ਪੰਜਾਬ ਦੇ ਸਾਰੇ ਮੈਡੀਕਲ ਕਾਲਜਾਂ ਵਿਚ 85 ਫ਼ੀਸਦੀ ਸੀਟਾਂ ਹੁਣ ਸਿਰਫ਼ ਪੰਜਾਬੀਆਂ ਲਈ, ਨਿਯਮ ਹੋਏ ਤੈਅ
ਪੰਜਾਬ ਦੇ ਵਿਚ ਮੈਡੀਕਲ ਸਿੱਖਿਆ ਲਈ ਹੁਣ ਪੰਜਾਬੀਆਂ ਨੂੰ ਪਹਿਲ ਦਿੱਤੀ ਜਾਵੇਗੀ।ਬਾਬਾ ਫਰੀਦ ਯੂਨੀਵਰਸਿਟੀ ਵੱਲੋਂ 85 ਪ੍ਰਤੀਸ਼ਤ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ।
ਚੰਡੀਗੜ: ਪੰਜਾਬ ਦੇ ਵਿਚ ਮੈਡੀਕਲ ਸਿੱਖਿਆ ਲਈ ਯੋਗਤਾ ਨਿਯਮ ਬਦਲ ਦਿੱਤੇ ਗਏ ਹਨ। ਹੁਣ ਐਮ. ਬੀ. ਬੀ. ਐਸ. ਅਤੇ ਬੀ. ਡੀ. ਐਸ. ਲਈ ਪੰਜਾਬ ਦੇ ਵਿਦਿਆਰਥੀਆਂ ਨੂੰ ਪਹਿਲ ਦਿੱਤੀ ਜਾਵੇਗੀ। ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਅਨੁਸਾਰ 85 ਪ੍ਰਤੀਸ਼ਤ ਸਿਰਫ਼ ਪੰਜਾਬ ਦੇ ਵਿਦਿਆਰਥੀਆਂ ਲਈ ਰਾਖਵੀਆਂ ਹੋਣਗੀਆਂ। ਇਸ ਲਈ ਪੰਜਾਬ ਵਿਚ ਪੱਕੇ ਤੌਰ 'ਤੇ ਰਿਹਾਇਸ਼ ਹੋਣ ਦਾ ਸਬੂਤ ਜ਼ਰੂਰੀ ਹੈ। ਇਸ ਯੋਗਤਾ ਨੂੰ ਪੂਰਾ ਕਰਨ ਵਾਲੇ ਉਮੀਦਵਾਰ ਹੁਣ 15 ਅਕਤੂਬਰ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।
ਬਾਬਾ ਫਰੀਦ ਯੂਨੀਵਰਸਿਟੀ ਨਾਲ ਸਬੰਧਿਤ ਸਾਰੇ ਮੈਡੀਕਲ ਕਾਲਜ
ਪੰਜਾਬ ਵਿਚ ਸਾਰੇ ਮੈਡੀਕਲ ਕਾਲਜ ਬਾਬਾ ਫਰੀਦ ਯੂਨੀਵਰਸਿਟੀ ਨਾਲ ਸਬੰਧਤ ਹਨ ਅਤੇ ਯੂਨੀਵਰਸਿਟੀ ਵੱਲੋਂ ਹੀ ਇਹ ਫ਼ੈਸਲਾ ਲਿਆ ਗਿਆ ਹੈ। 26 ਮੈਡੀਕਲ ਕਾਲਜਾਂ ਵਿਚ 1500 ਐਮ. ਬੀ. ਬੀ. ਐਸ. 1300 ਤੋਂ ਜ਼ਿਆਦਾ ਬੀ. ਡੀ. ਐਸ. ਦੀਆਂ ਸੀਟਾਂ ਹਨ। ਪਰ ਹੁਣ ਯੂਨੀਵਰਸਿਟੀ ਵਿਚ ਪੰਜਾਬ ਵਾਸੀਆਂ ਨੂੰ ਪਹਿਲ ਦਿੱਤੀ ਗਈ ਹੈ ਅਤੇ ਯੋਗਤਾ ਦੇ ਆਧਾਰ 'ਤੇ ਫੇਰਬਦਲ ਕੀਤਾ ਗਿਆ ਹੈ। ਇਸ ਲਈ ਯੂਨੀਵਰਸਿਟੀ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ।
ਇਸ ਤਰ੍ਹਾਂ ਤੈਅ ਹੋਵੇਗੀ ਯੋਗਤਾ
ਯੂਨੀਵਰਸਿਟੀ ਵੱਲੋਂ ਬਦਲੇ ਨਿਯਮਾਂ ਅਨੁਸਾਰ ਜਿਹਨਾਂ ਨੇ NEET-UG ਪ੍ਰੀਖਿਆ ਤੋਂ 5 ਜਾਂ ਦੋ ਸਾਲ ਪਹਿਲਾਂ ਪੰਜਾਬ ਵਿਚ ਪੜਾਈ ਕੀਤੀ ਹੋਵੇ। ਉਹਨਾਂ ਦੇ ਮਾਤਾ ਪਿਤਾ ਦੀ ਚੱਲ ਅਚੱਲ ਜਾਇਦਾਦ ਪੰਜਾਬ ਵਿਚ ਹੋਵੇ ਅਤੇ ਜਾਂ ਫਿਰ ਉਹ ਪੰਜਾਬ ਵਿਚ ਪੈਦਾ ਹੋਏ ਹੋਣ। ਉਹਨਾਂ ਕੋਲ ਅਜਿਹੇ ਦਸਤਾਵੇਜ਼ ਹੋਣੇ ਜ਼ਰੂਰੀ ਹਨ ਤਾਂ ਉਹ ਦਾਖ਼ਲਾ ਲੈਣ ਦੇ ਯੋਗ ਹੋਣਗੇ। ਇਸ ਤੋਂ ਇਲਾਵਾ ਪੰਜਾਬ ਜਾਂ ਚੰਡੀਗੜ ਵਿਚ ਤਾਇਨਾਤ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਬੱਚੇ ਵੀ ਕੋਟੇ ਲਈ ਯੋਗ ਹਨ।
WATCH LIVE TV