Sultanpur Lodhi News (ਚੰਦਰ ਮੜੀਆ): ਅਰਬ ਦੇਸ਼ਾਂ ਵਿੱਚ ਮਨੁੱਖੀ ਤਸਕਰੀ ਰਾਹੀ ਪੰਜਾਬ ਦੀਆਂ ਲੜਕੀਆਂ ਨੂੰ ਵੇਚਣ ਦਾ ਟਰੈਵਲ ਏਜੰਟਾਂ ਨੇ ਰੂਟ ਬਦਲ ਲਿਆ ਹੈ। ਅਰਬ ਦੇਸ਼ਾਂ ਵਿੱਚੋਂ ਪਰਤੀਆਂ 7 ਲੜਕੀਆਂ ਵਿੱਚੋਂ 2 ਲੜਕੀਆਂ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਥੇ ਉਨ੍ਹਾਂ ਉਪਰ ਮਾਨਸਿਕ ਅਤੇ ਸਰੀਰਕ ਤਸ਼ੱਦਦ ਕੀਤਾ ਜਾਂਦਾ ਸੀ।


COMMERCIAL BREAK
SCROLL TO CONTINUE READING

ਟਰੈਵਲ ਏਜੰਟ ਹੁਣ ਦਿੱਲੀ ਦੀ ਥਾਂ ਮੁੰਬਈ ਰਾਹੀ ਅਰਬ ਦੇਸ਼ਾਂ ਨੂੰ ਲੜਕੀਆਂ ਲੈ ਕੇ ਜਾਂਦੇ ਹਨ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਰਾਕ ਅਤੇ ਮਸਕਟ ਵਿੱਚੋਂ ਆਈਆਂ ਲੜਕੀਆਂ ਦੀਆਂ ਦੁੱਖ ਤਕਲੀਫਾਂ ਸੁਣਨ ਤੋਂ ਬਾਅਦ ਮੋਗਾ ਤੇ ਬਰਨਾਲਾ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੂੰ ਹਦਾਇਤਾਂ ਕੀਤੀਆਂ ਕਿ ਉਹ ਪੀੜਤ ਲੜਕੀਆਂ ਵੱਲੋਂ ਦਿੱਤੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ਉਤੇ ਸੁਣਨ। ਸੰਤ ਸੀਚੇਵਾਲ ਨੇ ਕਿਹਾ ਕਿ ਜਦੋਂ ਤੱਕ ਠੱਗ ਟਰੈਵਲ ਏਜੰਟਾਂ ਵਿਰੁੱਧ ਸਖਤ ਕਾਰਵਾਈ ਨਹੀ ਹੁੰਦੀ ਉਦੋਂ ਤੱਕ ਅਰਬ ਦੇਸ਼ਾਂ ਵਿੱਚ ਮਨੁੱਖੀ ਤਸਕਰੀ ਦੇ ਗੈਰ ਕਾਨੂੰਨੀ ਧੰਦਿਆਂ ਨੂੰ ਠੱਲ ਨਹੀ ਪੈ ਸਕਦੀ ਹੈ।


ਓਮਾਨ ਤੋਂ ਵਾਪਸ ਆਈ ਮੋਗਾ ਜ਼ਿਲ੍ਹੇ ਦੀ ਰਹਿਣ ਵਾਲੀ ਪੀੜਤ ਲੜਕੀ ਨੇ ਦੱਸਿਆ ਕਿ ਉੱਥੇ ਇਮਰਾਨ ਨਾਂ ਦੇ ਏਜੰਟ ਵੱਲੋਂ ਲੜਕੀਆਂ ਨੂੰ ਉੱਥੇ ਬੁਲਾ ਕਿ ਫਸਾਇਆ ਜਾ ਰਿਹਾ ਹੈ। ਜਿਨ੍ਹਾਂ ਨੂੰ ਕੰਮ ਉਤੇ ਭੇਜਣ ਦੀ ਬਜਾਏ ਉੱਥੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਜਾਂਦਾ ਹੈ। ਉਸਨੇ ਦੱਸਿਆ ਕਿ ਉਸ ਏਜੰਟ ਵੱਲੋਂ ਉਸ ਨਾਲ ਉੱਥੇ ਬਹੁਤ ਕੁੱਟਮਾਰ ਕੀਤੀ ਗਈ ਤੇ ਉਸਨੂੰ ਜ਼ਬਰਨ ਦੋ ਹੋਰ ਲੜਕੀਆਂ ਨੂੰ ਬੁਲਾਉਣ ਲਈ ਕਹਿ ਰਿਹਾ ਸੀ।


ਉਸਨੇ ਦੱਸਿਆ ਕਿ ਉਸ ਵੱਲੋਂ ਉੱਥੇ ਬਹੁਤ ਵੱਡਾ ਰੈਕੇਟ ਚਲਾਇਆ ਜਾ ਰਿਹਾ ਹੈ ਤੇ ਲੜਕੀਆਂ ਨੂੰ ਉੱਥੇ ਬੁਲਾ ਕਿ ਹਰ ਇੱਕ ਲੜਕੀ ਨਾਲ ਇਸੇ ਤਰ੍ਹਾਂ ਦਾ ਵਤੀਰਾ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਉਸਨੂੰ ਤੇ ਉਸ ਨਾਲ ਇੱਕ ਹੋਰ ਲੜਕੀ ਨੂੰ ਉਸਦੇ ਪਿੰਡ ਦੀ ਹੀ ਰਹਿਣ ਵਾਲੀ ਇੱਕ ਲੜਕੀ ਨੇ ਉਸਨੂੰ ਬਿਊਟੀ ਪਾਰਲਰ ਦੇ ਕੰਮ ਦਾ ਕਹਿ ਕਿ ਉੱਥੇ ਬੁਲਾਇਆ ਗਿਆ ਸੀ। ਜੋ ਕਿ ਆਪ ਖੁਦ ਵੀ ਉੱਥੇ ਫਸੀ ਹੋਈ ਸੀ।


ਇਰਾਕ ਤੋਂ ਪਰਤੀ ਮੋਗੇ ਦੀ ਰਹਿਣ ਵਾਲੀ ਲੜਕੀ ਨੇ ਦਿਲ ਕੰਬਾਊ ਖੁਲਾਸੇ ਕਰਦੇ ਹੋਏ ਕਿਹਾ ਕਿ ਉੱਥੇ ਉਸਦਾ ਜਿਸਮਾਨੀ ਸ਼ੋਸ਼ਣ ਕੀਤਾ ਗਿਆ। ਉਸ ਨੇ ਦੱਸਿਆ ਕਿ ਉਹ ਆਪਣੇ ਬੱਚੀ ਜੋ ਗੰਭੀਰ ਬਿਮਾਰੀ ਨਾਲ ਪੀੜਤ ਸੀ ਉਸਦੇ ਇਲਾਜ ਲਈ ਉੱਥੇ ਗਈ ਸੀ। ਪਰ ਉਸਨੂੰ ਉੱਥੇ ਵੇਚ ਦਿੱਤਾ ਗਿਆ ਤੇ ਇੱਕ ਦਫਤਰ ਵਿੱਚ ਬੰਦੀ ਬਣਾ ਕਿ ਰੱਖਿਆ ਗਿਆ। ਜਿੱਥੇ ਉਸਨੂੰ ਬਹੁਤ ਜ਼ਿਆਦਾ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਉਸ ਨੇ ਦੱਸਿਆ ਕਿ ਜੇਕਰ ਸੰਤ ਬਲਬੀਰ ਸਿੰਘ ਸੀਚੇਵਾਲ ਮਦਦ ਨਾ ਕਰਦੇ ਤਾਂ ਉਹ ਵਾਪਸੀ ਦੀ ਆਸ ਛੱਡ ਚੁੱਕੀ ਸੀ। 


ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕੀਤਾ ਜਿਹਨਾਂ ਦੇ ਸਹਿਯੋਗ ਨਾਲ ਇਹ ਲੜਕੀਆਂ ਸਹੀ ਸਲਾਮਤ ਨਰਕ ਭਰੀ ਜ਼ਿੰਦਗੀ ਚੋਂ ਨਿਕਲ ਕਿ ਘਰ ਪਰਤ ਸਕੀਆਂ ਹਨ। ਉਹਨਾਂ ਪੰਜਾਬ ਦੀਆਂ ਧੀਆਂ ਨੂੰ ਅਰਬ ਮੁਲਕਾਂ ਵਿੱਚ ਜਾਣ ਤੋਂ ਗੁਰੇਜ਼ ਕਰਨ ਲਈ ਕਿਹਾ ਤੇ ਅਪੀਲ ਕੀਤੀ ਕਿ ਠੱਗ ਏਜੰਟਾਂ ਪਿੱਛੇ ਲੱਗ ਕਿ ਆਪਣੀਆਂ ਲੜਕੀਆਂ ਨੂੰ ਉੱਥੇ ਨਾ ਭੇਜੋ। 


ਹਰ ਵਕਤ ਉੱਥੇ ਲੜਕੀਆਂ ਦੀ ਇੱਜ਼ਤ ਦਾਅ ਤੇ ਲੱਗੀ ਰਹਿੰਦੀ ਹੈ : ਪੀੜਤ ਲੜਕੀਆਂ
ਪੀੜਤ ਲੜਕੀਆਂ ਨੇ ਅਪੀਲ ਕੀਤੀ ਕਿ ਲੜਕੀਆਂ ਅਰਬ ਮੁਲਕਾਂ ਵਿੱਚ ਨਾ ਜਾਣ। ਉੱਥੇ ਏਜੰਟਾਂ ਵੱਲੋਂ ਲੜਕੀਆਂ ਨੂੰ ਵਿਜ਼ਟਰ ਵੀਜ਼ੇ ਬੁਲਾ ਕਿ ਉੱਥੇ ਇੱਕ ਤਰੀਕੇ ਨਾਲ ਵੇਚ ਦਿੱਤਾ ਜਾਂਦਾ ਹੈ ਤੇ ਵਾਪਸੀ ਦੇ ਬਦਲੇ ਵਿੱਚ ਮੋਟੀ ਰਕਮ ਜਾਂ ਭਾਰਤ ਤੋਂ ਹੋਰ ਲੜਕੀਆਂ ਬੁਲਾਉਣ ਦੀ ਮੰਗ ਰੱਖੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਲੜਕੀਆਂ ਨੂੰ ਉੱਥੇ ਗਲਤ ਕੰਮਾਂ ਵਿੱਚ ਫਸਾਉਣ ਦੀ ਵੀ ਬਹੁਤ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਉੱਥੇ ਲੜਕੀਆਂ ਦੀ ਕੁੱਟਮਾਰ ਤਾਂ ਹੁੰਦੀ ਹੀ ਹੈ ਨਾਲ ਹੀ ਉਹਨਾਂ ਦੀ ਇੱਜ਼ਤ ਤੇ ਹਰ ਵੇਲੇ ਖਤਰਾ ਬਣਿਆ ਰਹਿੰਦਾ ਹੈ।