ਸ਼੍ਰੋਮਣੀ ਅਕਾਲੀ ਦਲ ਤੋਂ ਖੁੱਸ ਸਕਦੀ ਹੈ ਇਸ ਵਾਰ SGPC ਦੀ ਕਮਾਨ, ਲਗਾਤਾਰ ਵੱਧ ਰਹੀ ਅੰਦਰੂਨੀ ਧੜੇਬੰਦੀ
ਸ਼੍ਰੋਮਣੀ ਗੁਰਦੁਆਰਾ ਪ੍ਰਬਧੰਕ ਕਮੇਟੀ ਦੇ ਅਹੁਦੇਦਾਰਾਂ ਦੀ 9 ਨਵੰਬਰ ਨੂੰ ਚੋਣ ਹੋਣ ਜਾ ਰਹੀ ਹੈ। ਪਰ ਇਸ ਤੋਂ ਪਹਿਲਾਂ ਹੀ ਅਕਾਲੀ ਦਲ ’ਚ ਸਮੀਕਰਣ ਬਦਲਣੇ ਸ਼ੁਰੂ ਹੋ ਚੁੱਕੇ ਹਨ। ਜਿੱਥੇ ਇੱਕ ਪਾਸੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਤਹਿਤ ਪਾਰਟੀ ਦੇ ਸੀਨੀਅਰ ਆਗੂ ਡਾ.
ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬਧੰਕ ਕਮੇਟੀ ਦੇ ਅਹੁਦੇਦਾਰਾਂ ਦੀ 9 ਨਵੰਬਰ ਨੂੰ ਚੋਣ ਹੋਣ ਜਾ ਰਹੀ ਹੈ। ਪਰ ਇਸ ਤੋਂ ਪਹਿਲਾਂ ਹੀ ਅਕਾਲੀ ਦਲ ’ਚ ਸਮੀਕਰਣ ਬਦਲਣੇ ਸ਼ੁਰੂ ਹੋ ਚੁੱਕੇ ਹਨ।
ਜਿੱਥੇ ਇੱਕ ਪਾਸੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਤਹਿਤ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਅਤੇ ਸੁਰਜੀਤ ਸਿੰਘ ਰੱਖੜਾ ਬੀਬੀ ਜਗੀਰ ਕੌਰ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਬੇਗੋਵਾਲ਼ ਮੁਲਾਕਾਤ ਲਈ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਬੀਬੀ ਨੂੰ ਮਨਾਉਣ ਲਈ ਇਹ ਦੋਵੇਂ ਆਗੂ ਪਹੁੰਚੇ ਸਨ, ਪਰ ਬੀਬੀ ਜਗੀਰ ਕੌਰ ਚੋਣ ਲੜਨ ਲਈ ਬਜਿੱਦ ਹਨ।
ਜ਼ਿਕਰਯੋਗ ਹੈ ਕਿ ਬੀਬੀ ਜਗੀਰ ਕੌਰ ਨੇ ਬਿਆਨ ਦਿੱਤਾ ਸੀ ਕਿ ਇਸ ਵਾਰ ਐੱਸਜੀਪੀਸੀ (SGPC) ਦੀਆਂ ਚੋਣਾਂ ’ਚ ਲਿਫ਼ਾਫ਼ਾ ਕਲਚਰ ਦੀ ਬਜਾਏ ਮੈਂਬਰਾਂ ਦੀ ਰਾਏ ਜਾਣਨੀ ਚਾਹੀਦੀ ਹੈ। ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਦਿੱਤੀ ਸੀ ਕਿ ਇਸ ਵਾਰ ਐੱਸ.ਜੀ.ਪੀ.ਸੀ. ਦਾ ਪ੍ਰਧਾਨ ਲਿਫ਼ਾਫੇ 'ਚੋਂ ਨਹੀਂ ਨਿਕਲਣਾ ਚਾਹੀਦਾ, ਸਗੋਂ ਮੈਂਬਰਾਂ ਨੂੰ ਚੋਣ ਲੜਣ ਦਾ ਸੱਦਾ ਦਿੱਤਾ ਜਾਣਾ ਚਾਹੀਦਾ ਹੈ।
ਬੀਬੀ ਜਗੀਰ ਕੌਰ ਦੇ ਬਾਗੀ ਰਵਈਏ ਤੋਂ ਬਾਅਦ ਕਮੇਟੀ ਮੈਂਬਰਾਂ ਨੂੰ ਬਾਦਲ ਧੜੇ ਵਲੋਂ ਆਪਣੇ ਨਾਲ ਜੋੜਨ ਦਾ ਸਿਲਸਿਲਾ ਜਾਰੀ ਹੈ। ਪਰ ਪ੍ਰਧਾਨ ਦੀ ਚੋਣ ਬਾਦਲ ਧੜੇ ਦੇ ਅਨੁਸਾਰ ਹੋਣੀ ਮੁਸ਼ਕਿਲ ਜਾਪ ਰਹੀ ਹੈ, ਕਿਉਂਕਿ ਉੱਧਰ ਐੱਸਜੀਪੀਸੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੂੰਘਾ ਵੀ ਬਿਆਨ ਦੇ ਚੁੱਕੇ ਹਨ ਕਿ ਉਹ ਸੁਖਬੀਰ ਸਿੰਘ ਬਾਦਲ ਦੇ ਲਿਫਾਫ਼ੇ ਵਾਲੇ ਪ੍ਰਧਾਨ ਨੂੰ ਪ੍ਰਧਾਨ ਨਹੀਂ ਮੰਨਣਗੇ।
ਜਥੇਦਾਰ ਬਲਦੇਵ ਸਿੰਘ ਚੂੰਘਾ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਪਾਰਟੀ ’ਚੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ ਪਰ ਇਸਦੇ ਬਾਵਜੂਦ ਉਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਦਾ ਉਨ੍ਹਾਂ ਨੂੰ ਵਾਰ-ਵਾਰ ਫੋਨ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਹਿਲਾਂ ਵਾਂਗ ਐੱਸਜੀਪੀਸੀ ਦਾ ਪ੍ਰਧਾਨ ਲਿਫ਼ਾਫ਼ੇ ’ਚੋਂ ਕੱਢਿਆ ਗਿਆ ਤਾਂ ਉਹ ਇਸ ਵਾਰ ਜਨਤਕ ਤੌਰ ’ਤੇ ਦੀਵਾਨ ਹਾਲ ’ਚ ਸਜੇ ਹਾਊਸ ਦੌਰਾਨ ਸਾਰਿਆਂ ਸਾਹਮਣੇ ਉਸ ਦਾ ਵਿਰੋਧ ਕਰਨਗੇ।
ਹੁਣ ਵੇਖਣਾ ਹੋਵੇਗਾ ਕਿ ਅਕਾਲੀ ਦਲ ’ਚ ਲਗਾਤਾਰ ਹੋ ਰਹੀ ਬਗਾਵਤ ਦੇ ਚੱਲਦਿਆਂ ਇਸ ਵਾਰ ਐੱਸਜੀਪੀਸੀ ਦਾ ਪ੍ਰਧਾਨ ਕਿਸ ਨੂੰ ਚੁਣਿਆ ਜਾਂਦਾ ਹੈ।