ਪੰਜਾਬ ਵਿਚ ਅਗਨੀਪਥ ਯੋਜਨਾ ਫੇਲ੍ਹ, ਹੁਣ ਨਹੀਂ ਲੱਗਣਗੇ ਕੈਂਪ, ਜਾਣੋ ਵਜ੍ਹਾ
ਪੰਜਾਬ ਦੇ ਵਿਚ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਮੁਧੜੇ ਮੂੰਹ ਡਿੱਗ ਪਈ ਹੈ।ਪੰਜਾਬ ਵਿਚ ਇਸਦੀ ਭਰਤੀ ਨੂੰ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ ਅਤੇ ਨਾ ਹੀ ਸਥਾਨਕ ਪ੍ਰਸ਼ਾਸਨ ਨੇ ਕੋਈ ਸਹਿਯੋਗ ਕੀਤਾ।
ਚੰਡੀਗੜ: ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦਾ ਸਾਰੇ ਪਾਸੇ ਵਿਰੋਧ ਕੀਤਾ ਗਿਆ।ਕੇਂਦਰ ਦੀ ਇਹ ਯਜਨਾ ਲਗਾਤਾਰ ਵਿਵਾਦਾਂ ਵਿਚ ਰਹੀ ਅਤੇ ਹੁਣ ਪੰਜਾਬ ਵਿਚ ਇਹ ਯੋਜਨਾ ਫੇਲ੍ਹ ਹੁੰਦੀ ਵਿਖਾਈ ਦੇ ਰਹੀ ਹੈ। ਇਸ ਯੋਜਨਾ ਲਈ ਪੰਜਾਬ ਸਰਕਾਰ ਸਹਿਯੋਗ ਨਹੀਂ ਕਰ ਰਹੀ ਅਤੇ ਇਸ ਯੋਜਨਾ ਤਹਿਤ ਭਰਤੀ ਪ੍ਰਕਿਰਿਆ ਵਿਚ ਕੋਈ ਵੀ ਰੁਝਾਨ ਨਹੀਂ ਵਿਖਾਇਆ ਜਾ ਰਿਹਾ। ਇਸ ਲਈ ਫੌਜ ਵੱਲੋਂ ਪੰਜਾਬ ਵਿਚ ਭਰਤੀ ਦੇ ਕੈਂਪ ਬੰਦ ਕੀਤੇ ਜਾ ਰਹੇ ਹਨ ਅਤੇ ਦੂਜੇ ਸੂਬੇ ਹਰਿਆਣਾ ਵਿਚ ਸ਼ੁਰੂਆਤ ਕੀਤੀ ਜਾ ਰਹੀ ਹੈ।
8 ਸਤੰਬਰ ਤੋਂ ਸ਼ੁਰੂ ਕੀਤੀ ਗਈ ਸੀ ਭਰਤੀ ਪ੍ਰਕਿਰਿਆ
8 ਸਤੰਬਰ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਅਗਨੀਪਥ ਯੋਜਨਾ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਜਿਸ ਤਹਿਤ ਫੌਜੀ ਕੈਂਪ ਲਗਾਏ ਗਏ ਸਨ। ਪਰ ਪੰਜਾਬ ਸਰਕਾਰ ਦੇ ਰੁਜ਼ਗਾਰ ਅਤੇ ਹੁਨਰ ਵਿਕਾਸ ਮੰਤਰਾਲੇ ਵੱਲੋਂ ਹੱਥ ਖੜੇ ਕਰ ਦਿੱਤੇ ਗਏ। ਕਿਉਂਕਿ ਉਹਨਾਂ ਵੱਲੋਂ ਜੋ ਹਵਾਲਾ ਦਿੱਤਾ ਗਿਆ ਉਸ ਵਿਚ ਕਿਹਾ ਗਿਆ ਸੀ ਕਿ ਸਥਾਨਕ ਪ੍ਰਸ਼ਾਸਨ ਵੱਲੋਂ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਇਸ ਭਰਤੀ ਪ੍ਰਕਿਰਿਆ ਨੂੰ ਸਿਰੇ ਨਹੀਂ ਚੜਾਇਆ ਜਾ ਸਕਦਾ। ਜ਼ਿਕਰਯੋਗ ਹੈ ਕਿ ਫੌਜ ਦੀ ਬਹਾਲੀ ਵਿੱਚ ਕੁਝ ਜ਼ਰੂਰੀ ਸਹਾਇਤਾ ਸਥਾਨਕ ਪ੍ਰਸ਼ਾਸਨ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਵਿਚ ਕਾਨੂੰਨ ਵਿਵਸਥਾ, ਸੁਰੱਖਿਆ, ਭੀੜ ਕੰਟਰੋਲ, ਬੈਰੀਕੇਡਿੰਗ ਆਦਿ ਲਈ ਪੁਲਿਸ ਸਹਾਇਤਾ ਸ਼ਾਮਲ ਹੈ। ਪਰ ਇਸ ਭਰਤੀ ਦੌਰਾਨ ਪ੍ਰਸ਼ਾਸਨ ਵੱਲੋਂ ਇਹ ਸਹਾਇਤਾ ਮੁਹੱਈਆ ਨਹੀਂ ਕਰਵਾਈ ਗਈ।
ਪ੍ਰਸ਼ਾਸਨ ਨੇ ਨਹੀਂ ਦਿੱਤੀ ਕੋਈ ਸਹੂਲਤ
ਫੌਜ ਵੱਲੋਂ ਪ੍ਰਸ਼ਾਸਨ ਤੋਂ ਸਹਾਇਤਾ ਮੰਗੀ ਗਈ ਸੀ। ਮੈਡੀਕਲ ਅਫ਼ਸਰ, ਐਂਬੂਲੈਂਸ, ਬਾਰਿਸ਼ ਤੋਂ ਬਚਣ ਲਈ ਪ੍ਰਬੰਧ, ਪਾਣੀ, ਟਾਇਲਟ ਪ੍ਰਬੰਧ, ਖਾਣਾ ਪੀਣਾ ਅਤੇ ਮੁੱਢਲੀਆਂ ਲੋੜਾਂ ਲਈ ਪੱਤਰ ਲਿਖ ਕੇ ਸਹਾਇਤਾ ਦੀ ਬੇਨਤੀ ਕੀਤੀ ਗਈ ਸੀ। ਪਰ ਜਲੰਧਰ ਵਿਚ ਇਸ ਭਰਤੀ ਦੌਰਾਨ ਇਹਨਾਂ ਵਿਚ ਇਕ ਵੀ ਸਹਾਇਤਾ ਮੁਹੱਈਆ ਨਹੀਂ ਕਰਵਾਈ ਗਈ।ਲੁਧਿਆਣਾ ਵਿਚ ਵੀ ਇਸੇ ਤਰ੍ਹਾਂ ਦਾ ਹੀ ਵਰਤਾਰਾ ਵੇਖਣ ਨੂੰ ਮਿਿਲਆ ਅਤੇ ਗੁਰਦਾਸਪੁਰ ਵਿਚ ਵੀ ਮੌਜੂਦਾ ਸਮੇਂ ਹਾਲਾਤ ਅਜਿਹੇ ਹੀ ਹਨ।ਕੋਈ ਪ੍ਰਸ਼ਾਸਨ ਇਸ ਲਈ ਗੰਭੀਰ ਨਹੀਂ ਹੈ।ਜਿਸ ਕਰਕੇ ਇਸ ਭਰਤੀ ਨੂੰ ਨੇਪਰੇ ਨਹੀਂ ਚੜਾਇਆ ਜਾ ਸਕਦਾ।ਇਸ ਲਈ ਭਰਤੀ ਨੂੰ ਦੂਜੇ ਰਾਜ ਵਿਚ ਸ਼ਿਫਟ ਕੀਤਾ ਜਾ ਰਿਹਾ ਹੈ।
WATCH LIVE TV