Punjab News: ਪੰਜਾਬ ਸਰਕਾਰ ਵੱਲੋਂ ਸੂਬੇ ਦੇ 1240 ਆਂਗਣਵਾੜੀ ਕੇਂਦਰਾਂ ਨੂੰ ਮਿੰਨੀ ਆਂਗਣਵਾੜੀ ਕੇਂਦਰਾਂ ਤੋਂ ਮੁੱਖ ਆਂਗਣਵਾੜੀ ਕੇਂਦਰਾਂ ਵਿੱਚ ਅੱਪਗ੍ਰੇਡ ਕੀਤਾ ਗਿਆ ਹੈ। ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿੱਚ ਕੁੱਲ 27314 ਆਂਗਨਵਾੜੀ ਸੈਟਰਾਂ ਵਿਚੋਂ 1240 ਆਂਗਨਵਾੜੀ ਸੈਟਰ ਬਤੌਰ ਮਿੰਨੀ ਆਂਗਨਵਾੜੀ ਸੈਂਟਰ ਚਲ ਰਹੇ ਸਨ।


COMMERCIAL BREAK
SCROLL TO CONTINUE READING

ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ 1240 ਆਂਗਨਵਾੜੀ ਸੈਟਰਾਂ ਵਿੱਚ ਇੱਕ ਵਰਕਰ ਕੰਮ ਕਰ ਰਹੀ ਸੀ, ਜਿਸਨੂੰ ਪ੍ਰਤੀ ਮਹੀਨਾ ਮਾਣਭੱਤਾ 3500 ਰੁਪਏ ਦਿੱਤਾ ਜਾਂਦਾ ਸੀ। ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਆਂਗਨਵਾੜੀ ਵਰਕਰ ਯੂਨੀਅਨ ਦੀ ਮੰਗ ਉਤੇ ਵਿਚਾਰ ਕਰਦੇ ਹੋਏ ਇਨ੍ਹਾਂ 1240 ਮਿੰਨੀ ਆਂਗਨਵਾੜੀ ਸੈਟਰਾਂ ਨੂੰ ਮੇਨ ਆਂਗਨਵਾੜੀ ਸੈਂਟਰਾਂ ਵਿੱਚ ਤਬਦੀਲ ਕਰਨ ਦੀ ਪ੍ਰਵਾਨਗੀ ਜਾਰੀ ਕਰ ਦਿੱਤੀ ਸੀ।


ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਦੀ ਦਿੱਤੀ ਗਈ ਪ੍ਰਵਾਨਗੀ ਦੇ ਸਨਮੁੱਖ ਕੇਂਦਰ ਸਰਕਾਰ ਵੱਲੋਂ ਵੀ ਇਨ੍ਹਾਂ 1240 ਮਿੰਨੀ ਆਂਗਨਵਾੜੀ ਸੈਂਟਰਾਂ ਨੂੰ ਮੇਨ ਆਂਗਨਵਾੜੀ ਸੈਂਟਰਾਂ ਵਿੱਚ ਤਬਦੀਲ ਕਰਨ ਦੀ ਪ੍ਰਵਾਨਗੀ ਜਾਰੀ ਕਰ ਦਿੱਤੀ ਹੈ। ਮਿੰਨੀ ਤੋਂ ਮੇਨ ਆਂਗਨਵਾੜੀ ਸੈਂਟਰ ਦੀ ਪ੍ਰਵਾਨਗੀ ਅਨੁਸਾਰ ਹੁਣ ਪੰਜਾਬ ਵਿੱਚ ਕੁੱਲ ਪ੍ਰਵਾਨਤ 27314 ਆਂਗਨਵਾੜੀ ਸੈਂਟਰ ਮੇਨ ਆਂਗਨਵਾੜੀ ਸੈਂਟਰਾਂ ਦੀ ਸ੍ਰੇਣੀ ਵਿੱਚ ਆ ਗਏ ਹਨ।


ਉਨ੍ਹਾਂ ਨੇ ਕਿਹਾ ਕਿ ਹੁਣ ਮਿੰਨੀ ਆਂਗਨਵਾੜੀ ਵਰਕਰ ਦਾ ਪ੍ਰਤੀ ਮਹੀਨਾ ਮਾਣਭੱਤਾ 3500 ਰੁਪਏ ਤੋਂ ਵੱਧ ਕੇ ਕੁੱਲ 4500 ਰੁਪਏ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਆਂਗਨਵਾੜੀ ਕੇਂਦਰਾਂ ਵਿੱਚ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਾਣਭੱਤਾ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਦਿੱਤਾ ਜਾ ਰਿਹਾ ਹੈ ਤੇ ਪੰਜਾਬ ਸਰਕਾਰ ਵੱਲੋਂ ਵੱਖਰਾ ਮਣਭੱਤਾ ਦਿੱਤਾ ਜਾਂਦਾ ਹੈ।


ਉਨ੍ਹਾਂ ਅੱਗੇ ਦੱਸਿਆ ਕਿ ਮੇਨ ਆਂਗਨਵਾੜੀ ਸੈਂਟਰਾਂ ਦੀ ਪ੍ਰਵਾਨਗੀ ਨਾਲ ਹੁਣ 1240 ਆਂਗਨਵਾੜੀ ਹੈਲਪਰਾਂ ਦੀਆਂ ਮਾਣਭੱਤੇ ਦੀਆਂ ਅਸਾਮੀਆਂ ਵੀ ਸਿਰਜਤ ਹੋਈਆਂ ਹਨ, ਜਿਸ ਕਰਕੇ 1240 ਆਂਗਨਵਾੜੀ ਹੈਲਪਰਾਂ ਦੀ ਭਰਤੀ ਜਲਦ ਕੀਤੀ ਜਾਵੇਗੀ। ਆਂਗਨਵਾੜੀ ਹੈਲਪਰ ਦਾ ਮਾਣਭੱਤਾ 2250 ਰੁਪਏ ਪ੍ਰਤੀ ਮਹੀਨਾ ਹੋਵੇਗਾ।


ਉਨ੍ਹਾਂ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਦਿੱਤੇ ਜਾਂਦੇ ਫਿਕਸ ਮਾਣ ਭੱਤੇ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਆਂਗਣਵਾੜੀ ਵਰਕਰ ਨੂੰ 5000 ਰੁਪਏ ਤੇ ਹੈਲਪਰ ਨੂੰ 3100 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ ਤੇ ਇਸਦੇ ਨਾਲ ਹੀ ਆਂਗਨਵਾੜੀ ਵਰਕਰ ਨੂੰ 500 ਰੁਪਏ ਤੇ ਹੈਲਪਰ ਨੂੰ 250 ਰੁਪਏ ਜਨਵਰੀ ਵਿੱਚ ਸਲਾਨਾ ਵਾਧਾ ਦਿੱਤਾ ਜਾਂਦਾ ਹੈ। ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਇਸ ਉਪਰਾਲੇ ਸਦਕਾ 1240 ਔਰਤਾਂ ਨੂੰ ਰੁਜ਼ਗਾਰ ਮਿਲੇਗਾ ਤੇ ਆਂਗਨਵਾੜੀ ਸੈਟਰਾਂ ਦੇ ਲਾਭਪਾਤਰੀਆਂ ਨੂੰ ਵੀ ਸਹੀ ਤਰੀਕੇ ਨਾਲ ਲਾਭ ਪਹੁੰਚਾਇਆ ਜਾ ਸਕੇਗਾ।


ਇਹ ਵੀ ਪੜ੍ਹੋ : AAP Goindwal Rally News: ਸੀਐਮ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਵੱਲੋਂ ਗੋਇੰਦਵਾਲ ਥਰਮਲ ਪਲਾਂਟ ਦਾ ਉਦਘਾਟਨ