Ludhiana News: ਸਵਾਈਨ ਫਲੂ ਦੇ 21 ਪਾਜ਼ੇਟਿਵ ਕੇਸ ਆਏ ਸਾਹਮਣੇ; ਸਿਹਤ ਵਿਭਾਗ ਵੱਲੋਂ ਸਾਵਧਾਨੀ ਰੱਖਣ ਦੀ ਅਪੀਲ
Ludhiana News: ਲੁਧਿਆਣਾ ਵਿੱਚ ਮੌਸਮ ਦੇ ਬਦਲਾਅ ਹੋਣ ਨਾਲ ਸਵਾਈਨ ਫਲੂ ਦੇ 21 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।
Ludhiana News: ਮੌਸਮ ਬਦਲਣ ਦੇ ਨਾਲ ਹੀ ਕਈ ਤਰ੍ਹਾਂ ਦੀਆਂ ਬਿਮਾਰੀਆ ਫੈਲਣੀਆ ਸ਼ੁਰੂ ਹੋ ਜਾਂਦੀਆਂ ਹਨ। ਇਸ ਤਰ੍ਹਾਂ ਲੁਧਿਆਣਾ ਵਿੱਚ ਡੇਂਗੂ ਦੇ ਕਾਫੀ ਮਰੀਜ਼ ਸਾਹਮਣੇ ਆਏ ਸਨ ਹੁਣ ਮੌਸਮ ਦੇ ਬਦਲਾਅ ਹੋਣ ਨਾਲ ਸਵਾਈਨ ਫਲੂ ਦੇ 21 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚੋਂ ਪੰਜ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ।
ਸਿਵਲ ਸਰਜਨ ਪ੍ਰਦੀਪ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਸਵਾਈਨ ਫਲੂ ਦੇ ਲੱਛਣ ਤੇਜ ਬੁਖਾਰ ਹੋਣਾ, ਅੱਖਾਂ ਵਿੱਚ ਲਾਲੀ ਹੋਣਾ ਤੇ ਸਰੀਰ ਵਿੱਚ ਦਰਦ ਹੋਣਾ ਨਜਲਾ ਜ਼ੁਕਾਮ ਹੋਣਾ ਹਨ। ਇਹ ਸਾਰੇ ਲੱਛਣ ਨਜ਼ਰ ਆਉਣ ਤੁਰੰਤ ਨਾਲ ਦੇ ਸਿਹਤ ਕੇਂਦਰ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਕਿਸੇ ਨੂੰ ਇਸ ਤਰ੍ਹਾਂ ਦੇ ਲੱਛਣ ਨਜ਼ਰ ਆਉਣ ਤਾਂ ਉਹ ਭੀੜ ਵਾਲੀਆਂ ਥਾਵਾਂ ਉਤੇ ਨਾ ਜਾਣ ਅਤੇ ਮਾਸਕ ਪਹਿਨ ਕੇ ਰੱਖਣ। ਉਨ੍ਹਾਂ ਨੇ ਦੱਸਿਆ ਕਿ ਸਿਵਲ ਹਸਪਤਾਲਾਂ ਵਿੱਚ ਅਲੱਗ ਤੋਂ ਸਵਾਈਨ ਫਲੂ ਵਾਰਡ ਵੀ ਬਣਾਏ ਗਏ ਹਨ।
ਕੀ ਹੁੰਦਾ ਹੈ ਸਵਾਈਨ ਫਲੂ?
ਸਵਾਈਨ ਫਲੂ ਨੂੰ H1N1 ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਇੱਕ ਤਰ੍ਹਾਂ ਦੀ ਲਾਗ ਹੈ ਜੋ ਇਨਫਲੂਐਂਜ਼ਾ ਤੇ ਵਾਇਰਸ ਕਰਕੇ ਫੈਲਦੀ ਹੈ। ਇਹ ਵਾਇਰਸ ਜ਼ਿਆਦਾਤਰ ਸੂਰਾਂ ਵਿੱਚ ਪਾਇਆ ਜਾਂਦਾ ਹੇ ਤੇ ਇਨ੍ਹਾਂ ਤੋਂ ਹੀ ਇਨਸਾਨਾਂ ਵਿੱਚ ਫੈਲਦਾ ਹੈ। ਇਨਸਾਨਾਂ ਵਿੱਚ ਇੱਕ-ਦੂਜੇ ਤੋਂ ਬਹੁਤ ਜਲਦੀ ਫੈਲਦਾ ਹੈ। ਇਸ ਦੇ ਵਾਇਰਸ ਨੂੰ ਨਮੀ ਦੀ ਲੋੜ ਹੁੰਦੀ ਹੈ, ਇਸ ਲਈ ਇਹ ਠੰਢ ਤੇ ਬਰਸਾਤਾਂ ਦੇ ਦਿਨਾਂ ਅੰਦਰ ਜ਼ਿਆਦਾ ਫੈਲਦਾ ਹੈ।
ਸਵਾਈ ਫਲੂ ਦਾ ਸਭ ਤੋਂ ਵੱਧ ਖ਼ਤਰਾ ਬੱਚਿਆਂ, ਬਜ਼ੁਰਗਾਂ ਤੇ ਗਰਭਵਤੀ ਮਹਿਲਾਵਾਂ ਨੂੰ ਹੁੰਦਾ ਹੈ। ਜਿਨ੍ਹਾਂ ਲੋਕਾਂ ਦੀ ਬਿਮਾਰੀਆਂ ਨਾਲ ਲੜਨ ਦੀ ਸਮਰਥਾ ਘੱਟ ਹੁੰਦੀ ਹੈ, ਉਹ ਤੇਜ਼ੀ ਨਾਲ ਇਸ ਵਾਇਰਸ ਦੀ ਚਪੇਟ ਵਿੱਚ ਆਉਂਦੇ ਹਨ। ਇਸ ਬਿਮਾਰੀ ਲਈ ਹਾਲੇ ਤਕ ਕੋਈ ਦਵਾਈ ਨਹੀਂ ਬਣੀ। ਇਸ ਲਈ ਠੰਢ ਤੇ ਬਰਸਾਤਾਂ ਦੇ ਮੌਸਮ ਵਿੱਚ ਇਸ ਤੋਂ ਬਚਾਅ ਕਰਨਾ ਹੋਰ ਜ਼ਰੂਰੀ ਹੋ ਜਾਂਦਾ ਹੈ।
WHO ਵੱਲੋਂ ਦਿੱਤੇ ਬਚਾਅ ਕਰਨ ਦੇ ਸੁਝਾਅ
ਸਵਾਈਨ ਫਲੂ ਤੋਂ ਬਚਣ ਲਈ ਵਿਸ਼ਵ ਸਿਹਤ ਸੰਗਠਨ (WHO) ਨੇ ਫਲੂ ਦੇ ਸੀਜ਼ਨ ਵਿੱਚ ਜ਼ਿਆਦਾ ਭੀੜ ਵਾਲੀ ਥਾਂ ’ਤੇ ਨਾ ਜਾਣ ਦੀ ਸਲਾਹ ਦਿੱਤੀ ਹੈ। ਭੀੜ ਵਾਲੀ ਥਾਂ ’ਤੇ ਕਿਸੇ ਦੀ ਛਿੱਕ ਦੇ ਕਣਾਂ ਨਾਲ ਬਿਮਾਰੀ ਦੀ ਲਾਗ ਲੱਗਣ ਦੀ ਸੰਭਾਵਨਾ ਹੋ ਸਕਦੀ ਹੈ। ਹੱਥਾਂ ਤੋਂ ਵੀ ਵਾਇਰਸ ਫੈਲ ਸਕਦਾ ਹੈ।