CM Bhagwant Mann Challenge: ਸੀਐਮ ਭਗਵੰਤ ਮਾਨ ਦੀ ਚੁਣੌਤੀ ਪਿਛੋਂ ਸਿਆਸੀ ਘਮਾਸਾਨ; ਸੁਖਬੀਰ ਬਾਦਲ, ਜਾਖੜ, ਪ੍ਰਤਾਪ ਬਾਜਵਾ ਤੇ ਵੜਿੰਗ ਨੇ ਕਬੂਲਿਆ ਚੈਲੰਜ
CM Bhagwant Mann Challenge: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁੱਲ੍ਹੀ ਬਹਿਸ ਦੀ ਚੁਣੌਤੀ ਮਗਰੋਂ ਸਿਆਸੀ ਘਮਾਸਾਨ ਛਿੜ ਗਿਆ ਹੈ।
CM Bhagwant Mann Challenge: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁੱਲ੍ਹੀ ਬਹਿਸ ਦੀ ਚੁਣੌਤੀ ਮਗਰੋਂ ਸਿਆਸੀ ਘਮਾਸਾਨ ਛਿੜ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਦੇ ਸੂਬਾ ਪ੍ਰਧਾਨਾਂ ਨੂੰ ਰੋਜ਼ਾਨਾ ਝਗੜੇ ਦੀ ਬਜਾਏ ਲਾਈਵ ਬਹਿਸ ਕਰਨ ਲਈ ਸੱਦਾ ਦਿੱਤਾ ਹੈ।
ਇਸ ਦੇ ਜਵਾਬ 'ਚ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੁਣੌਤੀ ਸਵੀਕਾਰ ਕਰ ਲਈ ਹੈ। ਜਾਖੜ ਨੇ ਕਿਹਾ ਕਿ ਅਸੀਂ ਪੰਜਾਬ ਦੇ ਹਰ ਮੁੱਦੇ 'ਤੇ ਬਹਿਸ ਲਈ ਹਮੇਸ਼ਾ ਤਿਆਰ ਹਾਂ। ਜ਼ਰਾ ਇਹ ਦੱਸੋ ਕਿ ਪਾਣੀ ਦੇ ਮੁੱਦੇ 'ਤੇ ਉਨ੍ਹਾਂ ਨੇ ਸੁਪਰੀਮ ਕੋਰਟ 'ਚ ਗੋਡੇ ਕਿਉਂ ਟੇਕ ਦਿੱਤੇ? ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ 10 ਸਵਾਲ ਪੁੱਛੇ ਹਨ। 10 ਸਵਾਲ ਪੁੱਛਦੇ ਹੋਏ ਵੜਿੰਗ ਨੇ ਕਿਹਾ ਕਿ ਜੇਕਰ ਉਹ ਸਵਾਲਾਂ ਦੇ ਜਵਾਬ ਜਨਤਕ ਤੌਰ 'ਤੇ ਦਿੰਦੇ ਹਨ ਤਾਂ ਉਹ ਇਸ ਬਹਿਸ ਦਾ ਹਿੱਸਾ ਬਣਨ ਲਈ ਤਿਆਰ ਹਨ। ਇਸ ਬਹਿਸ ਤੋਂ ਪਹਿਲਾਂ ਲੋਕਾਂ ਲਈ ਪੰਜਾਬ ਦੇ ਅਸਲ ਹਾਲਾਤ ਨੂੰ ਜਾਣਨਾ ਜ਼ਰੂਰੀ ਹੈ।
ਇਸ ਦੇ ਨਾਲ ਹੀ ਬਾਜਵਾ ਨੇ ਕਿਹਾ ਕਿ ਇਹ ਬਹਿਸ ਸਰਕਾਰੀ ਇਮਾਰਤ (ਅਸੈਂਬਲੀ) ਵਿੱਚ ਨਹੀਂ, ਕਿਸੇ ਅਜਿਹੀ ਸਾਂਝੀ ਥਾਂ ’ਤੇ ਹੋਣੀ ਚਾਹੀਦੀ ਹੈ। ਬਹਿਸ ਦੀ ਅਗਵਾਈ ਦੇਸ਼ ਦੀ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਜਾਂ ਅਜਿਹੇ ਵਿਅਕਤੀ ਦੁਆਰਾ ਅਤੇ 4 ਰਾਜਨੀਤਿਕ ਪਾਰਟੀਆਂ ਦੀ ਸਹਿਮਤੀ ਨਾਲ ਕੀਤੀ ਜਾਣੀ ਚਾਹੀਦੀ ਹੈ।
ਸੁਖਬੀਰ ਬਾਦਲ ਨੇ ਕਿਹਾ- ਉਹ ਚੁਣੌਤੀ ਸਵੀਕਾਰ ਕਰਦੇ ਹਨ। 1 ਨਵੰਬਰ ਅਜੇ ਦੂਰ ਹੈ, ਮੈਂ 10 ਅਕਤੂਬਰ ਨੂੰ ਤੁਹਾਡੇ ਘਰ ਆ ਰਿਹਾ ਹਾਂ। ਜੇ ਹਿੰਮਤ ਹੈ ਤਾਂ ਬਾਹਰ ਆ ਕੇ ਮੈਨੂੰ ਮਿਲੋ। ਉਹ ਪੰਜਾਬ ਦੇ ਪਾਣੀਆਂ ਸਮੇਤ ਸੂਬੇ ਦੇ ਹਰ ਮੁੱਦੇ 'ਤੇ ਸਿੱਧੇ ਤੌਰ 'ਤੇ ਬੋਲਣਗੇ, ਉਹ ਵੀ ਮੀਡੀਆ ਦੇ ਸਾਹਮਣੇ। ਮੁੱਖ ਮੰਤਰੀ ਭਗਵੰਤ ਮਾਨ ਨੇ ਬਹਿਸ ਲਈ 1 ਨਵੰਬਰ ਦਾ ਦਿਨ ਤੈਅ ਕੀਤਾ ਹੈ।
ਇਸ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਐਸਵਾਈਐਲ ਦੇ ਮੁੱਦੇ ਉਤੇ ਖੁੱਲ੍ਹੀ ਬਹਿਸ ਲਈ ਵਿਰੋਧੀਆਂ ਨੂੰ ਦਿੱਤੀ ਚੁਣੌਤੀ ਬਾਰੇ ਬੋਲਦਿਆਂ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਮੁੱਦਿਆਂ ਉਤੇ ਇਕਸੁਰਤਾ, ਇਕ ਮੁੱਠਤਾ ਨਾਲ ਕੰਮ ਕਰਨ ਦੀ ਬਜਾਏ ਮੁੱਖ ਮੁੱਖ ਮੰਤਰੀ ਆਪਣੇ ਲੋਕਾਂ ਨਾਲ ਲੜ੍ਹ ਰਹੇ ਹਨ। ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਕਿਸੇ ਵੀ ਮੁੱਦੇ ਉਤੇ ਕਿਸੇ ਵੀ ਬਹਿਸ ਦੀ ਚੁਣੌਤੀ ਨੂੰ ਸਵੀਕਾਰ ਕਰਦਾ ਹੈ ਪ੍ਰੰਤੂ ਇਹ ਗੱਲ ਕਰਨ ਦੀ ਬਜਾਏ ਮੁੱਖ ਮੰਤਰੀ ਅਸਲ ਮੁੱਦੇ ਦੀ ਗੱਲ ਕਰਨ।
ਚੰਦੂਮਾਜਰਾ ਨੇ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਰੇ ਵਰਤੀ ਗਈ ਮਾੜੀ ਸ਼ਬਦਾਬਲੀ ਬਾਰੇ ਬੋਲਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸਮੁੱਚੇ ਅਕਾਲੀ ਦਲ ਨੇ ਪੰਜਾਬ ਦੇ ਮੁੱਦਿਆਂ ਉਤੇ ਪਹਿਰੇਦਾਰੀ ਕੀਤੀ ਹੈ ਪ੍ਰੰਤੂ ਇਸ ਤਰ੍ਹਾਂ ਕਿਸੇ ਬਾਰੇ ਵੀ ਗ਼ਲਤ ਬੋਲਣਾ ਠੀਕ ਗੱਲ ਨਹੀਂ ਹੈ।
ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ਹੈਂਡਲ 'ਤੇ ਲਿਖਿਆ, 'ਭਾਜਪਾ ਪ੍ਰਧਾਨ ਜਾਖੜ ਜੀ , ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਰਾਜਾ ਵੜਿੰਗ-ਪ੍ਰਤਾਪ ਬਾਜਵਾ ਜੀ ਨੂੰ ਮੇਰਾ ਖੁੱਲ੍ਹਾ ਸੱਦਾ ਹੈ ਕਿ ਰੋਜ਼-ਰੋਜ਼ ਦੀ ਕਿੱਚ ਕਿੱਚ ਨਾਲੋਂ ਆਜੋ ਆਪਾਂ ਪੰਜਾਬੀਆਂ ਤੇ ਮੀਡੀਆ ਸਾਹਮਣੇ ਬੈਠ ਕੇ ਪੰਜਾਬ ਨੂੰ ਹੁਣ ਤੱਕ ਕੀਹਨੇ ਕਿਵੇਂ ਲੁੱਟਿਆ, ਭਾਈ-ਭਤੀਜੇ ਸਾਲੇ-ਜੀਜੇ, ਮਿੱਤਰ ਮੁਲਾਹਜ਼ੇ, ਟੋਲ ਪਲਾਜ਼ੇ, ਜਵਾਨੀ ਕਿਸਾਨੀ,ਵਪਾਰ-ਦੁਕਨਦਾਰ, ਗੁਰੂਆਂ ਦੀ ਬਾਣੀ,ਨਹਿਰਾਂ ਦਾ ਪਾਣੀ..ਸਾਰੇ ਮੁੱਦਿਆਂ ਤੇ ਲਾਈਵ ਬਹਿਸ ਕਰੀਏ..ਤੁਸੀਂ ਆਪਣੇ ਨਾਲ ਕਾਗਜ਼ ਵੀ ਲਿਆ ਸਕਦੇ ਹੋ ਪਰ ਮੈਂ ਮੂੰਹ ਜ਼ੁਬਾਨੀ ਬੋਲਾਂਗਾ..1 ਨਵੰਬਰ ‘ਪੰਜਾਬ ਦਿਵਸ” ਵਾਲਾ ਦਿਨ ਠੀਕ ਰਹੇਗਾ..ਤੁਹਾਨੂੰ ਤਿਆਰੀ ਲਈ ਟਾਈਮ ਵੀ ਮਿਲ ਜਾਵੇਗਾ.. ਮੇਰੀ ਤਾਂ ਪੂਰੀ ਤਿਆਰੀ ਐ ਕਿਉਂਕਿ ਸੱਚ ਬੋਲਣ ਵਾਸਤੇ ਰੱਟੇ ਨਹੀਂ ਲਾਉਣੇ ਪੈਂਦੇ...'
ਇਹ ਵੀ ਪੜ੍ਹੋ : Israel-Palestine War: ਹਮਾਸ ਹਮਲੇ ਚ 300 ਦੇ ਕਰੀਬ ਇਜ਼ਰਾਈਲੀਆਂ ਦੀ ਮੌਤ, 1600 ਤੋਂ ਵੱਧ ਜ਼ਖਮੀ