Sunil Jakhar News: ਪੰਜਾਬ ਭਾਜਪਾ ਇਕਾਈ ਦੇ ਨਵਨਿਯੁਕਤ ਪ੍ਰਧਾਨ ਸੁਨੀਲ ਜਾਖੜ ਨੇ ਹੜ੍ਹ ਪ੍ਰਭਾਵਿਤ ਪੰਜਾਬ ਨੂੰ ਸੂਬਾਈ ਆਫ਼ਤ ਨਾਲ ਨਜਿੱਠਣ ਲਈ ਤੁਰੰਤ ਫੰਡ ਜਾਰੀ ਕਰਨ ਲਈ ਤੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਵਿੱਚ ਢਿੱਲ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸੰਕਟਰ ਵਿੱਚ ਘਿਰੇ ਲੋਕਾਂ ਤੱਕ ਪਹੁੰਚ ਕਰਨ ਵਿੱਚ ਇੱਕ ਵੀ ਪਲ ਬਰਬਾਦ ਨਾ ਕੀਤਾ ਜਾਵੇ।


COMMERCIAL BREAK
SCROLL TO CONTINUE READING

ਉਨ੍ਹਾਂ ਨੇ ਪੇਂਡੂ ਤੇ ਸ਼ਹਿਰੀ ਖੇਤਰ ਵਿੱਚ ਫ਼ਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੂੰ ਬਿਨਾਂ ਦੇਰੀ 20,000 ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ। ਜਾਖੜ ਨੇ ਕਿਹਾ ਕਿ ਉਹ ਭਗਵੰਤ ਮਾਨ ਨੂੰ ਬੇਨਤੀ ਕਰਦੇ ਹਨ ਕਿ ਉਹ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਮਦਦ ਪ੍ਰਦਾਨ ਕਰਨ ਲਈ ਕੇਂਦਰ ਵੱਲੋਂ ਦਿੱਤੇ ਫੰਡਾਂ ਨੂੰ ਤੁਰੰਤ ਵੰਡਣ ਤੇ ਅਜਿਹੇ ਸਮੇਂ ਗਿਰਦਾਵਰੀ ਦੀ ਉਡੀਕ ਨਾ ਕੀਤੀ ਜਾਵੇ। ਜਾਖੜ ਨੇ ਜਾਰੀ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਹਰੇਕ ਨੂੰ ਤੁਰੰਤ ਠੋਸ ਰਾਹਤ ਦੇਣਾ ਸੂਬੇ ਦੀ ਪ੍ਰਮੁੱਖ ਤਰਜੀਹ ਹੋਣੀ ਚਾਹੀਦੀ ਹੈ।


ਕੇਂਦਰ ਨੇ ਭਾਰੀ ਮੀਂਹ ਤੇ ਇਸ ਨਾਲ ਜੁੜੀਆਂ ਕੁਦਰਤੀ ਆਫ਼ਤਾਂ ਦੇ ਮੱਦੇਨਜ਼ਰ ਦੇਸ਼ ਦੇ 22 ਸੂਬਿਆਂ ਨੂੰ ਤੁਰੰਤ ਫੰਡ ਮੁਹੱਈਆ ਕਰਵਾਉਣ ਲਈ ਤੇ ਮੌਜੂਦਾ ਦਿਸ਼ਾ-ਨਿਰਦੇਸ਼ਾਂ 'ਚ ਢਿੱਲ ਦੇ ਕੇ ਅੱਜ ਸੂਬਿਆਂ ਨੂੰ ਫੰਡ ਜਾਰੀ ਕੀਤੇ ਹਨ। ਪੰਜਾਬ ਨੂੰ ਇਸ ਮਕਸਦ ਲਈ 218.40 ਕਰੋੜ ਰੁਪਏ ਮਿਲੇ ਹਨ।


ਸੂਬਾ ਸਰਕਾਰ ਨੂੰ ਪੇਂਡੂ ਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ ਨਾਗਰਿਕਾਂ ਨੂੰ ਰਾਹਤ ਯਕੀਨੀ ਬਣਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਤੋਂ ਬਚਣ ਦੀ ਅਪੀਲ ਕਰਦਿਆਂ ਜਾਖੜ ਨੇ ਕੇਂਦਰ ਸਰਕਾਰ ਵੱਲੋਂ ਹਰ ਲੋੜੀਂਦੀ ਮਦਦ ਤੇ ਸਹਾਇਤਾ ਦਾ ਭਰੋਸਾ ਦਿੱਤਾ। ਜਾਖੜ ਨੇ ਕਿਹਾ ਕਿ ਇਹ ਗ੍ਰਹਿ ਮੰਤਰੀ ਅਮਿਤ ਸ਼ਾਹ ਹੀ ਸਨ, ਜਿਨ੍ਹਾਂ ਨੇ ਪੰਜਾਬ ਸਰਕਾਰ ਨੂੰ ਆਫ਼ਤ ਦੀ ਗੰਭੀਰਤਾ ਨੂੰ ਸਮਝਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚ ਕੀਤੀ ਸੀ ਤੇ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ ਸੀ।


ਸੁਨੀਲ ਜਾਖੜ ਨੇ ਸੂਬਾ ਸਰਕਾਰ ਦੀ ਰਾਹਤ ਦੇਣ ਦੀ ਮੱਠੀ ਰਫ਼ਤਾਰ ਤੇ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਲਾਪਰਵਾਹੀ ਵਾਲਾ ਤੇ ਗੈਰ-ਜ਼ਿੰਮੇਵਾਰਾਨਾ ਰਵੱਈਆ ਹੈ, ਜਿਸਨੇ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ।


ਭਗਵੰਤ ਮਾਨ ਸਰਕਾਰ ਨੇ ਕਾਰਵਾਈ ਕਰਨ ਵਿੱਚ ਦੇਰ ਕੀਤੀ ਤੇ ਨਾਗਰਿਕਾਂ ਦੀਆਂ ਜਾਨਾਂ ਨੂੰ ਖ਼ਤਰੇ 'ਚ ਪਾਇਆ। ਜੋ ਸੂਬੇ ਦੀ ਮਸ਼ੀਨਰੀ ਦੇ ਕੰਮ ਕਰਨ ਵਿੱਚ ਇੱਕ ਚਿੰਤਾਜਨਕ ਪੈਟਰਨ ਨੂੰ ਦਰਸਾਉਂਦਾ ਹੈ। ਜਾਖੜ ਨੇ ਤੰਜ ਕਸਦਿਆਂ ਕਿਹਾ ਉਸ ਨਾਜ਼ੁਕ ਸਮੇਂ ਵਿੱਚ ਮੁੱਖ ਮੰਤਰੀ ਪੰਚਕੂਲਾ ਵਿੱਚ ਵੋਟਾਂ ਮੰਗ ਰਹੇ ਸਨ,ਜਦਕਿ ਪੰਜਾਬ ਵਿੱਚ ਉਨ੍ਹਾਂ ਨੂੰ ਵੋਟਾਂ ਪਾਉਣ ਵਾਲਿਆਂ ਨੂੰ ਉਨ੍ਹਾਂ ਦੀ ਵੱਡੀ ਜ਼ਰੂਰਤ ਸੀ।


ਇਹ ਵੀ ਪੜ੍ਹੋ : PM Narendra Modi's France Visit: ਫਰਾਂਸ ਤੋਂ PM ਨਰਿੰਦਰ ਮੋਦੀ ਨੇ ਕੀਤੇ ਵੱਡੇ ਐਲਾਨ, ਭਾਰਤੀ ਵਿਦਿਆਰਥੀਆਂ ਨੂੰ ਦਿੱਤੀ ਵੱਡੀ ਸੌਗਾਤ!