ਦਿੱਲੀ ’ਚ ਵੀ ਬਣਾਏ ਸਨ `ਆਪ` ਨੇ 200 ਮੁਹੱਲਾ ਕਲੀਨਿਕ, ਅੱਜ ਸਿਰਫ਼ 60 ਚੱਲ ਰਹੇ: ਸੁਖਬੀਰ ਬਾਦਲ
ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਬੀਤੇ ਕੱਲ੍ਹ ਪਾਰਟੀ ਵਰਕਰਾਂ ਨਾਲ ਮੀਟਿੰਗ ਲਈ ਜਲੰਧਰ ਪਹੁੰਚੇ। ਜਿੱਥੇ ਉਨ੍ਹਾਂ ਨੇ ਮੀਟਿੰਗ ਦੌਰਾਨ ਆਉਣ ਵਾਲੀਆਂ ਕਾਰਪੋਰੇਸ਼ਨ ਚੋਣਾਂ ਲਈ ਅਕਾਲੀ ਵਰਕਰਾਂ ਨਾਲ ਵਿਚਾਰ ਚਰਚਾ ਕੀਤੀ।
ਚੰਡੀਗੜ੍ਹ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬੀਤੇ ਕੱਲ੍ਹ ਪਾਰਟੀ ਵਰਕਰਾਂ ਨਾਲ ਮੀਟਿੰਗ ਲਈ ਜਲੰਧਰ ਪਹੁੰਚੇ। ਇਸ ਮੀਟਿੰਗ ਉਪਰੰਤ ਉਨ੍ਹਾਂ ਸ਼ਹਿਰ ਦੇ ਨਿੱਜੀ ਹੋਟਲ ’ਚ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆ ਕਿਹਾ ਕਿ ਉਹ ਕਾਰੋਪਰੇਸ਼ਨ ਦੀਆਂ ਆਉਣ ਵਾਲੀਆਂ ਚੋਣਾਂ ਸਬੰਧੀ ਵਰਕਰਾਂ ਨੂੰ ਲਾਮਬੰਦ ਕਰਨ ਆਏ ਹਨ।
ਉਨ੍ਹਾਂ ਇਸ ਮੌਕੇ ਅਕਾਲੀ ਸਰਕਾਰ ਦੀਆਂ ਉਪਲਬਧੀਆਂ ਗਿਣਾਉਂਦੇ ਕਿਹਾ ਕਿ ਜਿਹੜੇ ਸੇਵਾ ਕੇਂਦਰ ਅਕਾਲੀ ਸਰਕਾਰ ਵੇਲੇ ਬਣਾਏ ਗਏ ਸਨ, ਉਨ੍ਹਾਂ ਸੇਵਾ ਕੇਂਦਰਾਂ ਦੀਆਂ ਬਿਲਡਿੰਗਾਂ ’ਚ ਹੁਣ ਆਮ ਆਦਮੀ ਪਾਰਟੀ 'ਮੁਹੱਲਾ ਕਲੀਨਿਕ' ਖੋਲ੍ਹਣ ਜਾ ਰਹੀ ਹੈ। ਬਾਦਲ ਨੇ ਕੇਜਰੀਵਾਲ ਸਰਕਾਰ ਦੀ ਪੋਲ ਖੋਲ੍ਹਦਿਆਂ ਕਿਹਾ ਦਿੱਲੀ ’ਚ ਵੀ 'ਆਪ' ਨੇ 200 ਮੁਹੱਲਾ ਕਲੀਨਿਕ ਬਣਾਏ ਸਨ ਜਿਨ੍ਹਾਂ ਵਿਚੋਂ ਅੱਜ ਸਿਰਫ਼ 60 ਚੱਲ ਰਹੇ ਹਨ, ਬਾਕੀ ਖੰਡਰ ਬਣ ਗਏ ਹਨ।
ਪੰਜਾਬ ਨੂੰ ਮੁੱਖ ਮੰਤਰੀ ਮਾਨ ਨਹੀਂ ਬਲਕਿ ਰਾਘਵ ਚੱਢਾ ਚਲਾ ਰਹੇ ਹਨ: ਸੁਖਬੀਰ ਬਾਦਲ
ਅਕਾਲੀ ਦਲ ਦੇ ਪ੍ਰਧਾਨ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਵੀ ਸ਼ਬਦੀ ਹਮਲਾ ਬੋਲਿਆ। ਉਨ੍ਹਾਂ ਕਿਹਾ ਪੰਜਾਬ ’ਚ ਸਰਕਾਰ ਮੁੱਖ ਮੰਤਰੀ ਭਗਵੰਤਮ ਮਾਨ ਨਹੀਂ ਬਲਕਿ ਰਾਘਵ ਚੱਢਾ ਚਲਾ ਰਹੇ ਹਨ। ਇਸ ਦੌਰਾਨ ਉਨ੍ਹਾਂ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਵਾਲੇ ਰਾਜ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਬਿਆਨ ’ਤੇ ਪ੍ਰਤੀਕਰਮ ਦਿੰਦਿਆ ਕਿਹਾ ਕਿ ਇਹ ਕਾਫ਼ੀ ਨਿੰਦਣਯੋਗ ਗੱਲ ਹੈ, ਮਾਨ ਸਾਹਬ ਨੂੰ ਇਹੋ ਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਮਨਪ੍ਰੀਤ ਇਆਲੀ ਦੇ ਬਿਆਨ ’ਤੇ ਸੁਖਬੀਰ ਬਾਦਲ ਨੇ ਤੋੜੀ ਚੁੱਪੀ
ਸੁਖਬੀਰ ਸਿੰਘ ਬਾਦਲ ਨੇ ਪਹਿਲੀ ਵਾਰ ਵਿਧਾਇਕ ਮਨਪ੍ਰੀਤ ਇਆਲੀ ਦੇ ਮਾਮਲੇ ’ਤੇ ਚੁੱਪ ਤੋੜੀ। ਉਨ੍ਹਾਂ ਕਿਹਾ ਕਿ "ਨਿੱਜੀ ਤੌਰ ’ਤੇ ਬੰਦਾ ਜੋ ਮਰਜੀ ਕਰੇ, ਸਾਨੂੰ ਉਸਦਾ ਜਵਾਬ ਦੇਣ ਦੀ ਜ਼ਰੂਰਤ ਨਹੀਂ।" ਇਹ ਕਹਿਕੇ ਉਹ ਇਆਲੀ ਦੇ ਮਾਮਲੇ ’ਚ ਪੱਤਰਕਾਰਾਂ ਸਾਹਮਣੇ ਬੋਲਣ ਤੋਂ ਕਿਨਾਰਾ ਕਰ ਗਏ। ਦੱਸ ਦੇਈਏ ਕਿ ਜਿੱਥੇ ਅਕਾਲੀ ਦਲ ਵਲੋਂ ਐੱਨਡੀਏ ਦੀ ਉਮੀਦਵਾਰ ਦਰੋਪਦੀ ਮੁਰਮੂ ਦਾ ਸਮਰਥਨ ਕੀਤਾ ਸੀ, ਉੱਥੇ ਹੀ ਮਨਪ੍ਰੀਤ ਇਆਲੀ ਨੇ ਐੱਨਡੀਏ ਦੀ ਉਮੀਦਵਾਰ ਦੋਰਪਦੀ ਮੁਰੂਮ ਨੂੰ ਵੋਟ ਨਹੀਂ ਪਾਈ ਸੀ।