Punjab News: ਪੰਜਾਬ ਵਿੱਚ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਕਾਰਨ ਵਿਰੋਧੀ ਧਿਰਾਂ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਇੱਕ ਰਿਪੋਰਟ ਮੁਤਾਬਕ ਪਿਛਲੇ 15 ਦਿਨਾਂ ਵਿੱਚ ਪੰਜਾਬ ਵਿੱਚ 15 ਨੌਜਵਾਨਾਂ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਇਹ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ। ਇਸ ਦਰਮਿਆਨ ਵਿਰੋਧੀ ਧਿਰਾਂ ਪੰਜਾਬ ਸਰਕਾਰ ਨੂੰ ਘੇਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ।


COMMERCIAL BREAK
SCROLL TO CONTINUE READING

ਕਾਂਗਰਸ ਵੱਲੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਨੂੰ ਘੇਰਦੇ ਹੋਏ ਇਨ੍ਹਾਂ ਮੌਤਾਂ ਉਪਰ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਨੇ ਆਪਣੇ ਐਕਸ ਹੈਂਡਲ ਉਪਰ ਲਿਖਿਆ ਕਿ ਭਗਵੰਤ ਮਾਨ ਜੀ ! ਪਿਛਲੇ ਸਾਲ ਵੀ ਜਦੋਂ ਨਸ਼ੇ ਨਾਲ ਵੱਡੀ ਗਿਣਤੀ ਵਿੱਚ ਮੌਤਾ ਹੋਈਆਂ ਸਨ ਤਾਂ ਤੁਸੀਂ ਸਰਕਾਰ ਵਜੋਂ ਕੰਮ ਕਰਨ ਦੀ ਥਾਂ 'ਤੇ ਹਜ਼ਾਰਾਂ ਬੱਚਿਆਂ ਨੂੰ ਲੈ ਕੇ ਅਰਦਾਸ ਕਰਨ ਪਹੁੰਚ ਗਏ ਸੀ।


ਹੁਣ ਫਿਰ ਅਜਿਹੀਆਂ ਹੀ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪਿਛਲੇ 14 ਦਿਨਾਂ ਵਿਚ 14 ਮੌਤਾਂ ਨਸ਼ੇ ਨਾਲ ਹੋ ਗਈਆਂ। ਸਾਡੀ ਤੁਹਾਨੂੰ ਬੇਨਤੀ ਹੈ ਕਿ ਕਹਿਰ ਦੀ ਗਰਮੀ ਵਿੱਚ ਹੁਣ ਦੁਬਾਰਾ ਬੱਚਿਆਂ ਨੂੰ ਲੈ ਕੇ ਅਰਦਾਸ ਕਰਨ ਨਾ ਪਹੁੰਚ ਜਾਇਓ, ਅਰਦਾਸ ਤਾਂ ਪੰਜਾਬੀ ਖੁਦ ਕਰ ਰਹੇ ਹਨ ਤੇ ਹਰ ਰੋਜ਼ ਕਰਦੇ ਹਨ ਪਰ ਤੁਸੀਂ ਸਰਕਾਰ ਵਜੋਂ ਕੰਮ ਕਰੋ, ਨਾਟਕ ਨਾ ਕਰੋ ! ਅਤੇ ਨਸ਼ੇ ਨਾਲ ਮਰ ਰਹੇ ਪੰਜਾਬੀਆਂ ਦੀਆਂ ਮੌਤਾਂ ਦੇ ਦੋਸ਼ੀ ਸੌਦਾਗਰਾਂ ਖਿਲਾਫ ਕਾਰਵਾਈ ਕਰੋ।


ਇਸ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਨਵੇਂ ਚੁਣੇ ਗਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਰਕਾਰ ਦੀ ਕਾਰਗੁਜ਼ਾਰੀ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਆਪਣੇ ਐਕਸ ਹੈਂਡਲ ਉਪਰ ਲਿਖਿਆ ਕਿ ਕਦੇ ਤਿੰਨ ਮਹੀਨੇ ਵਿੱਚ ਕਦੇ 6 ਮਹੀਨੇ ਵਿੱਚ ਨਸ਼ਾ ਖ਼ਤਮ ਕਰਨ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿੱਚ ਅੱਜ ਦੇ ਅਖ਼ਬਾਰ ਦੀ ਪਹਿਲੀ ਸੁਰਖੀ ਹੀ ਸੱਚ ਬਿਆਨ ਕਰ ਰਹੀ ਹੈ।


ਇਸ ਨਸ਼ੇ ਦੀ ਹਨੇਰੀ ਨੂੰ ਠੱਲਣ ਲਈ ਕੋਈ ਅਸਲ ਯੋਜਨਾ ਜਾਂ ਰੋਡਮੈਪ ਬਣਾਉਣ ਦੀ ਲੋੜ ਹੈ। ਇਕੱਲੀਆਂ ਗੱਲਾਂ ਨਾਲ ਇਸਦਾ ਹੱਲ ਨਹੀਂ ਹੋਣਾ। ਪਿਛਲੇ 15 ਦਿਨਾਂ ਵਿੱਚ 15 ਮੌਤਾਂ ਹੋਣੀਆਂ ਦਿਲ ਨੂੰ ਝੰਜੋੜਨ ਵਾਲੀ ਖ਼ਬਰ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਜ਼ਰੂਰਤ ਹੈ ਇਸ ਦਾ ਹੱਲ ਕੱਢਣ ਦੀ ਤਾਂ ਜੋ ਪੰਜਾਬ ਦੀ ਜਵਾਨੀ ਬਚਾਈ ਜਾ ਸਕੇ।


ਕਾਬਿਲੇਗੌਰ ਹੈ ਕਿ ਨਸ਼ਿਆਂ ਦੀ ਓਵਰਡੋਜ਼ ਦੇ ਤਿੰਨ ਮਾਮਲੇ ਗੁਰਦਾਸਪੁਰ ਦੇ ਪਿੰਡ ਡੀਡਾ ਸੈਂਸੀਆਂ ਵਿੱਚ ਸਾਹਮਣੇ ਆਏ ਹਨ। ਮ੍ਰਿਤਕਾਂ ਵਿਚੋਂ ਇੱਕ ਦੀ ਪਛਾਣ ਪ੍ਰਿੰਸ ਮਲਹੋਤਰਾ (36) ਵਾਸੀ ਪਿੰਡ ਸਿਹੋੜਾ ਵਜੋਂ ਹੋਈ ਹੈ। ਇਨ੍ਹਾਂ ਦੇ ਸਰੀਰ ਉਤੇ ਟੀਕਿਆਂ ਦੇ ਨਿਸ਼ਾਨ ਸਨ। ਅਬੋਹਰ ਵਿੱਚ ਦੋ ਵਿਅਕਤੀ ਮ੍ਰਿਤਕ ਮਿਲੇ ਹਨ। ਇਨ੍ਹਾਂ ਵਿਚੋਂ ਇੱਕ ਲਾਸ਼ ਨਈ ਆਬਾਦੀ ਜਦਕਿ ਦੂਜੀ ਲਾਸ਼ ਠਾਕੁਰ ਆਬਾਦੀ ਨੇੜਿਓਂ ਮਿਲੀ ਹੈ। ਅਜਿਹਾ ਸ਼ੱਕ ਹੈ ਕਿ ਇਨ੍ਹਾਂ ਦੋਵਾਂ ਦੀ ਮੌਤ ਨਸ਼ਿਆਂ ਕਾਰਨ ਹੋਈ ਹੈ।
ਮਲੋਟ ਸਦਰ ਪੁਲਿਸ ਨੇ ਲੰਘੇ ਵੀਰਵਾਰ ਨੂੰ ਸ਼ੇਰਗੜ੍ਹ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਸ਼ੱਕੀ ਹਾਲਾਤ ’ਚ ਇੱਕ 23 ਸਾਲਾ ਲੜਕੇ ਦੇ ਮ੍ਰਿਤਕ ਹਾਲਤ ਵਿੱਚ ਮਿਲਣ ਮਗਰੋਂ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਮ੍ਰਿਤਕ ਜਗਮੀਤ ਸਿੰਘ ਦੇ ਚਾਚੇ ਸੇਵਕ ਸਿੰਘ ਨੇ ਦੋਸ਼ ਲਗਾਇਆ ਕਿ ਲੜਕੇ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ।


ਲੰਘੇ ਐਤਵਾਰ 9 ਜੂਨ ਨੂੰ ਗੁਰੂਹਰਸਹਾਏ ਦੇ ਪਿੰਡ ਕੋਹਾਰ ਸਿੰਘ ਵਾਲਾ ਦੇ ਵਸਨੀਕ ਗੁਰਵਿੰਦਰ ਸਿੰਘ (42) ਦੀ ਲਾਸ਼ ਪਿੰਡ ਦੇ ਕਬਰਿਸਤਾਨ ਵਿਚੋਂ ਮਿਲੀ ਸੀ ਤੇ ਉਸ ਦੀ ਲਾਸ਼ ਨੇੜਿਓਂ ਇੱਕ ਟੀਕਾ ਵੀ ਮਿਲਿਆ ਸੀ। ਇਸ ਤੋਂ ਇੱਕ ਦਿਨ ਪਹਿਲਾਂ 8 ਜੂਨ ਨੂੰ ਜਲੰਧਰ ਦੇ ਸੰਦੀਪ ਸਿੰਘ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਸੀ। ਪੁਲਿਸ ਨੇ ਦੱਸਿਆ ਕਿ ਸੰਦੀਪ ਜ਼ੀਰਾ ਦੇ ਇੱਕ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਤੋਂ ਇਲਾਜ ਕਰਵਾ ਰਿਹਾ ਸੀ। ਉਸ ਦੀ ਮੌਤ ਨਸ਼ੇ ਕਾਰਨ ਹੋਈ ਹੈ। ਫਰੀਦਕੋਟ ਦੀ ਨਾਨਕਸਰ ਬਸਤੀ ਵਿੱਚ  ਇੱਕ ਨੌਜਵਾਨ ਦੀ ਮੌਤ ਹੋ ਗਈ। ਉਸ ਦੀ ਪਛਾਣ ਗੱਬਰ ਸਿੰਘ (24) ਵਜੋਂ ਹੋਈ ਹੈ। 4 ਤੇ 6 ਜੂਨ ਵਿਚਾਲੇ ਮੋਗਾ ’ਚ ਦੋ ਮੌਤਾਂ ਹੋਈਆਂ ਜਿਨ੍ਹਾਂ ਦੀ ਪਛਾਣ ਕੁਲਦੀਪ ਸਿੰਘ (40) ਵਾਸੀ ਪਿੰਡ ਭਲੂਰ ਤੇ ਮਨੀ ਸਿੰਘ (24) ਵਜੋਂ ਹੋਈ। ਪਾਇਲ (ਲੁਧਿਆਣਾ) ਦੇ ਆਜ਼ਮ ਮੁਹੰਮਦ ਦੀ 3 ਜੂਨ ਨੂੰ ਖੰਨਾ ’ਚ ਮੌਤ ਹੋ ਗਈ।  ਅੰਮ੍ਰਿਤਸਰ ਦੇ ਸੁਲਤਾਨਵਿੰਡ ਪਿੰਡ ਵਿੱਚ ਅੱਜ ਦੋ ਨੌਜਵਾਨਾਂ ਦੀ ਲਾਸ਼ਾਂ ਮਿਲੀਆਂ ਹਨ ਜਿਨ੍ਹਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ। ਅਟਾਰੀ ਵਿੱਚ 14 ਜੂਨ ਨੂੰ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਸੀ।