Punjab News: ਸੂਬੇ ਦੇ ਖੇਤੀਬਾੜੀ ਸੈਕਟਰ ਨੂੰ ਕਾਰਬਨ-ਮੁਕਤ ਕਰਨ ਲਈ ਕੁਦਰਤੀ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਅਗਲੇ 120 ਦਿਨਾਂ ਦੇ ਅੰਦਰ 663 ਹੋਰ ਖੇਤੀ ਸੋਲਰ ਪੰਪ ਲਾਏ ਜਾਣਗੇ। ਇਹ ਐਲਾਨ ਅੱਜ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਕੀਤਾ।


COMMERCIAL BREAK
SCROLL TO CONTINUE READING

ਅਮਨ ਅਰੋੜਾ ਨੇ ਖੇਤੀਬਾੜੀ ਵਾਸਤੇ 663 ਖੇਤੀ ਸੋਲਰ ਪੰਪ ਲਗਾਉਣ ਲਈ ਅੱਜ ਮੈਸਰਜ਼ ਏ.ਵੀ.ਆਈ. ਰੀਨਿਊਏਬਲਜ਼ ਐਨਰਜੀ ਪ੍ਰਾਈਵੇਟ ਲਿਮਟਿਡ ਨੂੰ ਵਰਕ ਆਰਡਰ ਸੌਂਪਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ 2,356 ਸੋਲਰ ਪੰਪ ਲਗਾਉਣ ਲਈ ਵਰਕ ਆਰਡਰ ਜਾਰੀ ਕੀਤੇ ਗਏ ਸਨ। 


ਉਨ੍ਹਾਂ ਨੇ ਪੇਡਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਕਿਸਾਨਾਂ ਦੀ ਭਲਾਈ ਲਈ ਸੂਬੇ ਵਿੱਚ 20,000 ਖੇਤੀ ਸੋਲਰ ਪੰਪ ਲਗਾਉਣ ਦੇ ਟੀਚੇ ਦੀ ਪ੍ਰਾਪਤੀ ਲਈ ਹਰ ਯਤਨ ਤੇਜ਼ ਕਰਨ।


ਉਨ੍ਹਾਂ ਦੱਸਿਆ ਕਿ ਇਸ ਕੰਪਨੀ ਦੀ ਚੋਣ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਬੋਲੀ ਪ੍ਰਕਿਰਿਆ ਰਾਹੀਂ ਕੀਤੀ ਗਈ ਹੈ ਅਤੇ 3, 5, 7.5 ਅਤੇ 10 ਐਚ.ਪੀ. ਦੀ ਸਮਰੱਥਾ ਦੇ ਖੇਤੀ ਸੋਲਰ ਪੰਪ ਲਗਾਉਣ ਉਤੇ ਆਮ ਸ਼੍ਰੇਣੀ ਦੇ ਕਿਸਾਨਾਂ ਲਈ 60 ਫੀਸਦ ਸਬਸਿਡੀ, ਜਦੋਂਕਿ ਅਨੁਸੂਚਿਤ ਜਾਤੀ (ਐਸ.ਸੀ. ਸ਼੍ਰੇਣੀ) ਦੇ ਕਿਸਾਨ 80 ਫੀਸਦ ਸਬਸਿਡੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਡਾਰਕ ਜ਼ੋਨਾਂ (ਧਰਤੀ ਹੇਠਲੇ ਪਾਣੀ ਦੀ ਜ਼ਿਆਦਾ ਵਰਤੋਂ ਵਾਲੇ ਬਲਾਕ) ਵਿੱਚ ਇਹ ਪੰਪ ਉਨ੍ਹਾਂ ਕਿਸਾਨਾਂ ਦੇ ਖੇਤਾਂ ‘ਚ ਲਗਾਏ ਜਾਣਗੇ, ਜਿਨ੍ਹਾਂ ਨੇ ਆਪਣੀਆਂ ਮੋਟਰਾਂ ‘ਤੇ ਪਹਿਲਾਂ ਹੀ ਸੂਖਮ ਸਿੰਜਾਈ ਪ੍ਰਣਾਲੀ, ਜਿਵੇਂ ਤੁਪਕਾ ਜਾਂ ਫੁਹਾਰਾ, ਆਦਿ ਸਥਾਪਤ ਕੀਤੀਆਂ ਹੋਈਆਂ ਹਨ। 


ਅਮਨ ਅਰੋੜਾ ਨੇ ਕਿਹਾ ਕਿ ਇਨ੍ਹਾਂ ਸੋਲਰ ਪੰਪਾਂ ਨਾਲ ਨਾ ਸਿਰਫ਼ ਈਂਧਨ ਦੀ ਲਾਗਤ ਘਟੇਗੀ ਸਗੋਂ ਖੇਤੀ ਸੈਕਟਰ ਨੂੰ ਕਾਰਬਨ-ਮੁਕਤ ਕਰਨ ਵਿੱਚ ਵੀ ਮਦਦ ਮਿਲੇਗੀ ਅਤੇ ਇਹ ਖੇਤੀਬਾੜੀ ਦੇ ਵਧੇਰੇ ਟਿਕਾਊ ਅਭਿਆਸਾਂ ਨੂੰ ਵੀ ਉਤਸ਼ਾਹਿਤ ਕਰੇਗਾ। ਕਿਸਾਨਾਂ ਨੂੰ ਹੁਣ ਆਪਣੀਆਂ ਫ਼ਸਲਾਂ ਨੂੰ ਪਾਣੀ ਲਾਉਣ ਲਈ ਰਾਤ ਨੂੰ ਖੇਤਾਂ ਵਿੱਚ ਨਹੀਂ ਜਾਣਾ ਪਵੇਗਾ, ਕਿਉਂਕਿ ਇਹ ਪੰਪ ਦਿਨ ਵੇਲੇ ਹੀ ਚੱਲਣਗੇ।


ਇਸ ਮੌਕੇ ਪੇਡਾ ਦੇ ਡਾਇਰੈਕਟਰ ਸ੍ਰੀ ਐਮ.ਪੀ. ਸਿੰਘ, ਜਾਇੰਟ ਡਾਇਰੈਕਟਰ ਰਾਜੇਸ਼ ਬਾਂਸਲ ਅਤੇ ਸਬੰਧਤ ਫ਼ਰਮ ਦੇ ਨੁਮਾਇੰਦੇ ਹਾਜ਼ਰ ਸਨ।