ਚੰਡੀਗੜ੍ਹ: ਸੂਬੇ ’ਚ ਆਏ ਦਿਨ ਲਗਾਤਾਰ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਹੋਏ ਘਪਲੇ ਉਜਾਗਰ ਹੋ ਰਹੇ ਹਨ। ਹੁਣ ਫ਼ਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ਦੀ ਵੰਡ ’ਚ 150 ਕਰੋੜ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ।


COMMERCIAL BREAK
SCROLL TO CONTINUE READING


ਇੱਕ ਪਾਸੇ ਜਿੱਥੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਵਲੋਂ ਵਿਜੀਲੈਂਸ ਜਾਂਚ ਕਰਵਾਉਣ ਦੀ ਗੱਲ ਕਹੀ ਹੈ, ਉਥੇ ਹੀ ਉਨ੍ਹਾਂ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਇਸ ਮਾਮਲੇ ’ਚ ਪੁਛਗਿੱਛ ਕੀਤੀ ਜਾ ਸਕਦੀ ਹੈ। 


 



13 ਫ਼ੀਸਦ ਮਸ਼ੀਨਾਂ ਕਿਸਾਨਾਂ ਕੋਲ ਉਪਲਬਧ ਨਹੀਂ 
ਖੇਤੀਬਾੜੀ ਮੰਤਰੀ ਨੇ ਘਪਲੇ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਭਾਗ ਦੁਆਰਾ ਕੁਲ 83,986 ਮਸ਼ੀਨਾਂ ’ਚੋਂ 79 ਹਜ਼ਾਰ 295 ਮਸ਼ੀਨਾਂ ਦੀ ਇਨਕੁਆਰੀ ਕਰਵਾ ਲਈ ਗਈ ਹੈ, ਜੋ ਸਹੀ ਪਾਈਆਂ ਗਈਆਂ ਹਨ। ਇਨ੍ਹਾਂ ਮਸ਼ੀਆਂ ’ਚੋਂ 11, 275 (13 ਫ਼ੀਸਦ) ਮਸ਼ੀਨਾਂ ਗਾਇਬ ਹਨ, ਭਾਵ ਲਾਭਪਾਤਰੀਆਂ ਕੋਲ ਉਪਲਬਧ ਹੀ ਨਹੀਂ ਹਨ।  
ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ’ਚ ਇਹ ਘਪਲਾ 125 ਤੋਂ 150 ਕਰੋੜ ਰੁਪਏ ਦਾ ਜਾਪਦਾ ਹੈ, ਜਿਸਦੀ ਬਾਰੀਕੀ ਨਾਲ ਜਾਂਚ ਕਰਨ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਵਿਜੀਲੈਂਸ ਵਿਭਾਗ ਨੂੰ ਲਿਖਿਆ ਗਿਆ ਹੈ।


 




ਕੇਂਦਰ ਵਲੋਂ ਭੇਜੀ ਸਹੂਲਤ ਜਾਂ ਪੈਸੇ ਲਈ ਮੁੱਖ ਮੰਤਰੀ ਜ਼ਿੰਮੇਵਾਰ - ਧਾਲੀਵਾਲ
ਖੇਤੀਬਾੜੀ ਮੰਤਰੀ ਧਾਲੀਵਾਲ ਨੇ ਕਿਹਾ ਕਿ ਕੇਂਦਰ ਵਲੋਂ ਜੋ ਸਹੂਲਤ ਜਾਂ ਪੈਸਾ ਸੂਬੇ ਨੂੰ ਭੇਜਿਆ ਜਾਂਦਾ ਹੈ, ਉਸਦੀ ਪੂਰੀ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਹੁੰਦੀ ਹੈ। ਜਦੋਂ ਇਹ ਘਪਲਾ ਹੋਇਆ, ਉਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ। ਇਸ ਤੋਂ ਇਲਾਵਾ ਜਿਨ੍ਹਾਂ ਕਿਸਾਨਾਂ ਦੁਆਰਾ ਮਸ਼ੀਨਾਂ ਖ਼ਰੀਦੀਆਂ ਗਈਆਂ, ਉਨ੍ਹਾਂ ਤੋਂ ਵੀ ਪੁੱਛ-ਪੜਤਾਲ ਕੀਤੀ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਫ਼ਸਲਾਂ ਦੀ ਨਾੜ (ਰਹਿੰਦ-ਖੂੰਹਦ) ਦੀ ਸੰਭਾਲ ਸਬੰਧੀ ਮਸ਼ੀਨਾਂ ਖ਼ਰੀਦਣ ਲਈ ਪੈਸਾ ਭੇਜਿਆ ਗਿਆ ਸੀ, ਜੋ ਕਿ ਸੂਬਾ ਸਰਕਾਰ ਵਲੋਂ ਕਿਸਾਨਾਂ ਨੂੰ ਵੰਡਿਆ ਗਿਆ। 


 



ਜੇਕਰ ਵਾਕਈ ਫ਼ਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ਦੀ ਵੰਡ ’ਚ ਕੋਈ ਹੇਰਾ-ਫ਼ੇਰੀ ਹੋਈ ਹੈ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।