ਵਿਨੋਦ ਗੋਇਲ/ਮਾਨਸਾ: ਖੇਤੀਬਾੜੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਰਾਜੇਸ਼ ਕੁਮਾਰ ਰਹੇਜਾ ਦੀ ਅਗਵਾਈ ਹੇਠ ਗਠਿਤ ਟੀਮ ਨੇ ਮਾਨਸਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਨਰਮੇ ਦੀ ਫਸਲ 'ਤੇ ਗੁਲਾਬੀ ਸੁੰਡੀ ਦੇ ਹਮਲੇ ਦਾ ਜਾਇਜ਼ਾ ਲਿਆ। ਉਹਨਾਂ ਕਿਹਾ ਕਿ ਸਾਡੇ ਵੱਲੋਂ ਆਪੋ ਆਪਣੇ ਇਲਾਕਿਆਂ ਦੇ ਖੇਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਰਿਪੋਰਟ ਤਿਆਰ ਕਰਕੇ 2 ਵਜੇ ਬਠਿੰਡਾ ਡੀ. ਸੀ. ਦਫ਼ਤਰ ਵਿਚ ਹੋਣ ਵਾਲੀ ਮੀਟਿੰਗ ਵਿਚ ਮੰਤਰੀ ਸਾਹਿਬ ਨੂੰ ਸੌਂਪੀ ਜਾਵੇਗੀ ਜਿਸ 'ਤੇ ਅਗਲੀ ਰਣਨੀਤੀ ਉਲੀਕੀ ਜਾਵੇਗੀ। ਉੱਥੇ ਕਿਸਾਨਾ ਨੇ ਰੋਸ ਜ਼ਾਹਿਰ ਕਰਦਿਆਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਦੌਰੇ ਨੂੰ ਸਿਰਫ ਖ਼ਾਨਾਪੂਰਤੀ ਦੱਸਿਆ।


COMMERCIAL BREAK
SCROLL TO CONTINUE READING

 


ਖੇਤੀਬਾੜੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਰਾਜੇਸ਼ ਕੁਮਾਰ ਰਹੇਜਾ ਨੇ ਦੱਸਿਆ ਕਿ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਵਿਭਾਗ ਦੇ ਸਾਰੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ ਅਤੇ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ ਕਿ ਬਾਜ਼ਾਰ ਵਿਚ ਕੋਈ ਵੀ ਦਵਾਈ, ਬੀਜ, ਖਾਦ ਜਾਂ ਜਿਪਸਮ ਨਕਲੀ ਨਾ ਮਿਲੇ। ਉਨ੍ਹਾਂ ਕਿਹਾ ਕਿ ਮੰਤਰੀ ਜੀ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਕਿ ਇਹ ਨਾਂ ਹੋਵੇ ਕਿ ਪਿਛਲੀਆਂ ਸਰਕਾਰਾਂ ਦੀ ਤਰਾਂ ਸਾਨੂੰ ਵੀ ਮੁਆਵਜੇ ਦੇ ਸਮੇਂ ਕਿਸਾਨਾਂ ਦੇ ਖੇਤਾਂ ਵਿਚ ਜਾਣਾ ਪਵੇ ਇਸ ਲਈ ਹੁਣ ਤੋਂ ਹੀ ਸਾਰਾ ਵਿਭਾਗ ਸਤਰਕ ਹੋ ਜਾਵੇ।


 


ਉਨ੍ਹਾਂ ਕਿਹਾ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ 37 ਟੀਮਾਂ ਨਰਮਾ-ਪੱਟੀ ਦੇ 4 ਜਿਲ੍ਹਿਆਂ ਮਾਨਸਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਤੇ ਫਾਜਲਿਕਾ ਵਿਚ ਭੇਜੀਆਂ ਗਈਆਂ ਹਨ, ਜੋ ਖੇਤੀਬਾੜੀ ਮੰਤਰੀ ਦੀ ਅਗਵਾਈ ਵਿੱਚ ਆਪੋ ਆਪਣੇ ਇਲਾਕਿਆਂ ਵਿੱਚ ਜਾ ਕੇ ਖੇਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਆਪਣੀ ਰਿਪੋਰਟ ਤਿਆਰ ਕਰਨਗੀਆਂ ਅਤੇ 2 ਵਜੇ ਬਠਿੰਡਾ ਡੀ. ਸੀ. ਦਫ਼ਤਰ ਵਿਚ ਹੋਣ ਵਾਲੀ ਮੀਟਿੰਗ ਵਿੱਚ ਹਿੱਸਾ ਲੈਣਗੀਆਂ ਜਿਥੇ ਅਗਲੀ ਰਣਨੀਤੀ ਉਲੀਕੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਕਿਸਾਨਾਂ ਲਈ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਕਿਉਂਕਿ ਵਿਭਾਗ ਕੋਲ ਦਵਾਈਆਂ ਦਾ ਮੁਕੰਮਲ ਪ੍ਰਬੰਧ ਹੈ ਅਤੇ ਨਰਮੇ ਦੀ ਫਸਲ ਕੰਟਰੋਲ ਵਿਚ ਕੀਤੀ ਜਾ ਸਕਦੀ ਹੈ।


 


ਅੱਜ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੇ ਦੌਰੇ ਨੂੰ ਸਿਰਫ ਖ਼ਾਨਾਪੂਰਤੀ ਦੱਸਦਿਆਂ ਕਿਸਾਨਾਂ ਜਸਪਾਲ ਸਿੰਘ ਤੇ ਕੁਲਦੀਪ ਸਿੰਘ ਨੇ ਕਿਹਾ ਕਿ ਕਿਉਂਕਿ ਅੱਜ ਤਾਂ ਸਾਰੇ ਹੀ ਅਧਿਕਾਰੀ ਇੱਥੇ ਆਏ ਹੋਏ ਹਨ, ਪਰ ਬਾਅਦ ਵਿਚ ਕਿਸੇ ਨੇ ਵੀ ਕਿਸਾਨਾਂ ਦੀ ਕੋਈ ਸਾਰ ਨਹੀਂ ਲੈਣੀਂ ਬੇਸ਼ੱਕ ਕਿਸਾਨਾਂ ਦਾ ਨਰਮਾ ਹੋਵੇ ਜਾਂ ਨਾ ਹੋਵੇ। ਉਹਨਾਂ ਕਿਹਾ ਕਿ ਸਪਰੇਹਾਂ ਕਰਨ ਤੋਂ ਬਾਅਦ ਹੁਣ ਕਿਸਾਨਾਂ ਕੋਲ ਇਸ ਨਰਮੇਂ ਨੂੰ ਵਾਹ ਕੇ ਬਾਜਰਾ ਬੀਜਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਰਹਿ ਗਿਆ ਹੈ। ਉਹਨਾਂ ਮੰਗ ਕੀਤੀ ਕਿ ਵਿਭਾਗ ਕਿਸਾਨਾਂ ਨੂੰ ਸਰਕਾਰੀ ਰੇਟ 'ਤੇ ਵਧੀਆ ਦਵਾਈਆਂ ਮੁਹੱਈਆ ਕਰਵਾਏ।


 


WATCH LIVE TV