Punjab News: ਹੋਲਾ ਮਹੱਲਾ ਵਿਖੇ ਇਕੱਠਾ ਹੋਇਆ 39,600 ਟਨ ਗਿੱਲਾ ਕੂੜਾ, ਜੈਵਿਕ ਖਾਦ `ਚ ਕੀਤਾ ਜਾਵੇਗਾ ਤਬਦੀਲ
Sri Anandpur Sahib Hola Mahalla 2023: 2,355 ਕਿਲੋਗ੍ਰਾਮ ਪਲਾਸਟਿਕ ਦੇ ਲਿਫਾਫਿਆਂ ਅਤੇ 1,575 ਕਿਲੋਗ੍ਰਾਮ ਪਲਾਸਟਿਕ ਸਮੱਗਰੀ ਨੂੰ ਰੀਸਾਈਕਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 129 ਕਿਲੋ ਲੋਹਾ, 254 ਕਿਲੋ ਕੱਚ, 239 ਕਿਲੋ ਗੱਤੇ, ਅਤੇ 2,185 ਕਿਲੋਗ੍ਰਾਮ ਹੋਰ ਕੂੜੇ ਦਾ ਵੀ ਸਹੀ ਨਿਪਟਾਰਾ ਕੀਤਾ ਗਿਆ।
ਸ੍ਰੀ ਅਨੰਦਪੁਰ ਸਾਹਿਬ: ਸਥਾਨਕ ਸਰਕਾਰਾਂ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਵਲੰਟੀਅਰਾਂ ਅਤੇ ਨਾਗਰਿਕਾਂ ਦੇ ਅਣਥੱਕ ਯਤਨਾਂ ਅਤੇ ਵਚਨਬੱਧਤਾ ਨਾਲ ਪੰਜਾਬ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਹੋਲਾ ਮਹੱਲਾ-2023 ਦੇ ਸਮਾਗਮਾਂ ਦੌਰਾਨ ਸਵੱਛਤਾ ਅਤੇ ਸਫ਼ਾਈ ਮੁਹਿੰਮ ਦੌਰਾਨ 39,600 ਟਨ ਗਿੱਲਾ ਕੂੜਾ ਇਕੱਠਾ ਕੀਤਾ ਹੈ ਜਿਸ ਨੂੰ ਕਿ ਹੁਣ ਜੈਵਿਕ ਖਾਦ ਦੇ ਵਿੱਚ ਤਬਦੀਲ ਕੀਤਾ ਜਾਵੇਗਾ।
ਐੱਮ.ਆਰ.ਐੱਫ. (ਮਟੀਰੀਅਲ ਰਿਕਵਰੀ ਫੈਸਿਲਿਟੀ) ਕੇਂਦਰਾਂ 'ਤੇ ਇਕੱਠੇ ਕੀਤੇ ਗਏ ਵੱਖ-ਵੱਖ ਕਿਸਮਾਂ ਦੇ ਕੂੜੇ ਬਾਰੇ ਮੁੱਖ ਅੰਕੜੇ ਸਾਂਝੇ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਖੁਲਾਸਾ ਕੀਤਾ ਕਿ ਹੋਲਾ ਮਹੱਲਾ ਵਿਖੇ 39,600 ਟਨ ਤੋਂ ਵੱਧ ਗਿੱਲਾ ਕੂੜਾ ਇਕੱਠਾ ਕੀਤਾ ਗਿਆ ਹੈ ਅਤੇ ਇਸ ਕੂੜੇ ਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਜੈਵਿਕ ਖਾਦ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ 2,355 ਕਿਲੋਗ੍ਰਾਮ ਪਲਾਸਟਿਕ ਦੇ ਲਿਫਾਫਿਆਂ ਅਤੇ 1,575 ਕਿਲੋਗ੍ਰਾਮ ਪਲਾਸਟਿਕ ਸਮੱਗਰੀ ਨੂੰ ਰੀਸਾਈਕਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 129 ਕਿਲੋ ਲੋਹਾ, 254 ਕਿਲੋ ਕੱਚ, 239 ਕਿਲੋ ਗੱਤੇ, ਅਤੇ 2,185 ਕਿਲੋਗ੍ਰਾਮ ਹੋਰ ਕੂੜੇ ਦਾ ਵੀ ਸਹੀ ਨਿਪਟਾਰਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਹਰ ਸਾਲ 40 ਲੱਖ ਤੋਂ ਵੱਧ ਸ਼ਰਧਾਲੂ, ਸੈਲਾਨੀ, ਅਤੇ ਸਥਾਨਕ ਲੋਕ ਤਿਉਹਾਰ ਮਨਾਉਣ ਲਈ ਕੀਰਤਪੁਰ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਇਕੱਠੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਿਉਹਾਰ ਦੌਰਾਨ ਅਤੇ ਬਾਅਦ ਵਿੱਚ ਇਥੇ ਸਫ਼ਾਈ ਬਣਾਈ ਰੱਖਣਾ ਜ਼ਿਲ੍ਹਾ ਪ੍ਰਸ਼ਾਸਨ ਲਈ ਹਮੇਸ਼ਾ ਇੱਕ ਮਹੱਤਵਪੂਰਨ ਚੁਣੌਤੀ ਹੁੰਦੀ ਹੈ।
ਇਹ ਵੀ ਪੜ੍ਹੋ: Jalandhar By-Poll: ਕਾਂਗਰਸ ਨੇ ਮਰਹੂਮ ਸੰਤੋਖ ਚੌਧਰੀ ਦੀ ਪਤਨੀ ਨੂੰ ਐਲਾਨਿਆ ਉਮੀਦਵਾਰ, ਰਾਹੁਲ ਗਾਂਧੀ ਨੇ ਨਿਭਾਇਆ ਆਪਣਾ ਵਾਅਦਾ
ਇਸ ਸਫਾਈ ਅਭਿਆਨ ਲਈ ਤਾਇਨਾਤ ਕੀਤੇ ਗਏ ਕਾਮਿਆਂ ਦੇ ਵੇਰਵੇ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮਿਸ਼ਨ ਵਿੱਚ 525 ਤੋਂ ਵੱਧ ਸਫਾਈ ਸੇਵਾਦਾਰ ਲੱਗੇ ਹੋਏ ਹਨ ਅਤੇ ਉਹਨਾਂ ਦੀ ਨਿਗਰਾਨੀ ਉਹਨਾਂ ਦੇ ਸੀਨੀਅਰ ਅਧਿਕਾਰੀਆਂ ਦੁਆਰਾ ਕੀਤੀ ਜਾ ਰਹੀ ਸੀ ਜਿਸ ਲਈ ਕੁੰਭ ਮੇਲੇ ਦੀ ਤਰ੍ਹਾਂ ਹੀ ਇਸ ਪੂਰੇ ਤਿਉਹਾਰ ਨੂੰ 8 ਸੈਕਟਰਾਂ ਅਤੇ 4 ਜ਼ੋਨਾਂ ਵਿੱਚ ਵੰਡਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇੱਕ ਸਫਾਈ ਰੋਸਟਰ ਬਣਾਇਆ ਗਿਆ ਸੀ ਅਤੇ ਸਫਾਈ ਸੇਵਕਾਂ ਨੇ ਦੋ ਸ਼ਿਫਟਾਂ ਵਿੱਚ ਕੰਮ ਕੀਤਾ।
(ਬਿਮਲ ਸ਼ਰਮਾ ਦੀ ਰਿਪੋਰਟ)