90 ਹਜ਼ਾਰ 248 ਮ੍ਰਿਤਕ ਪੈਨਸ਼ਨਰਾਂ ਦੇ ਖਾਤਿਆਂ ’ਚ ਨਿਰਵਿਘਨ ਜਾ ਰਿਹਾ ਸੀ ਪੈਸਾ, ਸਰਕਾਰ ਨੇ ਕੱਸੀ ਨਕੇਲ!
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਸਰਵੇ ਦੌਰਾਨ 90,248 ਜਾਅਲੀ ਲਾਭਪਾਤਰੀਆਂ ਦੀ ਸ਼ਨਾਖਤ ਹੋਈ ਹੈ।
ਚੰਡੀਗੜ੍ਹ: ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਨੇ ਸਰਕਾਰ ਦੁਆਰਾ ਕਰਵਾਏ ਗਏ ਸਰਵੇ ਬਾਰੇ ਜਾਣਕਾਰੀ ਦਿੱਤੀ।
ਸਲਾਨਾ 162.36 ਕਰੋੜ ਰੁਪਏ ਦੀ ਹੋਵੇਗੀ ਬੱਚਤ
ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਸਰਵੇ ਦੌਰਾਨ 90,248 ਜਾਅਲੀ ਲਾਭਪਾਤਰੀਆਂ ਦੀ ਸ਼ਨਾਖਤ ਹੋਈ ਹੈ। ਇਨ੍ਹਾਂ ਲਾਭਪਾਤਰੀਆਂ ਦੀ ਮੌਤ ਹੋ ਚੁੱਕੀ ਹੈ, ਪਰ ਫੇਰ ਪੈਨਸ਼ਨ ਉਨ੍ਹਾਂ ਦੇ ਖ਼ਾਤਿਆਂ ’ਚ ਟਰਾਂਸਫ਼ਰ ਕੀਤੀ ਜਾ ਰਹੀ ਸੀ। ਮੰਤਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮ੍ਰਿਤਕ ਲਾਭਪਾਤਰੀਆਂ ਦੀ ਸ਼ਨਾਖਤ ਨਾਲ ਸਰਕਾਰੀ ਖਜ਼ਾਨੇ ’ਚ ਤਕਰੀਬਨ ਪ੍ਰਤੀ ਮਹੀਨਾ 13.53 ਕਰੋੜ ਅਤੇ ਸਲਾਨਾ 162.36 ਕਰੋੜ ਰੁਪਏ ਦੀ ਬੱਚਤ ਹੋਵੇਗੀ।
ਇਲੈਕਟ੍ਰਾਨਿਕ ਬੈਨੀਫ਼ਿਟ ਟਰਾਂਸਫ਼ਰ (EBT) ਸਿਸਟਮ ਰਾਹੀਂ ਦਿੱਤੀ ਜਾਵੇਗੀ ਪੈਨਸ਼ਨ
ਉਨ੍ਹਾਂ ਦੱਸਿਆ ਕਿ ਮ੍ਰਿਤਕ ਲਾਭਪਾਤਰੀਆਂ ਦੀ ਸ਼ਨਾਖਤ ਨਾਲ ਜਿੱਥੇ ਸਰਕਾਰ ਦੇ ਵਿੱਤੀ ਨੁਕਸਾਨ ਨੂੰ ਠੱਲ ਪਵੇਗੀ ਉੱਥੇ ਹੀ ਇਸ ਰਾਸ਼ੀ ਨਾਲ ਲੋੜਵੰਦ ਲੋਕਾਂ ਦੀ ਸਹਾਇਤਾ ਕੀਤਾ ਜਾ ਸਕੇਗੀ। ਇਸ ਦੇ ਨਾਲ ਹੀ ਪੈਨਸ਼ਨਰਾਂ ਨੂੰ ਪੈਨਸ਼ਨ ਦੀ ਅਦਾਇਗੀ ਲਈ ਇਲੈਕਟ੍ਰਾਨਿਕ ਬੈਨੀਫ਼ਿਟ ਟਰਾਂਸਫ਼ਰ (EBT) ਸਿਸਟਮ ਰਾਹੀਂ ਦਿੱਤੀ ਜਾਵੇਗੀ। ਬੈਂਕ ਵਲੋਂ ਨਿਯਕਤ ਕੀਤੇ ਗਏ ਬਿਜ਼ਨੈਸ ਕਾਰਸਪੋਡੈਂਟ ਰਾਹੀ ਲਾਭਪਾਤਰੀਆਂ ਨੂੰ ਪੈਨਸ਼ਨ ਦਾ ਭੁਗਤਾਨ ਕੀਤਾ ਜਾਵੇਗਾ।
ਨਵੇਂ ਸਿਸਟਮ ਨਾਲ ਜਿੱਥੇ ਬੁੱਢੇ ਪੈਨਸ਼ਨਰਾਂ ਨੂੰ ਬੈਂਕਾਂ ਦੀਆਂ ਕਤਾਰਾਂ ’ਚ ਨਹੀਂ ਖੜ੍ਹਨਾ ਪਵੇਗਾ। ਪੰਜਾਬ ਸਰਕਾਰ ਦੁਆਰਾ ਦੋ ਪਾਇਲਟ ਪ੍ਰੋਜੈਕਟ ਜ਼ਿਲ੍ਹਾ ਸੰਗਰੂਰ ਅਤੇ ਸ੍ਰੀ ਮੁਕਤਸਰ ਸਾਹਿਬ ’ਚ ਸ਼ੁਰੂ ਕੀਤੇ ਜਾਣਗੇ, ਇਸ ਬਾਰੇ ਬੈਂਕਾਂ ਨਾਲ ਤਾਲਮੇਲ ਬਿਠਾਇਆ ਜਾ ਰਿਹਾ ਹੈ।