ਚੰਡੀਗੜ੍ਹ : 2022 ਦੀਆਂ ਵਿਧਾਨਸਭਾ ਚੋਣਾਂ ਦੇ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਹੁਣ ਆਪਣੀ ਟੀਮ ਤਿਆਰ ਕਰਨ ਵਿੱਚ ਲੱਗ ਗਏ ਨੇ, ਪਾਰਟੀ ਦੀ ਸਿਆਸੀ ਰਣਨੀਤੀ ਤੈਅ ਕਰਨ ਦੇ ਲਈ ਪਿਛਲੇ ਹਫ਼ਤੇ ਹੀ ਸੁਖਬੀਰ ਬਾਦਲ ਵੱਲੋਂ  19 ਮੈਂਬਰੀ ਕੋਰ ਕਮੇਟੀ ਦਾ ਐਲਾਨ ਕੀਤਾ ਗਿਆ ਸੀ ਹੁਣ ਪਾਰਟੀ ਦੇ ਅਹੁਦੇਦਾਰਾਂ ਦੀ ਨਿਯੁਕਤੀਆਂ ਵੀ ਕਰ ਦਿੱਤੀਆਂ ਨੇ, ਕੋਰ ਟੀਮ ਵਿੱਚ ਜਿਸ ਤਰ੍ਹਾਂ ਸੁਖਬੀਰ ਬਾਦਲ ਨੇ ਪਾਰਟੀ ਦੇ ਸੀਨੀਅਰ ਅਤੇ ਪੁਰਾਣੇ ਟਕਸਾਲੀਆ ਨੂੰ ਥਾਂ ਦਿੱਤੀ ਹੈ ਉਸੇ ਤਰ੍ਹਾਂ ਅਹੁਦੇਦਾਰਾਂ ਦੀ ਲਿਸਟ ਵਿੱਚ ਵੀ ਜ਼ਿਆਦਾ ਬਦਲਾਅ ਨਹੀਂ ਕੀਤਾ ਪਰ ਕੋਰ ਟੀਮ ਵਾਂਗ ਅਹੁਦੇਦਾਰਾਂ ਦੀ ਲਿਸਟ ਵਿੱਚ ਇੱਕ ਨਵੇਂ ਆਗੂ ਦੀ ਐਂਟਰੀ ਹੋਈ ਹੈ, ਇੱਕ ਵਕਤ ਸੁਖਬੀਰ ਬਾਦਲ ਦੇ ਸਭ ਤੋਂ ਵੱਡੇ ਸਿਆਸੀ ਵਿਰੋਧੀਆਂ ਦੀ ਲਿਸਟ ਵਿੱਚ ਸ਼ਾਮਲ ਇਸ ਆਗੂ ਨੂੰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਨਾ ਸਿਰਫ਼ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਹੈ ਬਲਕਿ ਪਾਰਟੀ ਵਿੱਚ ਅਹਿਮ ਅਹੁਦੇਦਾਰ ਵੀ ਨਿਯੁਕਤ ਕੀਤਾ ਹੈ 


COMMERCIAL BREAK
SCROLL TO CONTINUE READING

ਕੌਣ ਹੈ ਇਹ ਅਹਿਮ ਨਾਂ ?
 
ਕਾਂਗਰਸ ਦੀ CWC ਦੇ ਸਾਬਕਾ ਮੈਂਬਰ,ਆਪਣੀਆਂ ਸਿਆਸੀ ਤਕਰੀਰਾਂ ਲਈ ਮਸ਼ਹੂਰ, 2 ਦਹਾਕੇ ਪਹਿਲਾਂ ਕਾਂਗਰਸ ਦੀ ਟਿਕਟ 'ਤੇ ਫ਼ਿਰੋਜ਼ਪੁਰ ਤੋਂ ਅਕਾਲੀ ਦਲ ਦੇ ਸਭ ਤੋਂ ਵੱਡੇ ਆਗੂ ਸੁਖਬੀਰ ਬਾਦਲ ਨੂੰ ਹਰਾਉਣ ਵਾਲੇ ਜਗਮੀਤ ਸਿੰਘ ਬਰਾੜ ਇੱਕ ਵਕਤ ਸੁਖਬੀਰ ਬਾਦਲ ਦੇ ਸਭ ਤੋਂ ਵੱਡੇ ਸਿਆਸੀ ਵਿਰੋਧੀ ਮੰਨੇ ਜਾਂਦੇ ਸਨ,ਪਰ ਤਕਰੀਬਨ ਡੇਢ ਸਾਲ ਪਹਿਲਾਂ ਜਦੋਂ ਉਹ ਅਕਾਲੀ ਦਲ ਵਿੱਚ ਸ਼ਾਮਲ ਹੋਏ ਤਾਂ ਸੁਖਬੀਰ ਬਾਦਲ ਨੇ ਅਕਾਲੀ ਦਲ ਵਿੱਚ ਉਨ੍ਹਾਂ ਦਾ ਕਦ ਲਗਾਤਾਰ ਵਧਾਇਆ ਹੈ, ਸਭ ਤੋਂ ਪਹਿਲਾਂ ਪਿਛਲੇ ਸਾਲ ਜਗਮੀਤ ਬਰਾੜ ਨੂੰ ਪਾਰਟੀ ਪ੍ਰਧਾਨ ਦੀ ਚੋਣ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਫਿਰ ਪਿਛਲੇ ਹਫ਼ਤੇ ਉਨ੍ਹਾਂ ਨੂੰ 19 ਮੈਂਬਰੀ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੁਣ ਉਨ੍ਹਾਂ ਨੂੰ ਪਾਰਟੀ ਦਾ ਉੱਪ ਪ੍ਰਧਾਨ ਦਾ ਅਹੁਦਾ ਸੌਂਪਿਆ ਗਿਆ, ਲਗਾਤਾਰ ਵਧ ਰਹੇ ਜਗਮੀਤ ਸਿੰਘ ਬਰਾੜ ਦੇ ਕਦ ਦੇ ਪਿੱਛੇ ਕਈ ਵਜ੍ਹਾਂ ਨੇ, ਸਭ ਅਹਿਮ ਗੱਲ ਇਹ ਹੈ ਜਗਮੀਤ ਬਰਾੜ ਨੇ ਉਸ ਵੇਲੇ ਅਕਾਲੀ ਦਲ ਦਾ ਹੱਥ ਫੜਿਆ ਜਦੋਂ ਟਕਸਾਲੀ ਆਗੂ ਅਕਾਲੀ ਦਲ ਨੂੰ ਅਲਵਿਦਾ ਕਹਿ ਰਹੇ ਸਨ,ਮੁਸ਼ਕਲ ਵੇਲੇ ਜਗਮੀਤ ਬਰਾੜ ਵਰਗੇ  ਵੱਡੇ ਆਗੂ ਦਾ ਪਾਰਟੀ ਵਿੱਚ ਸ਼ਾਮਲ ਹੋਣਾ ਸੁਖਬੀਰ ਬਾਦਲ ਲਈ ਅਹਿਮ ਸੀ,  ਦੂਜਾ ਮਾਲਵਾ ਹਲਕੇ ਵਿੱਚ ਜਗਮੀਤ ਬਰਾੜ ਦਾ ਚੰਗਾ ਸਿਆਸੀ ਹੋਲਡ ਮੰਨਿਆ ਜਾਂਦਾ ਹੈ, ਤੀਜਾ ਕਾਰਣ ਆਪਣੀ ਸਿਆਸੀ ਤਕਰੀਰਾ ਲਈ ਮਸ਼ਹੂਰ ਜਗਮੀਤ ਬਰਾੜ ਨੂੰ ਲੋਕਾਂ ਨੇ ਅਵਾਜ਼-ਏ-ਪੰਜਾਬ ਦਾ ਨਾਂ ਦਿੱਤਾ,ਚੌਥਾ ਕਾਰਣ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਵੱਡੇ ਸਿਆਸੀ ਵਿਰੋਧੀ ਨੇ ਬਰਾੜ,ਚੋਣਾਂ ਦੌਰਾਨ ਅਕਾਲੀ ਦਲ ਜਗਮੀਤ ਬਰਾੜ ਦਾ ਹਰ ਪੱਖੋਂ ਸਿਆਸੀ ਫਾਇਦਾ ਚੁੱਕ ਸਕਦਾ ਹੈ, ਉਧਰ ਜਗਮੀਤ ਬਰਾੜ ਨੂੰ ਵੀ ਪੰਜਾਬ ਵਿੱਚ ਇੱਕ ਅਜਿਹੀ ਸਿਆਸੀ ਪਾਰਟੀ ਦੀ ਜ਼ਰੂਰਤ ਸੀ ਜੋ ਉਨ੍ਹਾਂ ਨੂੰ ਮੁੜ ਤੋਂ ਸਿਆਸੀ ਜ਼ਮੀਨ ਤਲਾਸ਼ਨ ਵਿੱਚ ਮਦਦਗਾਰ ਸਾਬਿਤ ਹੋ ਸਕੇ, ਕਾਂਗਰਸ ਵਿੱਚ ਜਗਮੀਤ ਬਰਾੜ ਦੀ ਸਿਆਸੀ ਦਾਲ ਨਾ ਗਲਨ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾਂ ਕੈਪਟਨ ਅਮਰਿੰਦਰ ਸਿੰਘ ਸਨ, ਬਰਾੜ ਨੇ ਕਈ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿੱਧਾ ਸਿਆਸੀ ਮੱਥਾ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਕਾਂਗਰਸ ਵਿੱਚ ਉਨ੍ਹਾਂ ਦੀ ਨਹੀਂ ਚੱਲੀ, ਜਗਮੀਤ ਬਰਾੜ ਨੇ ਆਪ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ ਪਰ ਉਥੇ ਵੀ ਸਿਆਸੀ ਗਲ ਨਹੀਂ ਬਣੀ, ਪੰਜਾਬ ਵਿੱਚ ਮਮਤਾ ਬੈਨਰਜੀ ਦੀ ਪਾਰਟੀ TMC ਦੇ ਬੈਨਰ ਹੇਠ ਆਪਣੀ ਸਿਆਸੀ ਜ਼ਮੀਨ ਤਲਾਸ਼ਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲੀ, ਜਗਮੀਤ ਬਰਾੜ ਦੇ ਸਾਹਮਣੇ ਅਕਾਲੀ ਦਲ ਹੀ ਸਭ ਤੋਂ ਵੱਡਾ ਅਤੇ ਚੰਗਾ ਬਦਲ ਸੀ ਇਸ ਲਈ ਉਨ੍ਹਾਂ ਨੇ ਡੇਢ ਸਾਲ ਪਹਿਲਾਂ ਅਕਾਲੀ ਦਾ ਹੱਥ ਫੜ ਲਿਆ, ਸੋ ਇਹ ਕਿਹਾ ਜਾ ਸਕਦਾ ਹੈ ਕਿ ਮੌਜੂਦਾ ਸਿਆਸੀ ਸਮੀਕਰਨ ਵਿੱਚ  ਦੋਵਾਂ ਨੂੰ ਇੱਕ ਦੂਜੇ ਦੀ ਜ਼ਰੂਰਤ ਹੈ


ਅਕਾਲੀ ਦਲ ਦੇ ਅਹੁਦੇਦਾਰਾਂ ਦੀ ਲਿਸਟ 


ਸੁਖਬੀਰ ਬਾਦਲ ਵੱਲੋਂ ਐਲਾਨੀ ਅਹੁਦੇਦਾਰਾਂ ਦੀ ਲਿਸਟ ਵਿੱਚ ਰਾਜਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੂੰ ਜਨਰਲ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ ਜਦਕਿ ਜਗਮੀਤ ਬਰਾੜ,ਤੋਤਾ ਸਿੰਘ,ਨਿਰਮਲ ਸਿੰਘ ਕਾਹਲੋਂ,ਚਰਨਜੀਤ ਸਿੰਘ ਅਟਵਾਲ,ਡਾਕਟਰ ਉਪਿੰਦਰਜੀਤ ਕੌਰ,ਪ੍ਰੋਫ਼ੈਸਰ ਪ੍ਰੇਮ ਸਿੰਘ ਚੰਦੂਮਾਜਰਾ,ਮਹੇਸ਼ ਇੰਦਰ ਸਿੰਘ ਗਰੇਵਾਲ,ਡਾਕਟਰ ਦਲਜੀਤ ਸਿੰਘ ਚੀਮਾ,ਸ਼ਰਨਜੀਤ ਸਿੰਘ ਢਿੱਲੋਂ,ਜਨਮੇਜਾ ਸਿੰਘ ਸੇਖੋਂ,ਆਦੇਸ਼ ਪ੍ਰਤਾਪ ਸਿੰਘ ਕੈਰੋਂ, ਨਰੇਸ਼ ਗੁਜਰਾਲ,ਪ੍ਰਕਾਸ਼ ਚੰਦ ਗਰਗ, ਹਰਮੀਤ ਸਿੰਘ,ਹਰਮੇਲ ਸਿੰਘ ਟੌਹੜਾ ਨੂੰ ਪਾਰਟੀ ਦਾ ਉੱਪ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਹੈ,ਐਨ.ਕੇ ਸ਼ਰਮਾ ਨੂੰ ਅਕਾਲੀ ਦਲ ਨੇ ਖਜਾਂਚੀ ਦੇ ਅਹੁਦੇ 'ਤੇ ਨਿਯੁਕਤ ਕੀਤਾ ਹੈ,ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ ਨੂੰ ਅਤੇ ਮਨਜਿੰਦਰ ਸਿੰਘ ਸਿਰਸਾ ਨੂੰ  ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ, ਹੀਰਾ ਸਿੰਘ ਗਾਬੜੀਆ ਨੂੰ ਬੀਸੀ ਵਿੰਗ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ ਜਦਕਿ ਸਿਕੰਦਰ ਸਿੰਘ ਮਲੂਕਾ ਨੂੰ  ਕਿਸਾਨ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਹੈ, ਇਸ ਤੋਂ ਇਲਾਵਾ ਸਰਬਜੀਤ ਸਿੰਘ ਸਾਬੀ ਨੂੰ ਯੂਥ ਅਕਾਲੀ ਦਲ ਦਾ ਜਨਰਲ ਸਕੱਤਰ ਜਦਕਿ ਪਵਨ ਕੁਮਾਰ ਟੀਨੂੰ ਨੂੰ ਐੱਸ ਸੀ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ