਕਾਏ ਗਏ ਸਨ।
ਜਦੋਂ ਲੋਕ ਸਭਾ ਵਿੱਚ ਸਵਾਲ ਚੁੱਕਣ ਦੀ ਗੱਲ ਆਉਂਦੀ ਹੈ ਤਾਂ ਇਸ ਵਿੱਚ ਕਾਂਗਰਸ ਸਾਂਸਦ ਰਵਨੀਤ ਬਿੱਟੂ ਸਭ ਤੋਂ ਅੱਗੇ ਰਹੇ ਹਨ। ਉਨ੍ਹਾਂ ਨੇ ਕੁੱਲ 358 ਸਵਾਲ ਪੁੱਛੇ, ਜੋ ਸਭ ਤੋਂ ਵੱਧ ਸਨ। ਹਾਲਾਂਕਿ ਸੰਸਦ 'ਚ ਉਨ੍ਹਾਂ ਦੀ ਹਾਜ਼ਰੀ 90 ਫੀਸਦੀ ਰਹੀ, ਜੋ ਸੂਬੇ ਦੇ ਸੰਸਦ ਮੈਂਬਰਾਂ 'ਚੋਂ ਤੀਜੇ ਨੰਬਰ ਉੱਤੇ ਹੈ। ਸਵਾਲ ਪੁੱਛਣ ਵਿੱਚ ਸੰਸਦ ਮੈਂਬਰ ਅਮਰ ਸਿੰਘ ਦੂਜੇ ਅਤੇ ਜਸਬੀਰ ਸਿੰਘ ਗਿੱਲ ਹਾਜ਼ਰੀ ਵਿੱਚ ਦੂਜੇ ਸਥਾਨ ਉੱਤੇ ਰਹੇ।
ਸਿਮਰਜੀਤ ਸਿੰਘ ਮਾਨ ਨੇ ਕੋਈ ਸਵਾਲ ਨਹੀਂ ਕੀਤਾ
ਜੇਕਰ ਅਸੀਂ 17ਵੀਂ ਲੋਕ ਸਭਾ 'ਤੇ ਨਜ਼ਰ ਮਾਰੀਏ, ਜੋ ਹੁਣ ਆਪਣੇ ਆਖਰੀ ਪੜਾਅ ਉੱਤੇ ਹੈ, ਤਾਂ ਪੰਜਾਬ ਦੇ 12 ਸੰਸਦ ਮੈਂਬਰਾਂ ਨੇ ਕੁੱਲ 1168 ਸਵਾਲ ਉਠਾਏ। ਇਨ੍ਹਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੰਸਦ ਮੈਂਬਰ ਸਿਮਰਜੀਤ ਮਾਨ ਹੀ ਹਨ, ਜਿਨ੍ਹਾਂ ਦੀ ਸੰਸਦ ਵਿੱਚ ਹਾਜ਼ਰੀ 85 ਫੀਸਦੀ ਸੀ, ਪਰ ਉਨ੍ਹਾਂ ਨੇ ਇੱਕ ਵੀ ਸਵਾਲ ਨਹੀਂ ਪੁੱਛਿਆ। ਉਨ੍ਹਾਂ ਨੇ ਸੰਸਦ ਵਿੱਚ ਕੋਈ ਨਿੱਜੀ ਬਿੱਲ ਵੀ ਪੇਸ਼ ਨਹੀਂ ਕੀਤਾ। ਸਭ ਤੋਂ ਵੱਧ ਸਵਾਲ ਚਾਰ ਸੰਸਦ ਮੈਂਬਰਾਂ ਰਵਨੀਤ ਬਿੱਟੂ (358), ਗੁਰਜੀਤ ਔਜਲਾ (110), ਮਨੀਸ਼ ਤਿਵਾੜੀ (206) ਅਤੇ ਅਮਰ ਸਿੰਘ (213) ਦੇ ਖਾਤੇ ਵਿੱਚ ਆਏ ਹਨ।
ਸਿਰਫ਼ 13 ਨਿੱਜੀ ਪੇਸ਼ ਕੀਤੇ ਗਏ
ਪੰਜਾਬ ਦੇ 12 ਸੰਸਦ ਮੈਂਬਰ ਹਨ ਪਰ ਪੂਰੇ ਕਾਰਜਕਾਲ ਦੌਰਾਨ ਸੰਸਦ ਵਿੱਚ ਸਿਰਫ਼ 13 ਪ੍ਰਾਈਵੇਟ ਮੈਂਬਰ ਬਿੱਲ ਹੀ ਲਿਆਂਦੇ ਗਏ। ਇਨ੍ਹਾਂ ਵਿੱਚੋਂ ਮਨੀਸ਼ ਤਿਵਾੜੀ ਕੋਲ 6 ਅਤੇ ਬਿੱਟੂ ਦੇ 5 ਬਿੱਲ ਹਨ। ਦੋ ਬਿੱਲ ਜਸਬੀਰ ਸਿੰਘ ਗਿੱਲ ਦੇ ਸਨ। ਪੰਜਾਬ ਦੇ 9 ਸੰਸਦ ਮੈਂਬਰਾਂ ਨੇ ਵੀ ਆਪਣੇ ਪੱਖ ਤੋਂ ਕੋਈ ਪ੍ਰਾਈਵੇਟ ਮੈਂਬਰ ਬਿੱਲ ਸੰਸਦ ਵਿੱਚ ਪੇਸ਼ ਨਹੀਂ ਕੀਤਾ।
ਸੁਖਬੀਰ ਬਾਦਲ ਪਤਨੀ ਤੋਂ ਪਿੱਛੇ
ਸ਼੍ਰੋਮਣੀ ਅਕਾਲੀ ਦਲ ਦੇ ਦੋ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਹਨ। ਜੇ ਪਤੀ-ਪਤਨੀ ਦੀ ਸੰਸਦ ਵਿੱਚ ਹਾਜ਼ਰੀ ਅਤੇ ਹੋਰ ਮੁੱਦਿਆਂ ਉੱਤੇ ਨਜ਼ਰ ਮਾਰੀਏ ਤਾਂ ਹਰਸਿਮਰਤ ਕੌਰ ਬਾਦਲ ਆਪਣੇ ਪਤੀ ਸੁਖਬੀਰ ਨੂੰ ਹਰ ਪੱਖ ਤੋਂ ਪਛਾੜ ਰਹੀ ਹੈ। ਸੁਖਬੀਰ ਬਾਦਲ ਦੀ ਪਾਰਲੀਮੈਂਟ ਵਿੱਚ ਹਾਜ਼ਰੀ 21 ਫੀਸਦੀ, ਹਰਸਿਮਰਤ ਕੌਰ ਦੀ ਹਾਜ਼ਰੀ 60 ਫੀਸਦੀ ਰਹੀ। ਸੁਖਬੀਰ ਨੇ 32 ਸਵਾਲ ਪੁੱਛੇ ਜਦਕਿ ਉਨ੍ਹਾਂ ਦੀ ਪਤਨੀ ਨੇ 80 ਸਵਾਲ ਕੀਤੇ।
ਪੰਜਾਬ ਦੇ ਸੰਸਦ ਮੈਂਬਰ ਸਵਾਲ ਪੁੱਛਣ ਵਿੱਚ ਪੱਛੜ ਗਏ
ਪੰਜਾਬ ਦੇ ਤਿੰਨ ਸੰਸਦ ਮੈਂਬਰ ਮੁਹੰਮਦ ਸਦੀਕ, ਪ੍ਰਨੀਤ ਕੌਰ ਅਤੇ ਸੁਸ਼ੀਲ ਕੁਮਾਰ ਰਿੰਕੂ ਸੰਸਦ ਵਿੱਚ ਮੁੱਦੇ ਉਠਾਉਣ ਵਿੱਚ ਪੱਛੜ ਗਏ ਹਨ। ਕਾਂਗਰਸ ਦੇ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਆਪਣੇ ਪੂਰੇ ਕਾਰਜਕਾਲ ਵਿੱਚ ਸਿਰਫ 2 ਸਵਾਲ ਪੁੱਛੇ ਹਨ। ਹਾਲਾਂਕਿ ਉਨ੍ਹਾਂ ਦੀ ਹਾਜ਼ਰੀ 63 ਫੀਸਦੀ ਰਹੀ। ਜੇਕਰ 'ਆਪ' ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਿਰਫ਼ 10 ਸਵਾਲ ਪੁੱਛੇ ਅਤੇ ਹਾਜ਼ਰੀ 57 ਫ਼ੀਸਦੀ ਰਹੀ।
ਸੰਸਦ ਮੈਂਬਰ ਪ੍ਰਨੀਤ ਕੌਰ ਨੇ 27 ਸਵਾਲ ਕੀਤੇ ਅਤੇ ਸੰਸਦ ਵਿੱਚ ਉਨ੍ਹਾਂ ਦੀ ਹਾਜ਼ਰੀ 85 ਫੀਸਦੀ ਰਹੀ। ਇਨ੍ਹਾਂ ਤਿੰਨਾਂ ਨੇ ਸੰਸਦ ਵਿੱਚ ਕੋਈ ਪ੍ਰਾਈਵੇਟ ਮੈਂਬਰ ਬਿੱਲ ਵੀ ਪੇਸ਼ ਨਹੀਂ ਕੀਤਾ।