Glory Bawa News: ਪੰਜਾਬੀ ਗਾਇਕਾ ਮਰਹੂਮ ਗੁਰਮੀਤ ਬਾਵਾ ਦੀ ਬੇਟੀ ਗਲੋਰੀ ਬਾਵਾ ਵੱਲੋਂ ਸੋਸ਼ਲ ਮੀਡੀਆ ਉਪਰ ਪਾਈ ਗਈ ਇੱਕ ਪੋਸਟ ਤੋਂ ਬਾਅਦ ਕਈ ਲੋਕ ਫਰਿਸ਼ਤਾ ਬਣ ਕੇ ਬਹੁੜੇ ਹਨ। ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਗੁਰਮੀਤ ਬਾਵਾ ਦੇ ਪਰਿਵਾਰ ਦੀ ਮਦਦ ਲਈ ਹੱਥ ਅੱਗੇ ਵਧਾਇਆ ਹੈ।


COMMERCIAL BREAK
SCROLL TO CONTINUE READING

ਅਕਸ਼ੈ ਕੁਮਾਰ ਨੇ ਗਲੋਰੀ ਬਾਵਾ ਨੂੰ 25 ਲੱਖ ਰੁਪਏ ਟਰਾਂਸਫਰ ਕੀਤੇ ਹਨ। ਕਾਬਿਲੇਗੌਰ ਹੈ ਕਿ ਮਸ਼ਹੂਰ ਪੰਜਾਬੀ ਲੋਕ ਗਾਇਕ ਤੇ ਪਦਮ ਭੂਸ਼ਣ ਐਵਾਰਡੀ ਮਰਹੂਮ ਗੁਰਮੀਤ ਬਾਵਾ ਦੀ ਬੇਟੀ ਗਲੋਰੀ ਬਾਵਾ ਨੇ ਬੀਤੇ ਦਿਨੀਂ ਵਿੱਤੀ ਸੰਕਟ ਦਾ ਸਾਹਮਣਾ ਕਰਨ ਦੀ ਗੱਲ ਕਹੀ ਸੀ। ਉਹ ਸੋਸ਼ਲ ਮੀਡੀਆ 'ਤੇ ਸਰਕਾਰ ਤੋਂ ਮਦਦ ਮੰਗਦੀ ਵੀ ਨਜ਼ਰ ਆਈ।


ਗੌਰਤਲਬ ਹੈ ਕਿ ਗਲੋਰੀ ਬਾਵਾ ਦੇ ਪਰਿਵਾਰ ਕੋਲ ਪੰਜ ਦੁਕਾਨਾਂ ਹਨ ਜੋ ਉਸ ਦੀ ਰੋਜ਼ੀ-ਰੋਟੀ ਦਾ ਸਾਧਨ ਹਨ ਪਰ ਕੁਝ ਲੋਕਾਂ ਨੇ ਦੁਕਾਨਾਂ ਉਪਰ ਨਾਜਾਇਜ਼ ਕਬਜ਼ ਕੀਤਾ ਹੈ। ਉਹ ਲੋਕ ਨਾ ਤਾਂ ਕਿਰਾਇਆ ਦੇ ਰਹਨ ਅਤੇ ਨਾ ਹੀ ਦੁਕਾਨਾਂ ਖਾਲੀ ਕਰ ਰਹੇ ਹਨ। ਇਸ ਤੋਂ ਇਲਾਵਾ ਘਰ ਦੇ ਹਾਲਾਤ ਕਾਰਨ ਉਹ ਸ਼ੋਅ ਵੀ ਨਹੀਂ ਕਰ ਪਾ ਰਹੇ।


ਭੈਣ ਲਾਚੀ ਬਾਵਾ ਦੇ ਦੇਹਾਂਤ ਮਗਰੋਂ ਵਧੀਆਂ ਮੁਸ਼ਕਲਾਂ


ਅਜਿਹੇ 'ਚ ਅਕਸ਼ੈ ਕੁਮਾਰ ਨੇ ਅੱਗੇ ਆ ਕੇ ਇਕ ਭਰਾ ਵਾਂਗ ਉਨ੍ਹਾਂ ਦੀ ਮਦਦ ਕੀਤੀ। ਕਾਬਿਲੇਗੌਰ ਹੈ ਕਿ ਗਲੋਰੀ ਬਾਵਾ ਦੀ ਭੈਣ ਲਾਚੀ ਬਾਵਾ ਦੇ ਦੇਹਾਂਤ ਮਗਰੋਂ ਉਹ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਹੈ। ਇਸ ਤੋਂ ਬਾਅਦ ਗਲੋਰੀ ਬਾਵਾ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਆਪਣੇ ਪਰਿਵਾਰ ਦੀ ਦੇਖਭਾਲ ਕਰਨ ਦੇ ਨਾਲ-ਨਾਲ ਗਲੋਰੀਲਾਚੀ ਬਾਵਾ ਦੇ ਬੱਚਿਆਂ ਦੀ ਦੇਖਭਾਲ ਵੀ ਕਰ ਰਹੀ ਸੀ। ਪਰ ਉਸਦੀ ਭੈਣ ਦੇ ਚਲੇ ਜਾਣ ਤੋਂ ਬਾਅਦ ਉਹ ਸ਼ੋਅ ਨਹੀਂ ਕਰ ਸਕੀ ਅਤੇ ਪਰਿਵਾਰ ਦੀ ਆਰਥਿਕ ਹਾਲਤ ਵਿਗੜ ਗਈ। 


ਮੈਨੇਜਰ ਨੇ ਫੋਨ ਕਰਕੇ ਅਦਾਕਾਰ ਵੱਲੋਂ ਪੈਸੇ ਟਰਾਂਸਫਰ ਕਰਨ ਦੀ ਗੱਲ ਦੱਸੀ


ਗਲੋਰੀ ਬਾਵਾ ਨੇ ਦੱਸਿਆ ਕਿ ਉਸ ਨੂੰ ਬੈਂਕ ਦੇ ਮੈਨੇਜਰ ਦਾ ਫੋਨ ਆਇਆ, ਜਿਸ ਤੋਂ ਬਾਅਦ ਉਸ ਨੂੰ ਇਸ ਬਾਰੇ ਪਤਾ ਲੱਗਾ। ਬੈਂਕ ਮੈਨੇਜਰ ਨੇ ਦੱਸਿਆ ਕਿ ਅਕਸ਼ੈ ਕੁਮਾਰ ਭਾਟੀਆ ਨੇ ਉਸ ਦੇ ਬੈਂਕ ਖਾਤੇ ਵਿੱਚ 25 ਲੱਖ ਰੁਪਏ ਟਰਾਂਸਫਰ ਕੀਤੇ ਹਨ। ਉਹ ਇਸ ਗੱਲ ਤੋਂ ਵੀ ਹੈਰਾਨ ਹੈ ਕਿ ਅੱਜ ਤੱਕ ਉਹ ਅਕਸ਼ੈ ਕੁਮਾਰ ਨੂੰ ਨਹੀਂ ਮਿਲੀ ਅਤੇ ਨਾ ਹੀ ਉਸ ਨਾਲ ਕਦੇ ਗੱਲ ਹੋਈ ਹੈ।


ਗੁਰਮੀਤ ਬਾਵਾ ਦਾ ਸਫ਼ਰ


ਗੁਰਮੀਤ ਬਾਵਾ ਦਾ ਜਨਮ 1944 ਵਿੱਚ ਪਿੰਡ ਕੋਠੇ ਗੁਰਦਾਸਪੁਰ ਵਿੱਚ ਹੋਇਆ। ਗੁਰਮੀਤ ਦਾ ਵਿਆਹ ਕਿਰਪਾਲ ਬਾਵਾ ਨਾਲ ਹੋਇਆ ਹੈ। ਗੁਰਮੀਤ ਨੇ ਵਿਆਹ ਤੋਂ ਬਾਅਦ ਆਪਣੀ ਪੜ੍ਹਾਈ ਪੂਰੀ ਕੀਤੀ। ਉਹ ਕਿਰਪਾਲ ਬਾਵਾ ਹੀ ਸੀ ਜਿਸਨੇ ਗੁਰਮੀਤ ਨੂੰ ਜੇ.ਬੀ.ਟੀ. ਕਰਵਾਈ ਅਤੇ ਅਧਿਆਪਕ ਬਣਨ ਵਾਲੀ ਆਪਣੇ ਖੇਤਰ ਦੀ ਪਹਿਲੀ ਔਰਤ ਸੀ।


ਗੁਰਮੀਤ ਦੀ ਆਵਾਜ਼ ਬਹੁਤ ਸੁਰੀਲੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ। ਇਸ ਦੌਰਾਨ ਉਨ੍ਹਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਜਿਸ ਸਮੇਂ ਲੜਕੀਆਂ ਘਰ ਵਿਚੋਂ ਪੈਰ ਬਾਹਰ ਨਹੀਂ ਰੱਖਣ ਦਿੰਦੇ ਸਨ ਉਸ ਸਮੇਂ ਮੁੰਬਈ ਪੁੱਜ ਗਏ ਸਨ। ਉਸ ਦੇ ਪਤੀ ਨੇ ਉਸ ਦਾ ਸਾਥ ਦਿੱਤਾ ਅਤੇ ਉਹ ਮੁੰਬਈ ਵੀ ਪਹੁੰਚ ਗਈ। 


ਗੁਰਮੀਤ ਬਾਵਾ ਨੂੰ ਲੰਬੀ ਹੇਕ ਲਈ ਅੱਜ ਵੀ ਕੀਤਾ ਜਾਂਦੈ ਯਾਦ


ਗੁਰਮੀਤ ਬਾਵਾ ਨੂੰ ਲੰਬੀ ਹੇਕ ਦੀ ਮੱਲਿਕਾ ਕਿਹਾ ਜਾਂਦਾ ਸੀ। ਅੱਜ ਤੱਕ ਕੋਈ ਵੀ ਉਸਦਾ ਰਿਕਾਰਡ ਨਹੀਂ ਤੋੜ ਸਕਿਆ ਹੈ। ਉਹ 45 ਸਕਿੰਟ ਦੇ ਹੇਕ ਲਗਾਉਂਦੇ ਸਨ। ਪੁਰਾਣੇ ਸਮਿਆਂ ਵਿੱਚ, ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੀਆਂ ਫਿਲਮਾਂ ਅਤੇ ਗੀਤਾਂ ਵਿੱਚ ਜੋ ਵੀ ਬੋਲੀਆਂ ਦੀ ਵਰਤੋਂ ਕੀਤੀ ਜਾਂਦੀ ਸੀ, ਉਨ੍ਹਾਂ ਵਿੱਚੋਂ ਜ਼ਿਆਦਾਤਰ ਗੁਰਮੀਤ ਦੀ ਆਵਾਜ਼ ਸੀ। ਪਰ ਚਾਰ ਸਾਲ ਪਹਿਲਾਂ ਉਸ ਦੀ ਬੇਟੀ ਲਾਚੀ ਬਾਵਾ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਹ ਬਿਮਾਰ ਰਹਿਣ ਲੱਗੀ ਅਤੇ ਤਿੰਨ ਸਾਲ ਪਹਿਲਾਂ ਉਸ ਦੀ ਮੌਤ ਹੋ ਗਈ।