ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਚੜ੍ਹਿਆ ਪਾਰਾ, ਐੱਸਐੱਸਪੀ ਨੇ ਮੀਟਿੰਗ ’ਚੋਂ ਕੀਤਾ ਵਾਕ-ਆਊਟ
ਕੁਝ ਦਿਨ ਪਹਿਲਾਂ ਕੋਟਕਪੂਰਾ ’ਚ ਇੱਕ ਥਾਣੇਦਾਰ ਵਲੋਂ ਹੁੱਲੜਬਾਜ਼ੀ ਕਰ ਰਹੇ ਕੁਝ ਵਿਅਕਤੀਆਂ ’ਤੇ ਦਰਜ ਕੀਤਾ ਮਾਮਲਾ ਵੀ ਤਲਖ਼ੀ ਦਾ ਕਾਰਨ ਬਣਿਆ।
Aam Aadmi Party News: ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਜ਼ਿਲ੍ਹਾ ਫ਼ਰੀਦਕੋਟ ਦੇ ਐੱਸ. ਐੱਸ. ਪੀ. ਰਾਜਪਾਲ ਸਿੰਘ ਸੰਧੂ ਵਿਚਾਲੇ ਬੀਤੇ ਦਿਨ ਕੁਝ ਮੱਦਿਆਂ ਨੂੰ ਲੈਕੇ ਤਿੱਖੀ ਗਹਿਮਾ ਗਹਿਮੀ ਵੇਖਣ ਨੂੰ ਮਿਲੀ। ਗੱਲ ਇੱਥੇ ਤੱਕ ਵੱਧ ਗਈ ਕਿ ਜ਼ਿਲ੍ਹਾ ਪੁਲਿਸ ਮੁਖੀ ਮੀਟਿੰਗ ’ਚੋਂ ਉੱਠ ਕੇ ਚੱਲ ਗਏ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੋਟਕਪੂਰਾ ਦੇ ਇੱਕ ਆਮ ਆਦਮੀ ਪਾਰਟੀ ਦੇ ਆਗੂ ’ਤੇ ਪਰਚਾ ਦਰਜ ਹੋਣ ਕਾਰਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੁਲਿਸ ਵਿਭਾਗ ਨਾਲ ਨਰਾਜ਼ਗੀ ਪ੍ਰਗਟਾਈ ਸੀ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਕੋਟਕਪੂਰਾ ’ਚ ਇੱਕ ਥਾਣੇਦਾਰ ਵਲੋਂ ਹੁੱਲੜਬਾਜ਼ੀ ਕਰ ਰਹੇ ਕੁਝ ਵਿਅਕਤੀਆਂ ’ਤੇ ਦਰਜ ਕੀਤਾ ਮਾਮਲਾ ਵੀ ਤਲਖ਼ੀ ਦਾ ਕਾਰਨ ਬਣਿਆ।
ਦਰਅਸਲ ਪੁਲਿਸ ਮੁਖੀ ਨੇ ਕੋਟਕਪੂਰਾ ਦੇ ਥਾਣੇਦਾਰ ਦੀ ਬਦਲੀ ਪਠਾਨਕੋਟ ਕੀਤੇ ਜਾਣ ਦਾ ਵਿਰੋਧ ਕੀਤਾ ਸੀ।
ਜਦੋਂ ਇਸ ਗੱਲ ਦੀ ਪੁਸ਼ਟੀ ਲਈ ਸਪੀਕਰ ਸੰਧਵਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੀਟਿੰਗ ’ਚ ਉਨ੍ਹਾਂ ਨੇ ਪੁਲਿਸ ਦੀ ਲਾਪਰਵਾਹੀ ਦੇ ਮੁੱਦੇ ਚੁੱਕੇ ਸਨ ਅਤੇ ਪੁੱਛਿਆ ਕਿ ਸਰਕਾਰ ਦੁਆਰਾ ਕੀਤੀ ਜਾ ਰਹੀ ਸਖ਼ਤੀ ਦੇ ਬਾਵਜੂਦ ਨਸ਼ਾ ਤਸਕਰੀ ਕਿਉਂ ਨਹੀਂ ਘੱਟ ਰਹੀ ਤੇ ਆਪ ਆਗੂਆਂ ਦੀ ਸੁਣਵਾਈ ਕਿਉਂ ਨਹੀਂ ਹੋ ਰਹੀ?
ਉੱਧਰ ਜ਼ਿਲ੍ਹਾ ਪੁਲਿਸ ਮੁਖੀ ਨੇ ਸਿਰਫ਼ ਇਨ੍ਹਾ ਹੀ ਕਿਹਾ ਕਿ ਉਹ ਇਸ ਮਸਲੇ ’ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਜਦੋਂ ਇਹ ਸਾਰਾ ਘਟਨਾਕ੍ਰਮ ਹੋਇਆ ਤਾਂ ਉਸ ਸਮੇਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਅਤੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਵੀ ਮੌਕੇ ’ਤੇ ਹਾਜ਼ਰ ਸਨ।