Flag March by Police News: ਪੁਲਿਸ ਨੇ ਅਮਨ-ਸ਼ਾਂਤੀ ਲਈ ਵੱਖ-ਵੱਖ ਜ਼ਿਲ੍ਹਿਆਂ `ਚ ਕੱਢੇ ਫਲੈਗ ਮਾਰਚ, ਦਿੱਤੀ ਇਹ ਚਿਤਾਵਨੀ
Flag March by Police News: ਵਾਰਿਸ ਪੰਜਾਬ ਦੇ ਸੰਸਥਾ ਵੱਲੋਂ ਵਿੱਢੀ ਗਈ ਮੁਹਿੰਮ ਮਗਰੋਂ ਪੰਜਾਬ ਵਿੱਚ ਅਮਨ-ਸ਼ਾਂਤੀ ਬਣਾਏ ਰੱਖਣ ਲਈ ਪੁਲਿਸ ਨੇ ਵੱਖ-ਵੱਖ ਥਾਈਂ ਫਲੈਗ ਮਾਰਚ ਕੱਢੇ। ਇਸ ਤੋਂ ਇਲਾਵਾ ਸ਼ੱਕੀ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਗਈ।
Flag March by Police News: ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਖ਼ਿਲਾਫ਼ ਚਲਾਏ ਜਾ ਰਹੇ ਵੱਡੇ ਆਪ੍ਰੇਸ਼ਨ ਕਾਰਨ ਐਤਵਾਰ ਨੂੰ ਵੀ ਪੁਲਿਸ ਤੇ ਨੀਮ ਫੌਜੀ ਬਲਾਂ ਨੇ ਵੱਖ-ਵੱਖ ਜ਼ਿਲ੍ਹਿਆਂ ਤੇ ਸ਼ਹਿਰਾਂ 'ਚ ਫਲੈਗ ਮਾਰਚ ਕੱਢੇ। ਕਈ ਥਾਵਾਂ 'ਤੇ ਵਾਹਨਾਂ ਦੀ ਗੰਭੀਰਤਾ ਨਾਲ ਚੈਕਿੰਗ ਕੀਤੀ ਗਈ। ਪੁਲਿਸ ਮੁਲਾਜ਼ਮ ਪੁਲਿਸ ਦੀਆਂ ਸਰਕਾਰੀ ਗੱਡੀਆਂ ਵਿਚ ਲਾਊਡ ਸਪੀਕਰਾਂ ਰਾਹੀਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਰਹੇ।
ਅੰਮ੍ਰਿਤਸਰ ਵਿਖੇ ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਫਲੈਗ ਮਾਰਚ ਬੱਸ ਸਟੈਂਡ, ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ, ਰੇਲਵੇ ਸਟੇਸ਼ਨ, ਸਿਵਲ ਲਾਈਨ ਖੇਤਰ, ਛੇਹਰਟਾ, ਪੁਤਲੀਘਰ, ਨਿਊ ਅੰਮ੍ਰਿਤਸਰ ਦੇ ਆਲੇ-ਦੁਆਲੇ, ਤਰਨਤਾਰਨ ਰੋਡ ਤੋਂ ਹੁੰਦਾ ਹੋਇਆ ਕੱਢਿਆ ਗਿਆ। ਰੇਲਵੇ ਸਟੇਸ਼ਨ ਤੇ ਬੱਸ ਸਟੈਂਡ 'ਤੇ ਲੋਕਾਂ ਦੀ ਵਿਸ਼ੇਸ਼ ਤਲਾਸ਼ੀ ਲਈ ਗਈ। ਗੋਲਡਨ ਗੇਟ, ਵੇਰਕਾ ਬਾਈਪਾਸ ਦੇ ਟੀ-ਪੁਆਇੰਟ ਤੇ ਤਰਨਤਾਰਨ ਰੋਡ, ਭੰਡਾਰੀ ਪੁਲ 'ਤੇ ਵਿਸ਼ੇਸ਼ ਤੌਰ 'ਤੇ ਨਾਕੇਬੰਦੀ ਕਰ ਕੇ ਵਾਹਨਾਂ ਦੀ ਤਲਾਸ਼ੀ ਲਈ ਗਈ।
ਪੁਲਿਸ ਵੱਲੋਂ ਸ੍ਰੀ ਮੁਕਤਸਰ ਸਾਹਿਬ 'ਚ ਵੀ ਫਲੈਗ ਮਾਰਚ ਕੱਢਿਆ ਗਿਆ ਹੈ। ਮੁਕਤਸਰ ਦੇ ਬਾਜ਼ਾਰਾਂ 'ਚੋਂ ਲੰਘਦਾ ਹੋਇਆ ਇਹ ਫਲੈਗ ਮਾਰਚ ਮੁਕਤਸਰ ਦੇ ਨਾਲ ਲੱਗਦੇ ਵੱਖ-ਵੱਖ ਪਿੰਡਾਂ ਵਿੱਚ ਵੀ ਪੁੱਜਿਆ ਤਾਂ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਮੁਕਤਸਰ ਦੇ ਹਰ ਕੋਨੇ 'ਤੇ ਨਜ਼ਰ ਰੱਖ ਰਹੀ ਹੈ, ਜਿਸ ਦੀ ਜਾਣਕਾਰੀ ਐੱਸਐੱਸਪੀ ਮੁਕਤਸਰ ਵੱਲੋਂ ਵੀ ਸਾਂਝੀ ਕੀਤੀ ਗਈ ਹੈ। ਸ੍ਰੀ ਮੁਕਤਸਰ ਸਾਹਿਬ 'ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧਾਰਾ 144 ਲਗਾਈ ਗਈ ਹੈ।
ਇਸੇ ਤਹਿਤ ਪਟਿਆਲਾ 'ਚ ਪੁਲਿਸ ਵੱਲੋਂ ਐੱਸ. ਪੀ. ਸਿਟੀ ਸਰਫਰਾਜ਼ ਆਲਮ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਪੁਲਿਸ ਲਾਈਨ ਤੋਂ ਸ਼ੁਰੂ ਹੋਇਆ ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚੋਂ ਘੁੰਮਿਆ। ਰਸਤੇ 'ਚ ਆਈ. ਜੀ. ਮੁਖਵਿੰਦਰ ਸਿੰਘ ਛੀਨਾ ਤੇ ਐੱਸ. ਐੱਸ. ਪੀ. ਵਰੁਣ ਸ਼ਰਮਾ ਵੀ ਇਸ ਮੌਕੇ ਸ਼ਾਮਲ ਹੋਏ ਤੇ ਸ਼ਹਿਰ 'ਚ ਅਮਨ ਕਾਨੂੰਨ ਵਿਵਸਥਾ ਦਾ ਜਾਇਜ਼ਾ ਲਿਆ। ਸ਼ਹਿਰ 'ਚ ਵੱਖ-ਵੱਖ ਚੌਂਕਾਂ ’ਤੇ ਪੁਲਿਸ ਦਾ ਪਹਿਰਾ ਹੈ। ਕੁਝ ਥਾਵਾਂ ’ਤੇ ਨੀਮ ਫ਼ੌਜੀ ਦਸਤੇ ਤਾਇਨਾਤ ਹਨ। ਪੁਲਿਸ ਨੇ ਚਿਤਾਵਨੀ ਦਿੱਤੀ ਕਿ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਇਸ ਤਰ੍ਹਾਂ ਹੀ ਮੋਹਾਲੀ 'ਚ ਸ਼ਾਂਤੀ ਬਣਾਈ ਰੱਖਣ ਦੇ ਲਈ ਪੁਲਿਸ ਵੱਲੋਂ ਚੱਪੇ-ਚੱਪੇ ਉਤੇ ਨਜ਼ਰ ਰੱਖੀ ਜਾ ਰਹੀ ਹੈ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸ਼ਾਂਤੀ ਬਣਾਈ ਰੱਖਣ ਤੇ ਅਫਵਾਹਾਂ ਤੋਂ ਬਚਣ। ਮੋਹਾਲੀ ਵਿਖੇ ਆਈਜੀ ਜੀਐਸ ਭੁੱਲਰ ਅਤੇ ਐਸਐਸਪੀ ਡਾ. ਸੰਦੀਪ ਕੁਮਾਰ ਗਰਗ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਸ਼ਾਂਤੀ ਬਣਾਈ ਰੱਖਣ ਲਈ ਫਲੈਗ ਮਾਰਚ ਕੀਤਾ ਗਿਆ।
ਇਹ ਵੀ ਪੜ੍ਹੋ : ਜਾਣੋ ਪੰਜਾਬ 'ਚ ਕਦੋਂ ਤੱਕ ਬੰਦ ਰਹੇਗਾ ਇੰਟਰਨੈੱਟ; ਨਵੇਂ ਹੁਕਮ ਜਾਰੀ
ਇਸ ਦੇ ਨਾਲ ਹੀ ਅਮਨ-ਕਾਨੂੰਨ ਬਣਾਈ ਰੱਖਣ ਲਈ ਜਲੰਧਰ ਸ਼ਹਿਰ 'ਚ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ। ਜਲੰਧਰ 'ਚ ਅਰਧ ਸੈਨਿਕ ਬਲ ਵੱਲੋਂ ਫਲੈਗ ਮਾਰਚ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸਥਿਤੀ ਨੂੰ ਦੇਖਦੇ ਹੋਏ ਹੋਰ ਫੋਰਸ ਬੁਲਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਕਸਬਾ ਟਾਂਡਾ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਉਤੇ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਤੇ ਸ਼ਾਂਤੀ ਲਈ ਪੁਲਿਸ ਦੀ ਟੁਕੜੀ ਨੇ ਫਲੈਗ ਮਾਰਚ ਕੱਢਿਆ।
ਇਹ ਵੀ ਪੜ੍ਹੋ : Amritpal Singh latest news: ਜਾਣੋ ਕਿਹੜੇ ਮਾਮਲੇ 'ਚ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਹੋ ਰਹੀ ਹੈ ਕਾਰਵਾਈ