ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਨਵ-ਨਿਯੁਕਤ 4,358 ਸਿਪਾਹੀਆਂ ਨੂੰ ਨਿਯੁਕਤੀ ਪੱਤਰ ਵੰਡਣ ਮੌਕੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ (Aam Aadmi Party) ਨੇ ਸੱਤਾ ਸੰਭਾਲਣ ਦੇ ਮਹਿਜ਼ ਪੰਜ ਮਹੀਨਿਆਂ ’ਚ ਹੀ 17,313 ਨੌਜਵਾਨਾਂ ਨੂੰ ਨਿਯੁਕਤੀ-ਪੱਤਰ ਸੌਂਪੇ ਹਨ।


COMMERCIAL BREAK
SCROLL TO CONTINUE READING


ਪੁਲਿਸ ਵਿਭਾਗ ’ਚ 5,739 ਹੋਰ ਅਸਾਮੀਆਂ ’ਤੇ ਭਰਤੀ ਜਲਦ: CM ਮਾਨ
ਮੁੱਖ ਮੰਤਰੀ ਨੇ ਨਵ-ਨਿਯੁਕਤ 4,358 ਸਿਪਾਹੀਆਂ ਨੂੰ ਨਿਯੁਕਤੀ ਪੱਤਰ ਵੰਡਣ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਸਾਰੀ ਭਰਤੀ ਪ੍ਰਕਿਰਿਆ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹੀ ਹੈ। ਉਨ੍ਹਾਂ ਜ਼ੋਰ ਦਿੰਦਿਆ ਕਿਹਾ ਕਿ ਭਰਤੀ ਪ੍ਰਕਿਰਿਆ ਦੌਰਾਨ ਸਰਕਾਰ ਦਾ ਇਕੋ-ਇੱਕ ਮਾਪਦੰਡ ਮੈਰਿਟ ਲਿਸਟ ਸੀ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਆਉਣ ਵਾਲੇ ਸਮੇਂ ਦੌਰਾਨ ਪੁਲਿਸ ਵਿਭਾਗ ’ਚ 5,739 ਹੋਰ ਅਸਾਮੀਆਂ ’ਤੇ ਭਰਤੀ ਜਲਦ ਹੀ ਕੀਤੀ ਜਾਵੇਗੀ।


 




ਨਵੇਂ ਭਰਤੀ ਨੌਜਵਾਨ, ਉੱਚ ਵਿੱਦਿਆ ਤੇ ਤਕਨੀਕੀ ਗਿਆਨ ਨਾਲ ਹਨ ਭਰਪੂਰ 
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਲਈ ਬੇਹੱਦ ਮਾਣ ਵਾਲੀ ਗੱਲ ਹੈ ਕਿ ਨਵੇਂ ਭਰਤੀ ਹੋਏ ਜਵਾਨ ਉੱਚ-ਵਿੱਦਿਆ ਹਾਸਲ ਹੋਣ ਦੇ ਨਾਲ ਨਾਲ ਤਕੀਨੀਕੀ ਗਿਆਨ ਨਾਲ ਭਰਪੂਰ ਹਨ। ਉਨ੍ਹਾਂ ਕਿਹਾ ਕਿ ਅਜੋਕੇ ਤਕਨੀਕੀ ਯੁੱਗ ’ਚ ਅਪਰਾਧ ਤੇ ਅਪਰਾਧੀਆਂ ਨਾਲ ਨਿਪਟਣ ਲਈ ਇਨ੍ਹਾਂ ਜਵਾਨਾਂ ਦੀ ਯੋਗਤਾ ਕਾਫ਼ੀ ਮਦਦਗਾਰ ਸਾਬਤ ਹੋਵੇਗੀ। ਉਨ੍ਹਾਂ 4,358 ਸਿਪਾਹੀਆਂ ਦੀ ਯੋਗਤਾ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ 103 ਪੋਸਟ-ਗਰੈਜੁਏਟ, 2607 ਗਰੈਜੁਏਟ ਅਤੇ 1648 ਸੀਨੀਅਰ ਸੈਕੰਡਰੀ ਪਾਸ ਹਨ।


 


 



33 ਫ਼ੀਸਦ ਤੋਂ ਵੱਧ ਲੜਕੀਆਂ ਨੇ ਹਾਸਲ ਕੀਤੀ ਨੌਕਰੀ
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਵਿੱਚ ਇਸ ਭਰਤੀ ਦੌਰਾਨ ਲੜਕੀਆਂ ਲਈ ਕੁੱਲ 33 ਫੀਸਦੀ ਆਸਾਮੀਆਂ ਰਾਖਵੀਆਂ ਕਰਨ ਦਾ ਇਸ਼ਤਿਹਾਰ ਦਿੱਤਾ ਗਿਆ ਸੀ ਪਰ ਲੜਕੀਆਂ ਨੇ ਸਖ਼ਤ ਮਿਹਨਤ ਨਾਲ ਇਸ ਤੋਂ ਵੀ ਜ਼ਿਆਦਾ ਆਸਾਮੀਆਂ ਹਾਸਲ ਕੀਤੀਆਂ ਹਨ। ਇਹ ਪ੍ਰਗਤੀਸ਼ੀਲ ਤੇ ਖੁਸ਼ਹਾਲ ਸਮਾਜ ਸਿਰਜਣ ਦੇ ਰਾਹ ’ਚ ਹਾਂ-ਪੱਖੀ ਸੰਕੇਤ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਮਿਹਨਤ ਸਦਕਾ ਇਸ ਨੌਕਰੀ ਦੇ ਹੱਕਦਾਰ ਬਣੇ ਹਨ, ਕਿਉਂ ਜੋ ਉਹ ਮੈਰਿਟ ਦੇ ਅਧਾਰ ’ਤੇ ਸਖ਼ਤ ਮੁਕਾਬਲੇ ’ਚੋਂ ਸਫ਼ਲ ਹੋਏ ਹਨ।