ਚੰਡੀਗੜ: ਰੁਜ਼ਗਾਰ ਦੇ ਸਿਲਸਿਲੇ ਵਿਚ ਹਰ ਰੋਜ਼ ਲੱਖਾਂ ਪੰਜਾਬੀ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ। ਪਰ ਬਦਕਿਸਮਤੀ ਨਾਲ ਕਈ ਨੌਜਵਾਨ ਉਥੇ ਬੁਰੀ ਤਰ੍ਹਾਂ ਫਸ ਜਾਂਦੇ ਹਨ ਅਤੇ ਉਹਨਾਂ ਨੂੰ ਨਿਕਲਣ ਦਾ ਕੋਈ ਵੀ ਰਸਤਾ ਨਜ਼ਰ ਨਹੀਂ ਆਉਂਦਾ। ਅਜਿਹੀ ਹੀ ਖ਼ਬਰ ਆਬੂਧਾਬੀ ਤੋਂ ਸਾਹਮਣੇ ਆਈ ਹੈ ਜਿਥੇ 100 ਦੇ ਕਰੀਬ ਪੰਜਾਬੀ ਨੌਜਵਾਨ ਫਸੇ ਹੋਏ ਹਨ। ਉਹਨਾਂ ਨੇ ਮਦਦ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਗੁਹਾਰ ਲਗਾਈ ਹੈ।ਨੌਜਵਾਨਾਂ ਨੇ ਕੇਂਦਰੀ ਵਿਦੇਸ਼ ਮੰਤਰੀ ਐਸ. ਜੈ ਸ਼ੰਕਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮਦਦ ਮੰਗੀ ਹੈ ਅਤੇ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਜਲਦੀ ਹੀ ਇਥੋਂ ਕੱਢਿਆ ਜਾਵੇ।


COMMERCIAL BREAK
SCROLL TO CONTINUE READING

 


ਪੱਤਰ ਲਿਖ ਕੇ ਕੀਤੀ ਅਪੀਲ


ਆਬੂਧਾਬੀ ਵਿਚ ਫਸੇ ਪੰਜਾਬੀ ਨੌਜਵਾਨਾਂ ਵੱਲੋਂ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ ਆਬੂਧਾਬੀ ਦੀ ਕੰਪਨੀ ਸਕੁਏਅਰ ਜਨਰਲ ਕੰਟਰੈਕਟਿੰਗ ਕੰਪਨੀ ਨੇ ਨੌਕਰੀ ਤੋਂ ਕੱਢ ਦਿੱਤਾ ਹੈ। ਕੰਪਨੀ ਵੱਲੋਂ ਸਾਰਿਆਂ ਦੇ ਪਾਸਪੋਰਟ ਵੀ ਜ਼ਬਤ ਕਰ ਲਏ ਗਏ ਹਨ। ਪਾਸਪੋਰਟ ਨਾ ਮਿਲਣ ਕਾਰਨ ਸਾਰੇ ਨੌਜਵਾਨ ਪ੍ਰੇਸ਼ਾਨ ਹਨ ਅਤੇ ਕਿਸੇ ਵੀ ਹਾਲਤ ਵਿਚ ਮੁੜ ਪੰਜਾਬ ਨਹੀਂ ਆ ਸਕਦੇ। ਉਹਨਾਂ ਅਪੀਲ ਕੀਤੀ ਹੈ ਕਿ ਅਜਿਹੇ ਹਾਲ ਵਿਚ ਉਹਨਾਂ ਕਿਸੇ ਵੀ ਤਰੀਕੇ ਆਬੂਧਾਬੀ ਵਿਚੋਂ ਬਾਹਰ ਕੱਢਿਆ ਜਾਵੇ ਅਤੇ ਪੰਜਾਬ ਵਾਪਸ ਲਿਆਂਦਾ ਜਾਵੇ।


 


ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਲਿਖੀ ਚਿੱਠੀ


ਇਸਦੇ ਨਾਲ ਹੀ ਨੌਜਵਾਨਾਂ ਵੱਲੋਂ ਇਹੀ ਚਿੱਠੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਲਿਖੀ ਗਈ ਹੈ ਅਤੇ ਦਖ਼ਲ ਦੇਣ ਦੀ ਮੰਗ ਵੀ ਕੀਤੀ ਗਈ ਹੈ। ਉਹਨਾਂ ਮੰਗ ਕੀਤੀ ਹੈ ਕਿ ਆਬੂਧਾਬੀ ਸਥਿਤ ਭਾਰਤੀ ਦੂਤਾਵਾਸ ਕੋਲ ਇਹ ਮੁੱਦਾ ਪਹੁੰਚਾਇਆ ਜਾਵੇ। ਜ਼ਿਆਦਾਤਰ ਨੌਜਵਾਨਾਂ ਨੇ ਭਾਰਤ ਪਰਤਣ ਲਈ ਆਨਲਾਈਨ ਅਪਲਾਈ ਕੀਤਾ ਹੈ ਪਰ ਕੰਪਨੀ ਪਾਸਪੋਰਟ ਵਾਪਸ ਨਹੀਂ ਕਰ ਰਹੀ।


 


ਹੈਲਪ ਡੈਸਕ ਖੋਲਣ ਦੀ ਅਪੀਲ


ਨੌਜਵਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਵਿਦੇਸ਼ਾਂ ਵਿਚ ਫਸੇ ਨੌਜਵਾਨਾਂ ਲਈ ਹੈਲਪ ਡੈਸਕ ਖੋਲਣ ਦੀ ਅਪੀਲ ਕੀਤੀ ਹੈ ਤਾਂ ਜੋ ਉਹਨਾਂ ਦੇ ਦੁੱਖੜੇ ਸੁਣੇ ਜਾਣ ਅਤੇ ਉਹਨਾਂ ਦੀ ਹਰ ਸੰਭਵ ਮਦਦ ਕੀਤੀ ਜਾ ਸਕੇ। ਇਸਦੇ ਨਾਲ ਹੀ ਪੰਜਾਬੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਮੁੱਖ ਮੰਤਰੀ ਦਫ਼ਤਰ ਨਾਲ ਸੰਪਰਕ ਕਰਕੇ ਸਾਰੀ ਘਟਨਾ ਤੋਂ ਜਾਣੂ ਕਰਵਾਇਆ।


 


WATCH LIVE TV