ਅਜਨਾਲਾ ਘਟਨਾ ਲਈ ਕਿਸ ਨੂੰ ਠਹਿਰਾਇਆ ਗਿਆ ਜ਼ਿੰਮੇਵਾਰ ? ਸੁਣੋ ਬਿਕਰਮ ਮਜੀਠੀਆ ਨੇ ਕੀ ਕਿਹਾ
Bikram Singh Majithia News: ਬਿਕਰਮ ਸਿੰਘ ਮਜੀਠੀਆ ਨੇ ਅਜਨਾਲਾ ਘਟਨਾ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ।
Bikram Singh Majithia News: ਅਜਨਾਲਾ ਘਟਨਾ ਤੋਂ ਬਾਅਦ ਪੰਜਾਬ ਦੇ ਵੱਖ- ਵੱਖ ਸਿਆਸੀ ਆਗੂਆਂ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਇਸ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅਜਨਾਲਾ ਘਟਨਾ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਦੌਰਾਨ 'ਆਪ' ਸਰਕਾਰ ਨੂੰ ਘੇਰਿਆ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ 23 ਫ਼ਰਵਰੀ ਨੂੰ ਅਮ੍ਰਿਤਪਾਲ ਤੇ ਉਨ੍ਹਾਂ ਦੇ ਸਮਰਥਕਾਂ ਦੀ ਕਾਰਵਾਈ ਬਾਰੇ ਆਪਣੀ ਪ੍ਰਤੀਕ੍ਰਿਆ ਰੱਖੀ ਹੈ।
ਉਹਨਾਂ ਨੇ ਕਿਹਾ ਕਿ ਬੀਤੇ ਦਿਨ ਅਜਨਾਲਾ ਵਿੱਚ ਜੋ ਘਟਨਾ ਹੋਈ ਹੈ ਉਹ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਿੱਜੀ ਲੜਾਈ 'ਚ ਪਾਵਨ ਸਰੂਪ ਦੀ ਆੜ ਲਈ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਿਵੇਸ਼ਕਾਂ ਨੂੰ ਲੁਭਾਉਣ ਲਈ ਪੰਜਾਬ ਵਿੱਚ ਨਿਵੇਸ਼ ਸੰਮੇਲਨ ਕਰ ਰਹੇ ਸਨ ਉਸੇ ਸਮੇਂ ਅਜਨਾਲਾ ਵਿੱਚ ਇਹ ਘਟਨਾ ਵਾਪਰੀ ਹੈ ਜਿਸ ਨੇ ਹਰ ਕਿਸੇ ਨੂੰ ਡਰਾ ਦਿੱਤਾ ਹੈ।
ਇਹ ਵੀ ਪੜ੍ਹੋ: ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਅੰਮ੍ਰਿਤਪਾਲ ਵਿਚਾਲੇ ਜ਼ੁਬਾਨੀ ਜੰਗ ਮੁੜ ਹੋਈ ਸ਼ੁਰੂ, ਕਹੀ ਇਹ ਵੱਡੀ ਗੱਲ
ਉਨ੍ਹਾਂ ਕਿਹਾ,“ਅਜਨਾਲਾ ਭਾਰਤ-ਪਾਕਿਸਤਾਨ ਤੋਂ ਬਹੁਤ ਨੇੜੇ ਹੈ ਤੇ ਉਥੇ ਥਾਣੇ ’ਤੇ ਕਬਜ਼ਾ ਕਰ ਲਿਆ ਗਿਆ। ਇਸ ਸਥਿਤੀ ਨੂੰ ਨਿਆਂਇਕ ਨਹੀਂ ਕਿਹਾ ਜਾ ਸਕਦਾ। ਅਜਿਹੀਆਂ ਘਟਨਾਵਾਂ ਕਰਕੇ ਹੀ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਗੱਲ ਕਰਨਾ ਜ਼ਰੂਰੀ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ ਥਾਣੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣਾ ਹੀ ਬੇਅਦਬੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਥਾਣੇ ਵਿੱਚ ਨਸ਼ੇੜੀ ਹਵਾਲਾਤੀ ਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਜੰਗਲ ਰਾਜ ਚੱਲ ਰਿਹਾ ਹੈ ਇਸ ਲਈ ਆਮ ਆਦਮੀ ਪਾਰਟੀ ਜਿੰਮੇਵਾਰ ਹੈ।
ਗੌਰਤਲਬ ਹੈ ਕਿ ਇਸ ਤੋਂ ਬਾਅਦ 'ਵਾਰਿਸ ਪੰਜਾਬ ਦੇ' (Amritpal Singh) ਮੁਖੀ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿੱਚ ਕੋਈ ਹਮਲਾ ਨਹੀ ਕੀਤਾ ਨਾ ਹੀ ਕੋਈ ਬੇਅਦਬੀ ਕੀਤੀ ਹੈ। ਉਹਨਾਂ ਵਿਰੁੱਧ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਅਜਨਾਲਾ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਪੁਲਿਸ ਉੱਤੇ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਕਈ ਪੁਲਿਸ ਮੁਲਾਜ਼ ਜ਼ਖ਼ਮੀ ਹੋ ਗਏ ਸਨ।