`ਆਪ` ਵਿਧਾਇਕਾ ਬਲਜਿੰਦਰ ਕੌਰ ਘਰੇਲੂ ਹਿੰਸਾ ਦਾ ਸ਼ਿਕਾਰ ? ਮਹਿਲਾ ਕਮਿਸ਼ਨ ਲਵੇਗਾ ਨੋਟਿਸ
ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਘਰੇਲੂ ਹਿੰਸਾ ਦੇ ਇਸ ਮਾਮਲੇ `ਚ ਵਿਧਾਇਕ ਦੇ ਪਤੀ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਉਨ੍ਹਾਂ ਨੇ ਵੀਡੀਓ ਦੇਖੀ ਹੈ ਅਤੇ ਉਹ ਇਸ ਘਟਨਾ ਦਾ ਖੁਦ ਨੋਟਿਸ ਲਵੇਗੀ।
ਚੰਡੀਗੜ: ਪੰਜਾਬ ਦੇ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਸੀਨੀਅਰ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨਾਲ ਘਰੇਲੂ ਹਿੰਸਾ ਦਾ ਮਾਮਲਾ ਸਾਹਮਣੇ ਆਇਆ ਹੈ। 'ਆਪ' ਵਿਧਾਇਕਾ ਬਲਜਿੰਦਰ ਕੌਰ ਨੂੰ ਉਸ ਦੇ ਪਤੀ ਵੱਲੋਂ ਥੱਪੜ ਮਾਰਨ ਦੀ ਕਥਿਤ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਜਦੋਂ ਕੁਝ ਲੋਕਾਂ ਨੇ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਸੀ। ਫਿਲਹਾਲ ਮਹਿਲਾ ਵਿਧਾਇਕ ਵੱਲੋਂ ਥੱਪੜ ਮਾਰਨ ਸਬੰਧੀ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।
1 ਮਹੀਨਾ ਪੁਰਾਣੀ ਦੱਸੀ ਜਾ ਰਹੀ ਵੀਡੀਓ
ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ 1 ਮਹੀਨਾ ਪੁਰਾਣੀ ਹੈ, ਜਿਸ ਵਿਚ ਬਲਜਿੰਦਰ ਕੌਰ ਆਪਣੇ ਪਤੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਕਰ ਰਹੇ ਹਨ। ਫਿਰ ਅਚਾਨਕ ਉਹਨਾਂ ਦਾ ਪਤੀ ਸੁਖਰਾਜ ਸਿੰਘ ਉੱਠਦਾ ਹੈ ਅਤੇ ਵਿਧਾਇਕਾ ਪਤਨੀ ਨੂੰ ਥੱਪੜ ਜੜ ਦਿੰਦਾ ਹੈ।
ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਫਿਲਹਾਲ ਇਸ ਪੂਰੇ ਮਾਮਲੇ 'ਤੇ ਬਲਜਿੰਦਰ ਕੌਰ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਉਹਨਾਂ ਵੱਲੋਂ ਇਸ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪਰ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਅਤੇ ਲਗਾਤਾਰ ਮੀਡੀਆ ਵਿਚ ਵੀ ਇਸਦੀ ਚਰਚਾ ਕੀਤੀ ਜਾ ਰਹੀ ਹੈ।